ਆਪਣੇ ਆਪ ਵਿਚ ਇੱਕ ਮਹਾਨ ਪਵਿੱਤਰਤਾ ਸਮੋਈ ਬੈਠਾ ਗੁਰਦੁਆਰਾ ਸ੍ਰੀ ਰੀਠਾ ਸਾਹਿਬ

By  Jasmeet Singh June 4th 2023 05:00 AM

ਗੁਰਦੁਆਰਾ ਸ੍ਰੀ ਰੀਠਾ ਸਾਹਿਬ: ਸਿੱਖ ਇਤਿਹਾਸ ਵਿਚ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਮਹੱਤਵਪੂਰਨ ਤੇ ਅਹਿਮ ਸਥਾਨ ਹੈ। ਰੂਹਾਨੀਅਤ ਦਾ ਕੇਂਦਰ ਹੋਣ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਵਿਚ ਜਿੱਥੇ ਮਨੁੱਖ ਨੂੰ ਗੁਰਮਤਿ ਦੀ ਸੋਝੀ ਪ੍ਰਾਪਤ ਹੁੰਦੀ ਹੈ, ਉਥੇ ਹੀ ਇਹ ਭਾਈਚਾਰਕ ਸਾਂਝ ਦਾ ਵੀ ਪ੍ਰਤੀਕ ਹੈ। ਗੁਰਦੁਆਰਾ ਸਾਹਿਬ ਦਾ ਸ਼ਾਬਦਿਕ ਅਰਥ ਹੈ ਗੁਰੂ ਦਾ ਘਰ, ਗੁਰੂ ਦਾ ਦੁਆਰ। ਉਹ ਪਾਵਨ ਪਵਿੱਤਰ ਅਸਥਾਨ ਜਿਸ ਸਰਬ ਸਾਂਝੇ ਅਸਥਾਨ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਸ ਨੂੰ ਸਿੱਖ ਸ਼ਬਦਾਵਲੀ ਦੇ ਵਿਚ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ। ਗੁਰਦੁਆਰਾ ਸਾਹਿਬ ਆਪਣੇ ਆਪ ਦੇ ਵਿਚ ਇੱਕ ਮਹਾਨ ਪਵਿੱਤਰਤਾ ਸਮੋਈ ਬੈਠਾ ਹੈ। ਪੁਰਾਤਨ ਸਮੇਂ ਗੁਰਦੁਆਰਾ ਸਾਹਿਬ ਨੂੰ ਧਰਮਸ਼ਾਲਾ ਦੇ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਸੀ। ਇਤਿਹਾਸਿਕ ਸ੍ਰੋਤਾਂ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਪ੍ਰਚਾਰ ਦੋਰਿਆਂ ਦੇ ਵਿਚ ਬਤੀਤ ਕੀਤਾ ਅਤੇ ਸਮੁੱਚੀ ਲੋਕਾਈ ਨੂੰ ਅਗਿਆਨਤਾ ਦੇ ਹਨੇਰੇ ਵਿਚੋਂ ਨਿਕਾਲ ਕੇ ਸੱਚ ਦਾ ਰਾਹ ਵਿਖਾਇਆ। ਇਸੇ ਸਮੇਂ ਦੌਰਾਨ ਜਿਥੇ ਗੁਰੂ ਸਾਹਿਬ ਜਾਂਦੇ ਉੱਥੇ ਸੰਗਤ ਕਾਇਮ ਕਰਦੇ। ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਚਰਚਾ ਦੇ ਦੌਰਾਨ ਜਿਥੇ ਵੀ ਸੰਗਤ ਇੱਕਤਰ ਹੁੰਦੀ ਉਸ ਅਸਥਾਨ ਨੂੰ ਧਰਮਸ਼ਾਲਾ ਕਿਹਾ ਜਾਂਦਾ। ਸਮਾਂ ਪਾ ਕੇ ਧਰਮਸ਼ਾਲਾ ਨੂੰ ਹੀ ਗੁਰਦੁਆਰਾ ਸਾਹਿਬ ਕਿਹਾ ਜਾਣ ਲੱਗ ਪਿਆ। ਗੁਰੂ ਸਾਹਿਬ ਜਿਥੇ ਵੀ ਜਾਂਦੇ ਉਥੇ ਹੀ ਗੁਰਸਿੱਖ ਸ਼ਰਧਾਲੂਆਂ ਵਲੋਂ ਗੁਰੂ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਜਾਣ ਲੱਗ ਪਿਆ। ਜੋ ਕਿ ਅੱਜ ਵੀ ਸਾਨੂੰ ਗੁਰੂ ਸਾਹਿਬ ਜੀ ਦੇ ਸਮੇਂ ਇਤਿਹਾਸ ਦੇ ਨਾਲ ਜੋੜਦੇ ਹਨ। ਗੁਰਦੁਆਰਾ ਸਾਹਿਬ ਸਿੱਖੀ ਜੀਵਨ ਦੀ ਅਭਿਆਸ ਸ਼ਾਲਾ ਹੈ। ਜਿਥੇ ਮਨੁੱਖ ਨੂੰ ਨਾਸ਼ਵਾਨ ਸੰਸਾਰ ਵਲੋਂ ਮੁੱਖ ਮੋੜ ਕੇ ਅਸਲ ਮੰਜ਼ਿਲ ਦਾ ਰਾਹ ਅਖਤਿਆਰ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਮਨੁੱਖ ਨੂੰ ਵਹਿਮਾਂ-ਭਰਮਾਂ, ਕਰਮ-ਕਾਂਡਾ ਤੇ ਕੁਕਰਮਾਂ ਦਾ ਰਾਹ ਤਿਆਗ ਕੇ ਨਾਮ ਸਿਮਰਨ ਦਾ ਨਾਲ ਜੋੜਿਆ ਜਾਂਦਾ ਹੈ ਤੇ ਇਕ ਅਕਾਲ ਪੁਰਖ  ਨਾਲ ਜੁੜ ਕੇ ਮਨੁੱਖ ਨੂੰ ਅਸਲ ਮੰਜ਼ਿਲ ਵੱਲ ਵੱਧਣ ਦੇ ਲਈ ਯੋਗ ਅਗਵਾਈ ਪ੍ਰਾਪਤ ਹੁੰਦੀ ਹੈ।  ਇਸੇ ਸੰਦਰਭ ਦੇ ਵਿਚ ਅੱਜ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਅਸਥਾਨ ਜੋ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿਚ ਅੱਜ ਵੀ ਸ਼ੁਸ਼ੋਭਿਤ ਹੈ ‘ਗੁਰਦੁਆਰਾ ਸ੍ਰੀ ਰੀਠਾ ਸਾਹਿਬ ਬਾਰੇ ਜਾਣਨ ਦੀ ਕੋਸਿਸ਼ ਕਰਾਂਗੇ।

ਗੁਰੂ ਨਾਨਕ ਸਾਹਿਬ ਜੀ ਅਤੇ ਉਨਾਂ ਦੇ ਸਾਥੀ ਭਾਈ ਮਰਦਾਨਾ ਜੀ ਦੀ ਇਤਿਹਾਸਿਕ ਯਾਦ ਦੇ ਨਾਲ ਜੁੜਿਆ ‘ਗੁਰਦੁਆਰਾ ਸ੍ਰੀ ਰੀਠਾ ਸਾਹਿਬ’ ਉਤਰਾਖੰਡ   ਦੇ ਸਮੁੰਦਰੀ ਤਲ ਤੋਂ 7000 ਫੁੱਟ ਦੀ ਉਚਾਈ ਤੇ ਸਥਿਤ ਜਿਲ੍ਹਾ ਚੰਪਾਵਤ ਦੇ ਵਿਚ ਸੁਭਾਇਮਾਨ ਹੈ। ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਥੇ ਗੁਰੂ ਸਾਹਿਬ ਪ੍ਰਚਾਰ ਦੌਰਿਆਂ ਦੌਰਾਨ ਸਮੁੱਚੀ ਲੋਕਾਈ ਨੂੰ ਮਨੁੱਖੀ ਜਨਮ ਦੀ ਅਹਿਮੀਅਤ ਅਤੇ ਪਰਮਾਤਮਾ ਦੀ ਬੰਦਗੀ ਦਾ ਗਿਆਨ ਪ੍ਰਦਾਨ ਕਰਦੇ ਹੋਏ ਸਿੱਧਾਂ ਨੂੰ ਜੋਗ ਦੇ ਅਸਲ ਅਰਥ ਸਮਝਾਉਣ ਆਏ ਸਨ। 

