Dog Attack : ਫਿਰੋਜ਼ਪੁਰ ਚ ਪਾਰਟੀ ਤੇ ਗਏ ਨੌਜਵਾਨ ਦੀ ਮਿਲੀ ਲਾਸ਼, ਆਵਾਰਾ ਕੁੱਤਿਆਂ ਵੱਲੋਂ ਨੋਚ ਕੇ ਮਾਰਨ ਦਾ ਖਦਸ਼ਾ
Ferozepur Dog Attack : ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਕੁਲਬੀਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਚੱਕ ਸੋਮੀਆ ਵਜੋਂ ਹੋਈ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਅਤੇ ਡਰ ਦਾ ਮਾਹੌਲ ਹੈ।
Dog Attack : ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚੱਕ ਸੋਮੀਆ ਵਿੱਚ ਇੱਕ ਦਰਦਨਾਕ ਅਤੇ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਪਾਰਟੀ ਤੋਂ ਘਰ ਵਾਪਸ ਆ ਰਹੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਕੁਲਬੀਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਚੱਕ ਸੋਮੀਆ (Ferozepur) ਵਜੋਂ ਹੋਈ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਅਤੇ ਡਰ ਦਾ ਮਾਹੌਲ ਹੈ।
ਪਾਰਟੀ ਤੋਂ ਆ ਰਿਹਾ ਸੀ ਨੌਜਵਾਨ ਕੁਲਬੀਰ ਸਿੰਘ
ਜਾਣਕਾਰੀ ਮੁਤਾਬਕ, ਕੁਲਬੀਰ ਸਿੰਘ ਦੇਰ ਰਾਤ ਕਿਸੇ ਪਾਰਟੀ ਤੋਂ ਆਪਣੇ ਘਰ ਵੱਲ ਵਾਪਸ ਆ ਰਿਹਾ ਸੀ। ਜਦੋਂ ਉਹ ਘਰ ਤੋਂ ਕਰੀਬ 60 ਮੀਟਰ ਦੂਰ ਪਿਸ਼ਾਬ ਕਰਨ ਲਈ ਰੁਕਿਆ, ਤਾਂ ਮੋਟਰਸਾਈਕਲ ਤੋਂ ਡਿੱਗ ਪਿਆ। ਨੌਜਵਾਨ ਦੀ ਦਾਰੂ ਪੀਤੀ ਹੋਈ ਦੱਸੀ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਇਸ ਦੌਰਾਨ ਡਿੱਗ ਗਿਆ ਤਾਂ ਉਸ 'ਤੇ ਅਚਾਨਕ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਵੱਲੋਂ ਹਮਲਾ ਕਰ ਦਿੱਤਾ ਗਿਆ। ਕੁੱਤਿਆਂ ਨੇ ਨੌਜਵਾਨ ਨੂੰ ਬੁਰੀ ਤਰ੍ਹਾਂ ਨੋਚਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ।
ਸਵੇਰੇ 7 ਵਜੇ ਲੱਗਿਆ ਪਤਾ
ਘਟਨਾ ਦਾ ਪਤਾ ਸਵੇਰੇ ਕਰੀਬ 7 ਵਜੇ ਉਸ ਸਮੇਂ ਲੱਗਾ, ਜਦੋਂ ਇੱਕ ਪਿੰਡ ਨਿਵਾਸੀ ਡੇਅਰੀ ’ਤੇ ਦੁੱਧ ਪਾਉਣ ਲਈ ਜਾ ਰਿਹਾ ਸੀ। ਉਸ ਨੇ ਰਾਹ ਵਿੱਚ ਨੌਜਵਾਨ ਦੀ ਲਾਸ਼ ਪਈ ਦੇਖੀ ਅਤੇ ਤੁਰੰਤ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। ਥਾਣਾ ਮੁਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਦਵਾਲੇ ਦੇ ਕਹਿਣ ਮੁਤਾਬਿਕ ਹੋ ਸਕਦਾ ਕੁਲਬੀਰ ਸਿੰਘ ਦੀ ਮੌਤ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ ਹੋਈ ਹੋ ਜਾ ਫਿਰ ਕੋਈ ਹੋਰ ਕਾਰਨ ਹੈ ਇਹ ਪੋਸਟਮਾਟਮ ਤੋਂ ਬਾਅਦ ਪਤਾ ਚੱਲੇਗਾ।
ਪਰਿਵਾਰ ਨੇ ਪੋਸਟਮਾਰਟਮ ਨਾ ਕਰਵਾਉਣ ਦੀ ਕੀਤੀ ਅਪੀਲ
ਉਧਰ, ਮ੍ਰਿਤਕ ਦੇ ਮਾਪਿਆਂ ਨੇ ਪੁਲਿਸ ਕੋਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਾ ਕਰਵਾਉਣ ਦੀ ਬੇਨਤੀ ਕੀਤੀ ਅਤੇ ਬਿਨਾਂ ਪੋਸਟਮਾਰਟਮ ਦੇ ਹੀ ਅੰਤਿਮ ਸੰਸਕਾਰ ਕਰਨ ਦੀ ਅਰਜ਼ੀ ਦਿੱਤੀ। ਪਰਿਵਾਰ ਦਾ ਕਹਿਣਾ ਹੈ ਕਿ ਉਹ ਹੋਰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਚਾਹੁੰਦੇ।