ਤਿਹਾੜ ਜੇਲ੍ਹ 'ਚ ਸਿਹਤ ਮੰਤਰੀ ਸਤੇਂਦਰ ਜੈਨ ਦੀਆਂ 'ਮੌਜਾਂ ਹੀ ਮੌਜਾਂ ', ਮਾਲਿਸ਼ ਕਰਵਾਉਂਦੇ ਦੀ ਵੀਡੀਓ ਵਾਇਰਲ

By  Ravinder Singh November 19th 2022 11:40 AM -- Updated: November 19th 2022 11:58 AM

ਨਵੀਂ ਦਿੱਲੀ : ਮਨੀ ਲਾਂਡਰਿੰਗ ਕੇਸ ਗ੍ਰਿਫ਼ਤਾਰ ਹੋਣ ਤੋਂ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸਿਹਤ ਮੰਤਰੀ ਸਤੇਂਦਰ ਜੈਨ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਮੰਤਰੀ ਇਕ ਅਣਪਛਾਤੇ ਵਿਅਕਤੀ ਕੋਲੋਂ ਕਥਿਤ ਤੌਰ ਉਤੇ ਮਾਲਿਸ਼ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਤੇਂਦਰ ਜੈਨ ਬੈੱਡ 'ਤੇ ਲੇਟੇ-ਲੇਟੇ ਕੁਝ ਪੜ੍ਹ ਰਹੇ ਹਨ। ਇਕ ਅਣਜਾਣ ਵਿਅਕਤੀ ਉਨ੍ਹਾਂ ਦੀ ਮਾਲਿਸ਼ ਕਰ ਰਿਹਾ ਹੈ ਤੇ ਇਸ ਤੋਂ ਇਲਾਵਾ ਉਨ੍ਹਾਂ ਦੀ ਬੈਰਕ ਵਿਚ ਇਕ ਕੁਰਸੀ ਵੀ ਪਈ ਹੋਈ ਹੈ। ਹਾਲਾਂਕਿ ਇਸ ਮਾਮਲੇ ਵਿੱਚ ਹੁਣ ਤੱਕ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਈਡੀ ਨੇ ਇਸ ਵੀਡੀਓ ਨੂੰ ਸਬੰਧਤ ਅਦਾਲਤ ਵਿੱਚ ਜਮ੍ਹਾਂ ਕਰਵਾਉਂਦੇ ਹੋਏ ਸਾਰੇ ਮਾਮਲੇ ਦੀ ਸ਼ਿਕਾਇਤ ਕੀਤੀ ਹੈ।


ਕਾਬਿਲੇਗੌਰ ਹੈਕਿ ਈਡੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਨੂੰ ਜੇਲ੍ਹ ਦੇ ਅੰਦਰ ਵੀਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਸਤੇਂਦਰ ਜੈਨ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹਰ ਤਰ੍ਹਾਂ ਦੀਆਂ ਸਹੂਲਤਾਂ ਦਾ ਫਾਇਦਾ ਉਠਾ ਰਿਹਾ ਹੈ। ਈਡੀ ਦੀ ਸ਼ਿਕਾਇਤ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਸ ਦੀ ਰਿਪੋਰਟ ਮੰਗੀ ਸੀ। 


ਕੇਂਦਰੀ ਜਾਂਚ ਏਜੰਸੀ ਈਡੀ ਨੇ ਅਦਾਲਤ ਵਿੱਚ ਇਸ ਸਬੰਧੀ ਇੱਕ ਹਲਫ਼ਨਾਮਾ ਵੀ ਦਿੱਤਾ ਸੀ, ਜਿਸ ਵਿੱਚ ਈਡੀ ਨੇ ਕਿਹਾ ਸੀ ਕਿ ਵੀਵੀਆਈਪੀ ਟਰੀਟਮੈਂਟ ਵਿੱਚ ਉਨ੍ਹਾਂ ਦੀ ਮਾਲਿਸ਼ ਕੀਤੀ ਜਾ ਰਹੀ, ਉਨ੍ਹਾਂ ਦੇ ਸਿਰ, ਪਿੱਠ ਅਤੇ ਪੈਰਾਂ ਦੀ ਮਾਲਿਸ਼ ਵੀ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਕਈ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਈਡੀ ਨੇ ਦੱਸਿਆ ਕਿ ਸਤੇਂਦਰ ਜੈਨ ਜੇਲ੍ਹ ਮੰਤਰੀ ਵੀ ਹਨ। ਇਸ ਕਾਰਨ ਉਹ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਿਹਾ ਹੈ।

ਇਹ ਵੀ ਪੜ੍ਹੋ : ਬੰਦੂਕ-ਸੱਭਿਆਚਾਰ ਨੂੰ ਠੱਲ੍ਹ ਪਾਉਣ ਸਬੰਧੀ ਸੂਬੇ 'ਚ ਮੌਜੂਦਾ ਅਸਲਾ ਲਾਇਸੰਸਾਂ ਦਾ ਜਾਇਜ਼ਾ ਲੈਣ ਸਬੰਧੀ ਹੁਕਮ ਜਾਰੀ

ਸਤੇਂਦਰ ਜੈਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਦਿੱਲੀ ਦੀ ਸਿਆਸਤ ਵਿਚ ਭੂਚਾਲ ਆ ਗਿਆ ਹੈ। ਕਾਂਗਰਸ ਤੇ ਭਾਜਪਾ ਦੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ।  ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਹ ਵੀਡੀਓ ਵਾਇਰਲ ਹੋਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਆਪਣੇ ਮੰਤਰੀਆਂ ਨੂੰ ਜੇਲ੍ਹਾਂ ਵਿਚ ਇਸ ਤਰ੍ਹਾਂ ਸੁੱਖ ਸਹੂਲਤਾਂ ਦੀਆਂ ਮੁਹੱਈਆ ਕਰਵਾ ਰਹੇ ਹਨ।ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਆਮ ਆਦਮੀ ਪਾਰਟੀ ਉਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਨਾਲ 'ਆਪ' ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ।

Related Post