ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਤੇ ਵਿਕਾਸ ਪ੍ਰਾਜੈਕਟਾਂ ਦੇ ਬਕਾਏ ਦੀ ਅਦਾਇਗੀ ਲਈ 562 ਕਰੋੜ ਰੁਪਏ ਜਾਰੀ

By  Joshi July 6th 2018 08:12 AM

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਤੇ ਵਿਕਾਸ ਪ੍ਰਾਜੈਕਟਾਂ ਦੇ ਬਕਾਏ ਦੀ ਅਦਾਇਗੀ ਲਈ 562 ਕਰੋੜ ਰੁਪਏ ਜਾਰੀ

ਚੰਡੀਗੜ, 5 ਜੁਲਾਈ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਯਾਦਗਾਰਾਂ ਦੀ ਸਾਂਭ-ਸੰਭਾਲ ਸਮੇਤ ਵੱਖ-ਵੱਖ ਸਕੀਮਾਂ ਤੇ ਵਿਕਾਸ ਪ੍ਰਾਜੈਕਟਾਂ ਦੇ ਬਕਾਏ ਦੀ ਅਦਾਇਗੀ ਲਈ 562.05 ਕਰੋੜ ਦੇ ਫੰਡ ਜਾਰੀ ਕੀਤੇ ਹਨ।

ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਰਕਾਰ ਵੱਲੋਂ 562.05 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਮੁੱਖ ਮੰਤਰੀ ਨੇ ਸੂਬੇ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਸਾਰੇ ਵਿਭਾਗ ਨੂੰ ਵੀ ਆਰਥਿਕ ਪ੍ਰਬੰਧਨ ਅਤੇ ਵਿੱਤੀ ਸੂਝ-ਬੂਝ ਰਾਹੀਂ ਵਾਧੂ ਵਸੀਲੇ ਜੁਟਾਉਣ ਦੇ ਹੁਕਮ ਦਿੱਤੇ ਹਨ ਜਿਸ ਨਾਲ ਵਿੱਤੀ ਸਥਿਤੀ ਵਿੱਚ ਸੁਧਾਰ ਦਿਸਣਾ ਸ਼ੁਰੂ ਹੋ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ 300 ਕਰੋੜ ਰੁਪਏ ਸੇਵਾ-ਮੁਕਤੀ ਦੇ ਲਾਭ ਅਤੇ ਜੀ.ਪੀ.ਐਫ. ਦੇ ਐਡਵਾਂਸ ਲਈ ਜਾਰੀ ਕੀਤੇ ਹਨ ਜਿਸ ਨਾਲ 15 ਮਈ, 2018 ਤੱਕ ਦੇ ਕੇਸਾਂ ਦਾ ਨਿਪਟਾਰਾ ਹੋ ਗਿਆ ਹੈ। ਇਸੇ ਤਰਾਂ ਬਿਜਲੀ ਸਬਸਿਡੀ ਲਈ ਵੀ 100 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਗੁਰੂ ਰਵਿਦਾਸ ਜੀ ਯਾਦਗਾਰ, ਖੁਰਾਲਗੜ ਅਤੇ ਜੰਗ-ਏ-ਆਜ਼ਾਦੀ ਯਾਦਗਾਰ, ਕਰਤਾਰਪੁਰ (ਜਲੰਧਰ) ਸਮੇਤ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਸੈਰ ਸਪਾਟਾ ਵਿਭਾਗ ਨੂੰ 37 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ।

ਬੁਲਾਰੇ ਨੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸਿਹਤ ਬੀਮੇ ਲਈ ਕ੍ਰਮਵਾਰ 16 ਕਰੋੜ ਰੁਪਏ ਅਤੇ 60 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਸੇ ਤਰਾਂ ਜੀ.ਐਸ.ਟੀ. ਦੇ ਰਿਫੰਡ ਲਈ 17 ਕਰੋੜ ਰੁਪਏ ਅਤੇ ਸਰਹੱਦੀ ਏਰੀਆ ਵਿਕਾਸ ਫੰਡ ਲਈ 9.46 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਬੁਲਾਰੇ ਨੇ ਦੱਸਿਆ ਕਿ ਵਾਤਾਵਰਨ, ਜੰਗਲਾਤ ਤੇ ਜੰਗਲੀ ਜੀਵ ਵਿਭਾਗ ਲਈ 11.20 ਕਰੋੜ ਰੁਪਏ ਅਤੇ ਗ੍ਰਾਮ ਨਯਾਲਿਆ ਸਮੇਤ ਜੁਡੀਸ਼ਰੀ ਲਈ ਬੁਨਿਆਦੀ ਢਾਂਚੇ ਦੀ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ 7.96 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਸ ਦੌਰਾਨ ਸੂਬਾ ਸਰਕਾਰ ਨੇ ਦੱਸਿਆ ਕਿ ਹੋਰ ਵਿਕਾਸ ਪ੍ਰੋਗਰਾਮਾਂ ਲਈ 3.43 ਕਰੋੜ ਰੁਪਏ ਜਾਰੀ ਗਏ ਹਨ।

—PTC News

Related Post