Travel agent Fraud : ਗੁਰਦਾਸਪੁਰ ਚ ਟਰੈਵਲ ਏਜੰਟ ਤੇ ਵਿਦੇਸ਼ ਭੇਜਣ ਦੇ ਨਾਂਅ ਤੇ ਕਰੋੜਾਂ ਦੀ ਠੱਗੀ ਦਾ ਦੋਸ਼, ਦਫ਼ਤਰ ਅੱਗੇ ਇਕੱਠੇ ਹੋਏ ਨੌਜਵਾਨ

Travel agent Fraud : ਦਫਤਰ ਦੇ ਬਾਹਰ ਇਕੱਠੇ ਹੋਏ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਡਰੀਮ ਓਵਰਸੀਜ਼ (Dream Overseas) ਦਫਤਰ ਦਾ ਮਾਲਿਕ ਉਹਨਾਂ ਨਾਲ ਠੱਗੀ ਮਾਰ ਕੇ ਦਫਤਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ ਹੈ।

By  KRISHAN KUMAR SHARMA October 23rd 2025 05:49 PM -- Updated: October 23rd 2025 05:52 PM

Travel agent Fraud : ਪੰਜਾਬ 'ਚ ਟ੍ਰੈਵਲ ਏਜੰਟਾਂ ਵੱਲੋਂ ਭੋਲੇ-ਭਾਲੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਠੱਗੀਆਂ ਮਾਰਨ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਜੇਲ ਰੋਡ 'ਤੇ 'ਡਰੀਮ ਓਵਰਸੀਜ਼' ਨਾਮ ਦੇ ਹੇਠ ਦਫਤਰ ਚਲਾ ਰਹੇ ਇਕ ਵਿਅਕਤੀ ਉੱਪਰ ਵਿਦੇਸ਼ ਭੇਜਣ ਦੇ ਨਾਂ 'ਤੇ ਕਈ ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਆਰੋਪ ਲੱਗੇ ਹਨ। ਦਫਤਰ ਦੇ ਬਾਹਰ ਇਕੱਠੇ ਹੋਏ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਡਰੀਮ ਓਵਰਸੀਜ਼ (Dream Overseas) ਦਫਤਰ ਦਾ ਮਾਲਿਕ ਉਹਨਾਂ ਨਾਲ ਠੱਗੀ ਮਾਰ ਕੇ ਦਫਤਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ ਹੈ, ਜਿਸ ਕਰਕੇ ਉਹਨਾਂ ਨੇ ਦਫਤਰ ਦੇ ਬਾਹਰ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਹੈ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਤੋਂ ਸ਼ਿਕਾਇਤ ਲੈਕੇ ਏਜੰਟ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਦਫਤਰ ਬੰਦ, ਮਾਲਕ ਫ਼ਰਾਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਫਤਰ ਦੇ ਬਾਹਰ ਇਕੱਠੇ ਹੋਏ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਨੇ ਵਿਦੇਸ਼ ਜਾਣ ਦੇ ਲਈ ਜੇਲ ਰੋਡ 'ਤੇ ਸਥਿਤ ਡਰੀਮ ਓਵਰਸੀਜ ਦੇ ਮਾਲਕ ਨੂੰ ਲੱਖਾਂ ਰੁਪਏ ਦਿੱਤੇ ਹਨ ਅਤੇ ਹੁਣ ਇਹ ਏਜੰਟ ਉਹਨਾਂ ਦੇ ਕੋਲੋਂ ਪੈਸੇ ਲੈ ਕੇ ਦਫਤਰ ਨੂੰ ਤਾਲਾ ਲਗਾ ਕੇ ਮੌਕੇ ਤੋਂ ਫਰਾਰ ਹੋ ਚੁੱਕਾ ਹੈ ਅਤੇ ਕਈ ਨੌਜਵਾਨਾਂ ਨੂੰ ਉਸਨੇ ਆਪਣੇ ਆਧਾਰ ਕਾਰਡ ਵੀ ਗਲਤ ਦਿੱਤੇ ਹੋਏ ਹਨ, ਕਈਆਂ ਨੂੰ ਆਫਰ ਲੈਟਰ ਦਿੱਤੇ ਗਏ ਹਨ ਪਰ ਉਹਨਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਦਫਤਰ ਦੇ ਬਾਹਰ ਇਕੱਠੇ ਹੋਏ ਨੌਜਵਾਨਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਇਸ ਏਜੰਟ ਨੂੰ ਜਲਦ ਤੋਂ ਜਲਦ ਗਿਰਫਤਾਰ ਕੀਤਾ ਜਾਵੇ ਅਤੇ ਇਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਦਫਤਰ ਦੀ ਇੱਕ ਕਰਮਚਾਰੀ ਨੇ ਦੱਸਿਆ ਕਿ ਜਿਹੜੇ ਨੌਜਵਾਨ ਬਾਹਰ ਨਹੀਂ ਜਾ ਸਕੇ, ਉਹ ਹੁਣ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਧਮਕੀਆਂ ਦੇ ਰਹੇ ਹਨ। ਇਹ ਮਾਲਕ ਕਿੱਥੇ ਫਰਾਰ ਹੋ ਚੁੱਕਾ ਹੈ ਇਸ ਬਾਰੇ ਉਹਨਾਂ ਨੂੰ ਵੀ ਕੁਝ ਨਹੀਂ ਪਤਾ।

ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲ੍ਹ ਰੋਡ 'ਤੇ ਸਥਿਤ ਡਰੀਮ ਓਵਰਸੀਜ ਦਫ਼ਤਰ ਦੇ ਬਾਹਰ ਨੌਜਵਾਨ ਇਕੱਠੇ ਹੋਏ ਹਨ। ਨੌਜਵਾਨਾਂ ਨੇ ਆਰੋਪ ਲਗਾਏ ਹਨ ਕਿ ਏਜੰਟ ਨੇ ਉਹਨਾਂ ਦੇ ਨਾਲ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰੀ ਹੈ। ਉਹਨਾਂ ਨੇ ਸਾਰੇ ਨੌਜਵਾਨਾਂ ਨੂੰ ਕਿਹਾ ਕਿ ਉਹ ਥਾਣੇ ਆ ਕੇ ਏਜੰਟ ਦੇ ਖਿਲਾਫ ਸ਼ਿਕਾਇਤ ਦੇਣ ਤਾਂ ਜੋ ਏਜੰਟ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

Related Post