ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਲਈ ਸਾਰੇ ਇਕ ਟੀਮ ਵਜੋਂ ਕੰਮ ਕਰਨ-ਕੁਲਦੀਪ ਸਿੰਘ ਧਾਲੀਵਾਲ

By  Riya Bawa April 2nd 2022 02:16 PM

ਅੰਮ੍ਰਿਤਸਰ: ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਅਤੇ ਐਨ ਆਰ ਆਈ ਮਾਮਲੇ ਵਿਭਾਗਾਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ ਵਿਚ ਰਾਜ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਸਹਿਯੋਗ ਦੀ ਮੰਗ ਕਰਦੇ ਕਿਹਾ ਕਿ ਅੱਜ ਮੈਂ ਸ੍ਰੀ ਭਗਵੰਤ ਮਾਨ ਸਰਕਾਰ ਦਾ ਇਹ ਸੁਨੇਹਾ ਦੇਣ ਹੀ ਵਿਸ਼ੇਸ਼ ਤੌਰ ਉਤੇ ਆਇਆ ਹਾਂ। ਉਨਾਂ ਕਿਹਾ ਕਿ ਲੋਕਾਂ ਨੇ ਸਾਨੂੰ ਪੰਜਾਬ ਵਿਚੋਂ ਭਿ੍ਰਸ਼ਟਾਚਾਰ ਵਰਗੀਆਂ ਅਲਾਮਤਾਂ ਖਤਮ ਕਰਨ ਲਈ ਇੰਨੇ ਉਤਸ਼ਾਹ ਨਾਲ ਵੋਟਾਂ ਪਾਈਆਂ ਹਨ ਤੇ ਲੋਕਾਂ ਦੀ ਆਸ ਪੂਰੀ ਕਰਨੀ ਸਾਡਾ ਫਰਜ਼ ਹੈ, ਸੋ ਹੁਣ ਅਪੀਲਾਂ ਤੋਂ ਬਾਅਦ ਸਰਕਾਰ ਇਸ ਮੁੱਦੇ ਉਤੇ ‘ਐਕਸ਼ਨ ਮੋਡ’ ਵਿਚ ਆਉਣ ਵਾਲੀ ਹੈ, ਜੋ ਕਿ ਅਧਿਕਾਰੀ ਜਾਂ ਕਰਮਚਾਰੀ ਭ੍ਰਿਸ਼ਟਾਚਾਰ ਵਿਚ ਸ਼ਾਮਿਲ ਪਾਇਆ ਗਿਆ, ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਵੇਗੀ।

ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਲਈ ਸਾਰੇ ਇਕ ਟੀਮ ਵਜੋਂ ਕੰਮ ਕਰਨ-ਧਾਲੀਵਾਲ

ਉਨਾਂ ਕਿਹਾ ਕਿ ਇਹ ਫਾਰਮੂਲਾ ਨਾ ਕੇਵਲ ਸਰਕਾਰੀ ਅਧਿਕਾਰੀਆਂ ਤੇ ਲਾਗੂ ਹੋਵੇਗਾ, ਬਲਕਿ ਲੋਕਾਂ ਦੁਆਰਾ ਚੁਣੇ ਵਿਧਾਇਕ ਤੇ ਮੰਤਰੀ ਵੀ ਇਸੇ ਫਾਰਮੂਲੇ ਹੇਠ ਆਉਂਦੇ ਹਨ ਤੇ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਇਸ ਬਾਬਤ ਸਾਰਿਆਂ ਨੂੰ ਪਿਛਲੀ ਮੀਟਿੰਗ ਵਿਚ ਜਾਣੂੰ ਕਰਵਾ ਚੁੱਕੇ ਹਨ। ਉਨਾਂ ਕਿਹਾ ਕਿ ਸਾਡੀ ਪਾਰਟੀ ਦਾ ਕੋਈ ਵੀ ਨੇਤਾ ਤਹਾਨੂੰ ਗਲਤ ਕੰਮ ਦੀ ਸ਼ਿਫਾਰਸ ਨਹੀਂ ਕਰੇਗਾ ਅਤੇ ਨਾ ਹੀ ