ਕੋਰੋਨਾ ਨੇ ਅਮਰੀਕਾ 'ਚ 6 ਹਫ਼ਤੇ ਦੇ ਨਵਜਾਤ ਬੱਚੇ ਦੀ ਲਈ ਜਾਨ

By  Panesar Harinder April 2nd 2020 03:22 PM

ਅਮਰੀਕਾ ਦੇ ਕਨੈਟੀਕਟ ਦੇ ਰਾਜਪਾਲ ਨੇ COVID -19 ਮਹਾਂਮਾਰੀ ਬਾਰੇ ਦਿਲ ਦਹਿਲਾ ਦੇਣ ਵਾਲੀ ਖਬਰ ਦਿੰਦੇ ਹੋਏ ਕਿਹਾ ਕਿਹਾ ਕਿ ਉਨ੍ਹਾਂ ਦੇ ਸੂਬੇ ਵਿੱਚ ਕੋਰੋਨਾ ਵਾਇਰਸ ਕਾਰਨ ਇੱਕ ਬੱਚੀ ਦੀ ਮੌਤ ਹੋਈ ਹੈ।

ਆਪਣੇ ਟਵੀਟ ਵਿੱਚ ਰਾਜਪਾਲ ਨੇ ਲਿਖਿਆ ਕਿ ਕਨੈਕਟੀਕਟ ਵਿਖੇ COVID -19 ਕਾਰਨ ਮੌਤ ਦਾ ਸ਼ਿਕਾਰ ਹੋਏ ਪਹਿਲੇ ਬੱਚੇ ਦੀ ਪੁਸ਼ਟੀ ਅਸੀਂ ਬੜੇ ਦੁਖੀ ਅਤੇ ਭਰੇ ਦਿਲ ਨਾਲ ਕਰ ਰਹੇ ਹਾਂ। ਬੀਤੀ ਰਾਤ ਹਾਰਟਫੋਰਡ ਇਲਾਕੇ ਤੋਂ ਇੱਕ 6 ਹਫ਼ਤੇ ਦਾ ਬੱਚਾ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਹਾਰਟਫੋਰਡ ਦੇ ਮੇਅਰ ਲਿਊਕ ਬ੍ਰੌਨਿਨ ਨੇ ਬੱਚੇ ਦੇ ਹਾਰਟਫੋਰਡ ਤੋਂ ਹੋਣ ਦੀ ਪੁਸ਼ਟੀ ਕੀਤੀ। ਉਸ ਨੇ ਕਿਹਾ ਕਿ ਉਸ ਪਰਿਵਾਰ ਵੱਲ੍ਹ ਵੇਖ ਸਾਨੂੰ ਭਾਰਾ ਦੁੱਖ ਲੱਗਦਾ ਹੈ। ਅਤੇ ਸਾਡੇ ਸਭ ਲਈ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਰੋਗ ਸਭ ਲਈ ਬਰਾਬਰ ਜਾਨਲੇਵਾ ਸਾਬਤ ਹੋ ਸਕਦਾ ਹੈ, ਫ਼ੇਰ ਉਮਰ ਭਾਵੇਂ ਉਮਰ ਵੱਧ ਜਾਂ ਘੱਟ ਹੋਵੇ, ਇਸ ਨਾਲ ਫ਼ਰਕ ਨਹੀਂ ਪੈਂਦਾ। ਬ੍ਰੌਨਿਨ ਨੇ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰੇਗਾ ਕਿ ਇਲਾਜ ਲਈ ਬੱਚੇ ਨੂੰ ਕਿਹੜੇ ਹਸਪਤਾਲ ਵਿੱਚ ਲਿਆਂਦਾ ਗਿਆ ਸੀ।

ਕਨੈਟੀਕਟ ਦੇ ਰਾਜਪਾਲ ਨੇ ਕਿਹਾ ਕਿ ਇਹ ਬੱਚਾ COVID -19 ਕਾਰਨ ਮੌਤ ਦਾ ਸ਼ਿਕਾਰ ਹੋਏ ਲੋਕਾਂ ਵਿੱਚੋਂ ਦੁਨੀਆ ਭਰ 'ਚ ਸਭ ਤੋਂ ਘੱਟ ਉਮਰ ਦੇ ਮਾਮਲਿਆਂ ਵਿੱਚੋਂ ਇੱਕ ਹੈ।

ਇਹ ਵਾਇਰਸ ਸਾਡੀ ਸਭ ਤੋਂ ਕਮਜ਼ੋਰ ਕੜੀ 'ਤੇ ਹਮਲਾ ਕਰਦਾ ਹੈ। ਇਸ ਮਾਮਲੇ ਨਾਲ ਘਰ ਰਹਿਣ ਅਤੇ ਲੋਕਾਂ ਦੇ ਸੰਪਰਕ ਨੂੰ ਸੀਮਤ ਕਰਨ ਦੀ ਮਹੱਤਤਾ ਆਪਣੇ ਆਪ ਸਾਹਮਣੇ ਆ ਰਹੀ ਹੈ। ਸਾਡੀ ਅਤੇ ਦੂਜਿਆਂ ਦੀ ਜ਼ਿੰਦਗੀ ਇਸੇ ਸਾਵਧਾਨੀ 'ਤੇ ਨਿਰਭਰ ਕਰਦੀ ਹੈ। ਇਸ ਮੁਸ਼ਕਿਲ ਘੜੀ 'ਚ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ।

ਮੰਗਲਵਾਰ ਦੀ ਰਾਤ ਤੱਕ, ਕਨੈਟੀਕਟ ਸੂਬੇ ਅੰਦਰ ਕੋਰੋਨਾਵਾਇਰਸ ਦੇ 3,128 ਪਾਜ਼ਿਟਿਵ ਮਾਮਲਿਆਂ ਦੀ ਅਤੇ 69 ਮੌਤਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਸੀ। ਬੁੱਧਵਾਰ ਦੁਪਹਿਰ ਨੂੰ ਰਾਜਪਾਲ ਲੈਮੋਂਟ ਦੇ ਦੱਸਣ ਅਨੁਸਾਰ ਸ਼ੱਕੀ ਮਰੀਜ਼ਾਂ ਵਿੱਚ 429 ਅਤੇ ਮੌਤਾਂ ਦੀ ਗਿਣਤੀ ਵਿੱਚ 16 ਦਾ ਅੰਕੜਾ ਹੋਰ ਜੁੜ ਗਿਆ।

Related Post