ਮੁੱਖ ਮੰਤਰੀ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਆਉਂਦੀਆਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਦਿੱਤੇ ਹੁਕਮ

By  Pardeep Singh August 18th 2022 08:31 PM

ਚੰਡੀਗੜ੍ਹ: ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਿਮਾਣੇ ਜਿਹੇ ਉਪਰਾਲੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਸਾਲ ਸ਼ਹੀਦੀ ਸਭਾ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨਾਲ ਜੋੜਨ ਵਾਲੀਆਂ ਪੰਜ ਲਿੰਕ ਸੜਕਾਂ ਨੂੰ 8.19 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਤੱਕ ਚੌੜਾ ਕਰਕੇ ਮਜ਼ਬੂਤ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ, “ਇਹ ਪਵਿੱਤਰ ਧਰਤੀ ਨਾ ਸਿਰਫ਼ ਸਿੱਖਾਂ ਲਈ ਸਗੋਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ ਕਿਉਂਕਿ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ‘ਤੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸਿਜਦਾ ਕਰਨ ਆਉਂਦੇ ਹਨ।” ਮੁੱਖ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ 'ਤੇ ਨਤਮਸਤਕ ਹੋਣ ਆਉਂਦੀ ਸੰਗਤ ਦੀ ਸਹੂਲਤ ਲਈ ਪੰਜ ਲਿੰਕ ਸੜਕਾਂ ਨੂੰ ਮਜ਼ਬੂਤ ਅਤੇ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਵਿੱਚ ਜੀ.ਟੀ.ਰੋਡ ਤੋਂ ਸਰਹਿੰਦ ਸ਼ਹਿਰ ਵਾਇਆ ਖਾਨਪੁਰ, ਸਰਹਿੰਦ ਰੋਡ ਤੋਂ ਭੜੀ ਖੇੜੀ ਵਾਇਆ ਤਲਾਨੀਆਂ-ਫਿਰੋਜ਼ਪੁਰ-ਰਾਏਪੁਰ ਮਾਜਰੀ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਮੰਡੋਫਲ, ਮਾਧੋਪੁਰ ਤੋਂ ਬ੍ਰਹਮਮਾਜਰਾ ਸਾਧੂਗੜ੍ਹ ਰੋਡ ਵਾਇਆ ਸੱਦੇ ਮਾਜਰਾ ਅਤੇ ਸ਼ੇਖਪੁਰਾ ਤੋਂ ਖਾਨਪੁਰ ਵਾਇਆ ਕੁਸ਼ਟ ਅਸ਼ਰਾਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਨੂੰ ਉੱਚ ਗੁਣਵੱਤਾ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮਜ਼ਬੂਤ ਅਤੇ ਅਪਗ੍ਰੇਡ ਕੀਤਾ ਜਾਵੇਗਾ। ਭਗਵੰਤ ਮਾਨ ਨੇ ਦੱਸਿਆ ਕਿ ਇਸ ਕੰਮ ਲਈ 8.17 ਕਰੋੜ ਰੁਪਏ ਖਰਚੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਇਸ ਸਮੁੱਚੇ ਕਾਰਜ ਦੀ ਨਿਗਰਾਨੀ ਕਰਨਗੇ ਤਾਂ ਜੋ ਇਸ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਸ ਪਵਿੱਤਰ ਧਰਤੀ 'ਤੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਦੀ ਲਾਸਾਨੀ ਸ਼ਹਾਦਤ ਨੇ ਸਦੀਆਂ ਤੋਂ ਪੰਜਾਬੀਆਂ ਨੂੰ ਬੇਇਨਸਾਫੀ ਅਤੇ ਜਬਰ-ਜ਼ੁਲਮ ਵਿਰੁੱਧ ਲੜਨ ਲਈ ਪ੍ਰੇਰਿਆ ਹੈ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਵੱਲੋਂ ਛੋਟੀ ਉਮਰ ਵਿੱਚ ਮਹਾਨ ਕੁਰਬਾਨੀ ਦੇਣ ਦੀ  ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਮੁੱਖ ਮੰਤਰੀ ਨੇ ਕਿਹਾ ਕਿ ਹਰ ਸਾਲ ਸ਼ਹੀਦੀ ਸਭਾ ਦੌਰਾਨ ਲੱਖਾਂ ਸ਼ਰਧਾਲੂ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਆਉਂਦੇ ਹਨ, ਇਸ ਲਈ ਸੂਬਾ ਸਰਕਾਰ ਵੱਲੋਂ ਇਸ ਨਗਰ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਅਸਥਾਨ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕਰਨਾ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ।  ਭਗਵੰਤ ਮਾਨ ਨੇ ਕਿਹਾ ਕਿ ਇਸ ਬਾਰੇ ਸੂਬਾ ਸਰਕਾਰ ਢੁਕਵੀਂ ਵਿਵਸਥਾ ਕਰ ਰਹੀ ਹੈ ਤਾਂ ਕਿ ਇਸ ਅਸਥਾਨ ਉਤੇ ਆਉਣ ਵਾਲੇ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਵੀ ਪੜ੍ਹੋ:87 ਸਕ੍ਰੈਪ ਕਾਰਾਂ ਗਾਹਕਾਂ ਨੂੰ ਵੇਚੀਆਂ, ਤਿੰਨ ਮੁਲਜ਼ਮਾਂ ਸਮੇਤ ਸਕਰੈਪ ਡੀਲਰ ਗ੍ਰਿਫ਼ਤਾਰ -PTC News

Related Post