ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 197 ਮਾਮਲਿਆਂ ਦੀ ਪੁਸ਼ਟੀ, 14 ਮੌਤਾਂ, 29 ਮਰੀਜ਼ ਹੋਏ ਠੀਕ

By  Shanker Badra April 16th 2020 06:41 PM

ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 197 ਮਾਮਲਿਆਂ ਦੀ ਪੁਸ਼ਟੀ, 14 ਮੌਤਾਂ, 29 ਮਰੀਜ਼ ਹੋਏ ਠੀਕ:ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਪੂਰੇ ਪੰਜਾਬ ਦੇ ਵਿਚੋਂ ਕੁੱਲ 11 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 5524 ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 197 ਦੀ ਰਿਪੋਰਟ ਪਾਜ਼ੀਟਿਵ, 4727 ਦੀ ਨੈਗੇਟਿਵ ਅਤੇ 600 ਦੀ ਰਿਪੋਰਟ ਆਉਣੀ ਬਾਕੀ ਹੈ।

ਜਲੰਧਰ 'ਚ ਅੱਜ ਕੋਰੋਨਾ ਵਾਇਰਸ ਦੇ 6 ਹੋਰ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਨਾਲ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 31 ਹੋ ਗਈ ਹੈ। ਅੱਜ ਪਾਜ਼ੀਟਿਵ ਪਾਏ ਗਏ ਮਰੀਜ਼ਾਂ 'ਚੋਂ ਇਕ ਪਿੰਡ ਕੋਟਲੀ ਹੇਰਾਂ ਦੀ ਮ੍ਰਿਤਕ ਕੁਲਜੀਤ ਕੌਰ ਦਾ ਪਤੀ ਮਲਕੀਤ ਸਿੰਘ ਹੈ ਅਤੇ ਦੂਸਰਾ ਮਰੀਜ਼ ਕਾਂਗਰਸੀ ਆਗੂ ਦੀਪਕ ਸ਼ਰਮਾ ਦੇ ਸੰਪਰਕ ਵਿਚ ਆਇਆ ਸੀ। ਦੋਵਾਂ ਮਰੀਜ਼ਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਕੋਰੋਨਾ ਵਾਰਡ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ਼ਾਮ ਨੂੰ 4 ਹੋਰ ਮਰੀਜਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਦੱਸਣਯੋਗ ਹੈ ਕਿ ਪਿੰਡ ਕੋਟਲਾ ਹੇਰਾਂ ਤਹਿਸੀਲ ਸ਼ਾਹਕੋਟ ਦੇ ਮਲਕੀਤ ਸਿੰਘ ਦੀ ਪਤਨੀ ਕੁਲਜੀਤ ਕੌਰ (51) ਦੀ ਸਿਵਲ ਹਸਪਤਾਲ ਜਲੰਧਰ ਵਿਖੇ 9 ਅਪਰੈਲ ਨੂੰ ਮੌਤ ਹੋ ਗਈ ਸੀ ,ਉਸ ਦੇ ਭੇਜੇ ਗਏ ਸੈਂਪਲ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਸਿਹਤ ਵਿਭਾਗ ਵੱਲੋਂ ਮ੍ਰਿਤਕ ਔਰਤ ਦੇ 12 ਪਰਿਵਾਰਕ ਮੈਂਬਰਾਂ ਤੇ ਸੰਪਰਕ 'ਚ ਆਈਆਂ ਪਿੰਡ ਦੀਆਂ 6 ਔਰਤਾਂ ਦੇ ਸੈਂਪਲ ਲਏ ਸਨ ਤੇ ਸੈਂਪਲ ਲੈਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਘਰ ਭੇਜ ਦਿੱਤਾ ਗਿਆ ਸੀ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 197 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 56 , ਜਲੰਧਰ – 31 , ਪਠਾਨਕੋਟ – 24 , ਨਵਾਂਸ਼ਹਿਰ – 19 , ਅੰਮ੍ਰਿਤਸਰ – 11 , ਲੁਧਿਆਣਾ – 11, ਮਾਨਸਾ – 11, ਹੁਸ਼ਿਆਰਪੁਰ – 7 ,ਪਟਿਆਲਾ – 6 , ਮੋਗਾ – 4 , ਫਰੀਦਕੋਟ – 3 , ਰੋਪੜ – 3, ਸੰਗਰੂਰ – 3 , ਬਰਨਾਲਾ – 2, ਫਤਿਹਗੜ੍ਹ ਸਾਹਿਬ – 2 , ਕਪੂਰਥਲਾ – 2 , ਸ੍ਰੀ ਮੁਕਤਸਰ ਸਾਹਿਬ – 1 , ਗੁਰਦਾਸਪੁਰ- 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 14 ਮੌਤਾਂ ਹੋ ਚੁੱਕੀਆਂ ਹਨ ਅਤੇ 29 ਮਰੀਜ਼ ਠੀਕ ਹੋ ਚੁੱਕੇ ਹਨ।

-PTCNews

Related Post