ਭੂਚਾਲ ਕਾਰਨ ਖੰਡਰ ਬਣੇ ਤੁਰਕੀ ਦੇ ਤਿੰਨ ਪੁਰਾਣੇ ਸ਼ਹਿਰ, ਮਰਨ ਵਾਲਿਆਂ ਦੀ ਗਿਣਤੀ 21 ਹਜ਼ਾਰ ਤੋਂ ਟੱਪੀ

By  Ravinder Singh February 10th 2023 09:34 AM

Turkey-Syria Quake : ਤੁਰਕੀ ਤੇ ਸੀਰੀਆ 'ਚ ਭੂਚਾਲ ਆਏ ਕਰੀਬ ਪੰਜ ਦਿਨ ਹੋ ਗਏ ਹਨ ਪਰ ਮਲਬੇ ਹੇਠੋਂ ਲਾਸ਼ਾਂ ਨਿਕਲਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਤੁਰਕੀ ਦੇ ਪੁਰਾਣੇ ਸ਼ਹਿਰ ਬੁਰੀ ਤਰ੍ਹਾਂ ਤਬਾਹ ਹੋ ਗਏ ਹਨ। ਇਸ ਭਿਅੰਕਰ ਤਬਾਹੀ ਦੇ ਬਾਵਜੂਦ ਲੋਕਾਂ ਨੂੰ ਆਸ ਹੈ ਕਿ ਮਲਬੇ ਹੇਠੋਂ ਉਨ੍ਹਾਂ ਦੇ ਅਜ਼ੀਜ਼ ਜ਼ਿੰਦਾ ਨਿਕਲ ਆਉਣਗੇ। ਦੋਵਾਂ ਦੇਸ਼ਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 21 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ ਅਤੇ ਇਹ ਗਿਣਤੀ ਵਧਣ ਦਾ ਖ਼ਦਸ਼ਾ ਹੈ।


ਹਜ਼ਾਰਾਂ ਲੋਕ ਹਸਪਤਾਲ ਵਿਚ ਦਾਖ਼ਲ ਹਨ। ਇਸ ਦੌਰਾਨ ਤੁਰਕੀ ਅਤੇ ਸੀਰੀਆ ਵਿਚ ਵੀ ਬਚਾਅ ਤੇ ਰਾਹਤ ਕਾਰਜ ਤੇਜ਼ ਕਰ ਦਿੱਤੇ ਗਏ ਹਨ ਅਤੇ ਮਲਬੇ ਨੂੰ ਲਗਾਤਾਰ ਹਟਾਇਆ ਜਾ ਰਿਹਾ ਹੈ। ਤੁਰਕੀ ਅਤੇ ਸੀਰੀਆ ਤੋਂ ਬਹੁਤ ਹੀ ਝੰਜੋੜਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨੇ ਤੁਰਕੀ ਅਤੇ ਸੀਰੀਆ ਲਈ ਮਦਦ ਦਾ ਹੱਥ ਵਧਾਇਆ ਹੈ ਪਰ ਇਸ ਦੇ ਬਾਵਜੂਦ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪੈਟਰੋਲ 'ਤੇ ਚੱਲਣ ਵਾਲੇ ਦੋ ਪਹੀਆ ਵਹੀਕਲਾਂ ਦੀ ਰਜਿਸਟ੍ਰੇਸ਼ਨ ਬੰਦ

ਦੋਵਾਂ ਦੇਸ਼ਾਂ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਨੇ ਤਿੰਨ ਪੁਰਾਣੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਖੰਡਰ ਵਿਚ ਬਦਲ ਦਿੱਤਾ ਹੈ। ਇਹ ਸ਼ਹਿਰ ਅੰਤਕਯਾ, ਸਨਲੀਉਰਫਾ ਅਤੇ ਅਲੇਪੋ ਹਨ, ਜੋ ਕਿ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਸ਼ਹਿਰਾਂ ਵਿਚੋਂ ਹਨ। ਦੱਖਣੀ ਮੱਧ ਤੁਰਕੀ ਦੇ ਅੰਤਾਕੀ ਸ਼ਹਿਰ ਦੀ ਆਬਾਦੀ ਲਗਭਗ 2.50 ਲੱਖ ਸੀ। ਇਸ ਸ਼ਹਿਰ ਦਾ ਵੱਡਾ ਹਿੱਸਾ ਮਲਬੇ ਵਿੱਚ ਤਬਦੀਲ ਹੋ ਚੁੱਕਾ ਹੈ। ਇਸੇ ਤਰ੍ਹਾਂ ਪੂਰਬ ਵਿਚ ਸਨਲੀਉਰਫਾ ਦੀ ਵੀ ਇਹੀ ਹਾਲਤ ਹੈ। ਇਸ ਸ਼ਹਿਰ ਨੂੰ ਸੀਰੀਆਈ ਸੱਭਿਆਚਾਰ ਦਾ ਪ੍ਰਮੁੱਖ ਕੇਂਦਰ ਮੰਨਿਆ ਜਾਂਦਾ ਸੀ। ਇਸ ਦੇ ਨਾਲ ਹੀ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ 'ਚੋਂ ਇਕ ਮੰਨਿਆ ਜਾਣ ਵਾਲਾ ਅਲੇਪੋ ਸ਼ਹਿਰ ਵੀ ਇਸ ਸਮੇਂ ਖੰਡਰ ਬਣ ਚੁੱਕਾ ਹੈ। ਭੂਚਾਲ ਤੋਂ ਪਹਿਲਾਂ ਸੀਰੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਵੀ 2012-2016 ਦਰਮਿਆਨ ਘਰੇਲੂ ਯੁੱਧ 'ਚ ਨੁਕਸਾਨਿਆ ਗਿਆ ਸੀ।

