ਕਲਿਜੁਗਿ ਪੀੜੀ ਸੋਢੀਆਂ ਨਿਹਚਲ ਨੀਵ ਉਸਾਰਿ ਖਲਾਰੀ। ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ॥

By  Joshi March 22nd 2018 11:24 AM -- Updated: March 22nd 2018 01:14 PM

ਸਿੱਖਾਂ ਦੇ ਛੇਵੇਂ ਧੰਨ ਧੰਨ ਸ੍ਰੀ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ੧੫੯੫ ਈ: 'ਚ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਪਿੰਡ ਵਡਾਲੀ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ।

੧੬੦੬ ਈ: ਨੂੰ, ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੇ ਨਕਸ਼ੇ ਕਦਮ ਉੱਤੇ ਚਲਦੇ ਹੋਏ, ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਗਈ।

ਗੁਰੂ ਸਾਹਿਬ ਨੂੰ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਭਾਈ ਗੁਰਦਾਸ ਜੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੀ ਵਡਿਆਈ 'ਚ ਲਿਖਦੇ ਹਨ ਕਿ-

ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।

ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।

ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।

ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।

ਪੁਛਨਿ ਸਿਖ ਅਰਦਾਸਿ ਕਰਿ ਛਿਅ ਮਹਲਾਂ ਤਕਿ ਦਰਸੁ ਨਿਹਾਰੀ।

ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ।

ਕਲਿਜੁਗਿ ਪੀੜੀ ਸੋਢੀਆਂ ਨਿਹਚਲ ਨੀਵ ਉਸਾਰਿ ਖਲਾਰੀ।

ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ॥

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਿੰਨਾਂ ਨੂੰ ੧੧ ਸਾਲ ਦੀ ਬਾਲ ਉਮਰ ਵਿੱਚ ਹੀ ਸਿੱਖ ਧਰਮ ਦੇ ਰਖਵਾਲੇ ਬਣਾ ਦਿੱਤਾ ਗਿਆ। ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਬਾਬਾ ਬੁੱਡਾ ਜੀ ਨੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਤੇ ਸ਼ੁਸ਼ੋਬਿਤ ਕੀਤਾ ਤੇ ਦੋ ਤਲਵਾਰਾਂ ਨਾਲ ਤਖ਼ਤਪੋਸ਼ੀ ਕੀਤੀ ਇੱਕ ਸੀ ਮੀਰੀ ਦੀ ਅਤੇ ਇੱਕ ਸੀ ਪੀਰੀ ਦੀ - ਮੀਰੀ ਦਾ ਭਾਵ ਸੀ ਸ਼ਾਨੋ ਸ਼ੌਕਤ ਨਾਲ ਰਾਜ ਭਾਗ ਨੂੰ ਸੰਭਾਲਣਾ ਤੇ ਲੋੜ ਪੈਣ ਤੇ ਇਸ ਤਲਵਾਰ  ਨੂੰ ਆਪਣੀ ਤੇ ਕਿਸੇ ਹੋਰ ਦੀ ਰੱਖਿਆ ਦੇ ਲਈ ਉਠਾਉਣਾ ਤੇ ਪੀਰੀ ਦਾ ਮਤਲਬ ਸੀ ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਹਰ ਵਕਤ ਯਾਦ ਰੱਖਣਾ।ਗੁਰੂ ਸਾਹਿਬ ਨੇ ਸਿੱਖਾਂ ਨੂੰ ਮੁਗਲਾਂ ਖਿਲਾਫ ਅਵਾਜ਼ ਉਠਾਉਣ ਨੂੰ ਕਿਹਾ ।ਗੁਰੂ ਸਾਹਿਬ ਨੇ ਗੁਰਮੁਖੀ ਵਿੱਦਿਆ ਦੇ ਨਾਲ ਨਾਲ ਸ਼ਸਤਰ ਵਿੱਧਿਆ ਸਿੱਖਣ ਲਈ ਸਿੱਖਾਂ ਨੂੰ ਪ੍ਰੇਰਿਆ।

ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਨੂੰ ਬੰਦੀ ਛੋੜ, ਡੁੱਬਦਿਆਂ ਨੂੰ ਤਾਰਨ ਵਾਲਾ ਤੇ ਇੱਕ ਮਹਾਨ ਯੋਧਾ ਵੀ ਕਿਹਾ ਜਾਂਦਾ ਹੈ ।ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਹਾਂਗੀਰ ਨੇ ਗੁਰੂ ਸਾਹਿਬ ਨੂੰ ੧੪ ਸਾਲ ਦੀ ਉਮਰ 'ਚ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕਰ ਲਿਆ ਸੀ।