ਇਤਿਹਾਸਿਕ ਸ੍ਰੋਤਾਂ ਦੇ ਅਨੁਸਾਰ ਕੱਤਕ ਦੀ ਪੂਰਨਮਾਸ਼ੀ ’ਤੇ ਜਦ ਗੁਰੂ ਸਾਹਿਬ ਆਪਣੇ ਸਾਥੀ ਦੇ ਨਾਲ ਇਸ ਅਸਥਾਨ ’ਤੇ ਪਹੁੰਚੇ ਤਾਂ ਗੋਰਖ ਨਾਥ ਦੇ ਚੇਲੇ ਢੇਰ ਨਾਥ ਨੇ ਰੀਠੇ ਦੇ ਦਰੱਖਤ ਥੱਲੇ ਆਪਣਾ ਡੇਰਾ ਲਾਇਆ ਹੋਇਆ ਸੀ ਤੇ ਦੂਜੇ ਪਾਸੇ ਗੁਰੂ ਸਾਹਿਬ ਜੀ ਨੇ ਆਪਣੇ ਸਾਥੀਆਂ ਸਮੇਤ ਉੱਥੇ ਆਸਣ ਲਗਾ ਲਿਆ। ਗੁਰੂ ਸਾਹਿਬ ਜੀ ਨੂੰ ਉਥੇ ਆਇਆਂ ਦੇਖ ਕੇ ਸਿੱਧ ਹੈਰਾਨ ਹੋ ਗਏ ਤੇ ਗੁਰੂ ਸਾਹਿਬ ਜੀ ਤੋਂ ਇੱਥੇ ਆਉਣ ਦਾ ਕਾਰਨ ਪੁੱਛਿਆ ਤਾਂ ਗੁਰੂ ਸਾਹਿਬ ਜੀ ਨੇ ਜੋਗੀਆਂ ਨੂੰ ਦੱਸਿਆ ਕਿ ਪਰਿਵਾਰਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਉਸ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਹੀ ਅਸਲ ਜੋਗ ਹੈ। ਘਰ-ਬਾਰ ਤਿਆਗ ਕੇ, ਬਾਹਰੀ ਦਿਖਾਵੇ ਤੇ ਕਰਮ-ਕਾਂਡ ਕਰਕੇ ਪਰਮਾਤਮਾ ਦਾ ਮਿਲਾਪ ਹਾਸਿਲ ਨਹੀਂ ਕੀਤਾ ਜਾ ਸਕਦਾ। ਅਜੇ ਵਿਚਾਰ ਚਰਚਾ ਚੱਲ ਹੀ ਰਹੀ ਸੀ ਕਿ ਭਾਈ ਮਰਦਾਨਾ ਜੀ ਨੂੰ ਭੁੱਖ ਲੱਗ ਗਈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਅਸੀਂ ਬਾਹਰ ਤੋਂ ਆਏ ਹਾਂ ਤੇ ਸਿੱਧਾਂ ਦੇ ਮਹਿਮਾਨ ਹਾਂ, ਉਨ੍ਹਾਂ ਤੋਂ ਹੀ ਕੁਝ ਖਾਣ ਦੇ ਲਈ ਮੰਗ ਲਉ। ਜਦੋਂ ਭਾਈ ਮਰਦਾਨਾ ਜੀ ਨੇ ਸਿੱਧਾਂ ਤੋਂ ਕੁਝ ਖਾਣ ਦੇ ਲਈ ਮੰਗਿਆ ਤਾਂ ਉਨ੍ਹਾਂ ਬੜੇ ਹੰਕਾਰ ਭਰੇ ਸ਼ਬਦਾਂ ਵਿਚ ਕਿਹਾ ਕਿ ਜੇਕਰ ਤੁਹਾਡਾ ਗੁਰੂ ਸਰਬ ਕਲਾ ਸਮਰੱਥ ਹੈ ਤਾਂ ਬਿਨਾਂ ਕਿਤੇ ਗਏ ਤੁਹਾਡੇ ਲਈ ਭੋਜਨ ਦਾ ਪ੍ਰਬੰਧ ਕਿਉਂ ਨਹੀਂ ਕਰ ਸਕਦੇ। ਗੁਰੂ ਸਾਹਿਬ ਜੀ ਨੇ ਸਿੱਧਾਂ ਦਾ ਅਜਿਹਾ ਕਠੋਰ ਵਿਵਹਾਰ ਦੇਖ ਕੇ ਭਾਈ ਮਰਦਾਨਾ ਜੀ ਨੂੰ ਰੀਠੇ ਦੇ ਦਰੱਖਤ ਵੱਲ ਇਸ਼ਾਰਾ ਕਰਕੇ ਇਹ ਫਲ ਤੋੜ ਕੇ ਖਾਣ ਦੇ ਲਈ ਕਿਹਾ। ਭਾਈ ਮਰਦਾਨਾ ਜੀ ਨੇ ਜਦ ਰੀਠੇ ਦੇ ਦਰੱਖਤ ਵੱਲ ਦੇਖਿਆ ਤਾਂ ਸੋਚਿਆ ਕਿ ਇਹ ਤਾਂ ਜ਼ਹਿਰ ਦੀ ਤਰ੍ਹਾਂ ਕੌੜੇ ਹਨ, ਇਨ੍ਹਾਂ ਨੂੰ ਕਿਵੇਂ ਖਾਇਆ ਜਾ ਸਕਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਰੀਠੇ ਦੇ ਦਰੱਖਤ ਵੱਲ ਮਿਹਰ ਦੀ ਨਜ਼ਰ ਪਾਈ ਤੇ ਕਿਹਾ ਪਰਮਾਤਮਾ ਨੂੰ ਯਾਦ ਕਰਕੇ ਇਹ ਫਲ ਤੋੜ ਕੇ ਆਪ ਵੀ ਖਾ ਲਉ ਤੇ ਇਨ੍ਹਾਂ ਸਿੱਧਾਂ ਨੂੰ ਵੀ ਖਾਣ ਲਈ ਦਿਉ। ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਨੇ ਦਰੱਖਤ ਤੋਂ ਰੀਠੇ ਤੋੜੇ ਆਪ ਵੀ ਖਾਧੇ ਤੇ ਸਿੱਧਾਂ ਨੂੰ ਵੀ ਦਿੱਤੇ। ਭਾਈ ਮਰਦਾਨਾ ਜੀ ਪਰਮਾਤਮਾ ਜੀ ਦੇ ਇਸ ਕੋਤਕ ਤੋਂ ਬਹੁਤ ਹੈਰਾਨ ਹੋਏ ਕਿ ਪਰਮਾਤਮਾ ਦੀ ਮਿਹਰ ਦੇ ਨਾਲ ਜ਼ਹਿਰ ਵਰਗੇ ਕੌੜੇ ਰੀਠੇ ਵੀ ਸ਼ਹਿਦ ਵਰਗੇ ਮਿੱਠੇ ਹੋ ਗਏ। ਭਾਈ ਮਰਦਾਨਾ ਜੀ ਨੇ ਵੀ ਪੇਟ ਭਰ ਰੀਠੇ ਖਾਧੇ ਤੇ ਸਿੱਧਾਂ ਨੇ ਵੀ। ਸ਼ਹਿਦ ਵਰਗੇ ਮਿੱਠੇ ਰੀੱਠੇ ਖਾ ਕੇ ਸਿੱਧ ਵੀ ਹੈਰਾਨ ਹੋ ਗਏ। ਉਨ੍ਹਾਂ ਨੇ ਆਪਣੀ ਤਾਂਤਰਿਕ ਸ਼ਕਤੀ ਦੇ ਨਾਲ ਰੀਠੇ ਮਿੱਠੇ ਕਰਨ ਦੀ ਕੋਸਿਸ਼ ਕੀਤੀ, ਪਰ ਅਸਫਲ ਰਹੇ।

ਦਰੱਖਤ ਤਾਂ ਦੁਨੀਆਂ ਵਿੱਚ ਹੋਰ ਵੀ ਬਹੁਤ ਹੀ ਸੁੰਦਰ ਤੇ ਕੀਮਤੀ ਹਨ ਪਰ ਜਿਨ੍ਹਾਂ ’ਤੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੀ ਦ੍ਰਿਸ਼ਟੀ ਪਈ ਉਸਦਾ ਫਲ ਨਾ ਕੇਵਲ ਮਿੱਠਾ ਹੀ ਹੋਇਆ ਬਲਕਿ ਨਾਨਕ ਨਾਮ ਲੇਵਾ ਸੰਗਤ ਦਾ ਮਾਰਗ ਦਰਸ਼ਕ ਬਣ ਗਿਆ। ਗੁਰੂ ਸਾਹਿਬ ਜੀ ਨੇ ਸਿੱਧਾਂ ਦੇ ਹੰਕਾਰ ਨੂੰ ਤੋੜਦੇ ਹੋਏ ਉਨ੍ਹਾਂ ਦਾ ਇਕ ਪਰਮਾਤਮਾ ਤੇ ਵਿਸ਼ਵਾਸ਼ ਕਾਇਮ ਕੀਤਾ ਤੇ ਇਹ ਅਸਥਾਨ ਅੱਜ ਵੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਦੇ ਨਾਮ ਨਾਲ ਸੁਸ਼ੋਭਿਤ ਹੈ।

Related Post