ਹਰਸਿਮਰਤ ਕੌਰ ਬਾਦਲ ਨੇ ਸਾਹਿਬਜ਼ਾਦਿਆਂ ਦੀ ਯਾਦਗਾਰ ਮਨਾਉਣ ’ਤੇ ਪ੍ਰਧਾਨ ਮੰਤਰੀ ਦੀ ਕੀਤੀ ਸ਼ਲਾਘਾ

By  Jasmeet Singh December 16th 2022 08:52 PM

 ਚੰਡੀਗੜ੍ਹ, 16 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੌਮੀ ਪੱਧਰ ’ਤੇ ਯਾਦ ਕਰਨ ਲਈ ਦਿਨ ਦਾ ਨਾਂ ਪੰਥਕ ਕਦਰਾਂ ਕੀਮਤਾਂ ਅਤੇ ਖਾਲਸਾ ਪੰਥ ਦੀਆਂ ਭਾਵਨਾਵਾਂ ਤੇ ਵਿਰਸੇ ਅਨੁਸਾਰ ਰੱਖਿਆ ਜਾਵੇ।

ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਸਿੱਖਾਂ ਦੀ ਸਰਵਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਇਤਰਾਜ਼ ’ਤੇ ਗੌਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਸਿਫਾਰਸ਼ ਅਨੁਸਾਰ ਇਸ ਦਿਨ ਦਾ ਨਾਂ ’ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਿਆ ਜਾਵੇ ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਹੈ।

ਉਹਨਾਂ ਨੇ ਪ੍ਰਧਾਨ ਮੰਤਰੀ ਦਾ ਇਸ ਗੱਲੋਂ ਨਿੱਜੀ ਤੌਰ ’ਤੇ ਧੰਨਵਾਦ ਕੀਤਾ ਕਿ ਉਹਨਾਂ ਛੋਟੇ ਸਾਹਿਬਜ਼ਾਦਿਆਂ ਵੱਲੋਂ ਧਾਰਮਿਕ ਅਸਹਿਣਸ਼ੀਲਤਾ ਤੇ ਕੱਟਣਪੁਣੇ ਖ਼ਿਲਾਫ਼ ਦਿੱਤੀ ਸ਼ਹਾਦਤ ਨੂੰ ਕੌਮੀ ਪੱਧਰ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹਿਲਾਂ ਕੀਤੀ ਜਾ ਰਹੀ ਇਤਿਹਾਸਕ ਗਲਤੀ ਦਰੁੱਸਤ ਕੀਤੀ ਹੈ। ਉਹਨਾਂ ਕਿਹਾ ਕਿ ਉਹ ਅਤੇ ਉਹਨਾਂ ਦੀ ਪਾਰਟੀ ਪ੍ਰਧਾਨ ਮੰਤਰੀ ਵੱਲੋਂ ਇਸ ਮਾਮਲੇ ਵਿੱਚ ਵਿਖਾਈ ਸੰਵੇਦਨਸ਼ੀਲਤਾ ਦਾ ਦਿਲੋਂ ਧੰਨਵਾਦ ਕਰਦੀ ਹੈ।

ਉਹਨਾਂ ਕਿਹਾ ਕਿ ਦਿਨ ਦਾ ਨਾਂ ਇਸਦੀ ਸੰਵੇਦਨਸ਼ੀਲਤਾ ਅਨੁਸਾਰ ਨਹੀਂ ਹੈ। ਉਹਨਾਂ ਲੋਕ ਸਭਾ ਵਿਚ ਇਸ ਮਾਮਲੇ ’ਤੇ ਬੋਲਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ ਪ੍ਰਧਾਨ ਮੰਤਰੀ ਦੇ ਇਸ ਉਦਾਰ ਕਦਮ ਲਈ ਉਹਨਾਂ ਦਾ ਧੰਨਵਾਦ ਕਰਦੀ ਹੈ ਪਰ ਕੌਮ ਨੂੰ ’ਵੀਰ ਬਾਲ ਦਿਵਸ’ ਨਾਂ ਸਹੀਂ ਲੱਗ ਰਿਹਾ ਕਿਉਂਕਿ ਉਹ ਕੋਈ ਆਮ ਬਾਲ ਜਾਂ ਬੱਚੇ ਨਹੀਂ ਸਨ।

ਉਹਨਾਂ ਕਿਹਾ ਕਿ ਮੈਂ ਜਾਣਦੀ ਹਾਂ ਕਿ ਇਸ ਮਾਮਲੇ ਵਿਚ ਸਰਕਾਰ ਦੇ ਮਨਸ਼ੇ ਉਸਾਰੂ ਤੇ ਪਵਿੱਤਰ ਹਨ ਪਰ ਇਸ ਲਈ ਇਸ ਦਿਹਾੜੇ ਦਾ ਨਾਂ ਬਦਲਣ ਵਿਚ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਤੇ ਇਸਦਾ ਨਾਂ ਸਿੱਖ ਕੌਮ ਦੀ ਤਸੱਲੀ ਅਨੁਸਾਰ ਰੱਖ ਲਿਆ ਜਾਣਾ ਚਾਹੀਦਾ ਹੈ।

Related Post