ਜਹਾਂਗੀਰ ਨੂੰ ਆਪਣੀ ਮੌਤ ਦਾ ਡਰ ਹੋਣ ਕਰਕੇ ਨਾ ਚਹੁੰਦੇ ਹੋਏ ਵੀ ਗੁਰੂ ਸਾਹਿਬ ਤੇ ੫੨ ਬੰਦੀ ਰਾਜਿਆਂ ਨੂੰ ਛੱਡਣਾ ਪਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਸਤਿਕਾਰ ਤੇ ਵਡਿਆਈ  ਵਿੱਚ ਸੋਰਠਿ ਮਹੱਲਾ ੫ 'ਚ ਲਿਖਿਆ ਗਿਆ ਹੈ-

ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ

ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ

ਨਾਮ ਪਰਿਓ ਭਗਤੁ ਗੋਬਿੰਦ ਕਾ ਇਹ ਰਾਖਹੁ ਪੈਜ ਤੁਮਾਰੀ।।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਸੰਗਤਾਂ ਵਿੱਚ ਨਗਦ ਭੇਟਾ ਦੇਣ ਦੀ ਥਾਂ ਆਪਣੀ ਜੁਆਨੀ ਨੂੰ ਕਿਸ ਦੀ ਰੱਖਿਆਂ 'ਚ ਅਰਪਨ ਅਤੇ ਸ਼ਸਤ੍ਰ 'ਤੇ ਘੋੜੇ ਭੇਟਾ ਕਰਨ ਲਈ ਸੰਦੇਸ਼ ਭੇਜ ਦਿੱਤੇ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤਰ ਵਿਦਿਆ ਸਿਖਾਉਣ ਲਈ ਚੋਣਵੇਂ ਸੂਰਮੇ ਤਿਆਰ ਕੀਤੇ ਅਤੇ ਗੁਰੂ ਸਾਹਿਬ ਜੀ ਦੀ ਇਹ ਰੁਚੀ ਦੇਖ ਕੇ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਜੁਆਨ ਆਪ ਦੀ ਸ਼ਰਨ ਵਿੱਚ ਇਕੱਠੇ ਹੀ ਗਏ। ਕਾਲ ਦੇ ਸਮੇਂ ਮੁਸਲਮਾਨ ਹਕੂਮਤ ਦੀ ਗਰੀਬਾਂ ਦੀ ਬਿਲਕੁਲ ਕੋਈ ਸਾਰ ਨਹੀਂ ਲਈ ਸੀ ਇਸ ਕਰ ਕੇ ਕਈ ਮੁਸਲਮਾਨ ਭੀ ਸਤਿਗੁਰੂ ਜੀ ਦੀ ਫੌਜ ਵਿੱਚ ਭਰਤੀ ਹੋ ਗਏ।

ਗੂਰੂ ਹਰਿ ਗੋਬਿੰਦ ਸਾਹਿਬ ਜੀ ਨੇ ੧੬੦੯ ਈ ਦੇ ਵਿੱਚ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕੀਤੀ ਤੇ ਯੋਧਿਆਂ ਦੀ ਵਾਰਾਂ ਦਾ ਗਾਇਨ ਕੀਤਾ।ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜੋ ਕੋਈ ਵੀ ਆਪਣੇ ਮਿਸ਼ਨ ਤੇ ਜਾਣ ਤੋਂ ਪਹਿਲਾਂ ਅਰਦਾਸ ਕਰਦਾ ਹੈ ਉਸਦਾ ਹਰ ਮੈਦਾਨ ਫ਼ਤਿਹ ਹੁੰਦਾ ਹੈ।

ਗੁਰੂ ਸਾਹਿਬ ਜੀ ਨੇ ਹਰ ਪਾਸੇ ਸਿੱਖੀ ਦਾ ਪਰਚਾਰ ਕੀਤਾ ਅਤੇ ਆਮ ਜਨਤਾ ਨੂੰ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਤੋਂ ਕਢਿਆ।੧੬੪੪ ਤੱਕ ਅਮਨ ਸ਼ਾਂਤੀ ਦੇ ਸਮੇਂ ਸਿੱਖ ਧਰਮ ਦਾ ਪਰਚਾਰ ਜਾਰੀ ਰਿਹਾ। ਅੰਤ ਵੇਲਾ ਨੇੜੇ ਜਾਣਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ (ਪੁੱਤਰ ਬਾਬਾ ਗੁਰ ਦਿਤਾ ਜੀ) ਹਰਿ ਰਾਏ ਜੀ ਨੂੰ ਸੌਂਪੀ ਅਤੇ ੩ ਮਾਰਚ ੧੬੪੪ ਨੂੰ ੪੯ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ।

—PTC News

Related Post