ਅਮਰੀਕਾ ਵੱਲੋਂ 85 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ ਕੀਤਾ 

ਅਮਰੀਕਾ ਨੇ ਭੂਚਾਲ ਪ੍ਰਭਾਵਿਤ ਸੀਰੀਆ ਅਤੇ ਤੁਰਕੀ ਦੀ ਮਦਦ ਲਈ 85 ਮਿਲੀਅਨ ਡਾਲਰ ਦੀ ਮਾਨਵਤਾਵਾਦੀ ਸਹਾਇਤਾ ਦਾ ਐਲਾਨ ਕੀਤਾ ਹੈ। ਅਮਰੀਕਾ ਯੂ.ਐੱਸ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ. ਐੱਸ. ਏ. ਆਈ. ਆਈ. ਡੀ.) ਰਾਹੀਂ ਦੋਵਾਂ ਦੇਸ਼ਾਂ ਨੂੰ ਫੌਰੀ ਤੌਰ 'ਤੇ 85 ਮਿਲੀਅਨ ਡਾਲਰ ਦੀ ਮਨੁੱਖੀ ਸਹਾਇਤਾ ਪ੍ਰਦਾਨ ਕਰੇਗਾ। ਮਾਨਵਤਾਵਾਦੀ ਸਹਾਇਤਾ ਵਿੱਚ ਸ਼ਰਨਾਰਥੀਆਂ ਅਤੇ ਨਵੇਂ ਵਿਸਥਾਪਿਤ ਲੋਕਾਂ ਲਈ ਐਮਰਜੈਂਸੀ ਭੋਜਨ ਅਤੇ ਆਸਰਾ, ਸਦਮੇ ਵਿੱਚ ਸਹਾਇਤਾ, ਪੀਣ ਵਾਲਾ ਸਾਫ਼ ਪਾਣੀ, ਸੈਨੀਟੇਸ਼ਨ ਅਤੇ ਸਫਾਈ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ। 

ਭਾਰਤ ਨੇ ਆਪਰੇਸ਼ਨ ਦੋਸਤ ਦੀ ਸ਼ੁਰੂਆਤ ਕੀਤੀ

ਭਾਰਤ ਨੇ ਤੁਰਕੀ 'ਚ ਭੂਚਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ 'ਆਪ੍ਰੇਸ਼ਨ ਦੋਸਤ' ਸ਼ੁਰੂ ਕੀਤਾ ਹੈ। ਇਸ ਦੇ ਜ਼ਰੀਏ ਭਾਰਤ ਨੇ ਤੁਰਕੀ ਦੇ ਲੋਕਾਂ ਦੀ ਮਦਦ ਵਧਾ ਦਿੱਤੀ ਹੈ। ਫੌਜ, ਹਵਾਈ ਸੈਨਾ, ਐਨਡੀਆਰਐਫ ਅਤੇ ਡਾਕਟਰਾਂ ਦੀਆਂ ਟੀਮਾਂ ਤੁਰਕੀ ਭੇਜੀਆਂ ਗਈਆਂ ਹਨ। ਰਾਹਤ ਸਮੱਗਰੀ ਵੀ ਵੱਡੇ ਪੱਧਰ 'ਤੇ ਭੇਜੀ ਗਈ ਹੈ। ਭਾਰਤ ਤੋਂ ਹਵਾਈ ਸੈਨਾ ਦੇ ਜਹਾਜ਼ਾਂ ਰਾਹੀਂ ਵੱਡੀ ਮਾਤਰਾ ਵਿੱਚ ਰਾਹਤ ਅਤੇ ਮੈਡੀਕਲ ਸਮੱਗਰੀ ਭੇਜੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਉਹ ਸੰਕਟ ਵਿੱਚ ਘਿਰੇ ਸੀਰੀਆ ਅਤੇ ਤੁਰਕੀ ਦੀ ਮਦਦ ਲਈ ਵਚਨਬੱਧ ਹਨ।


Related Post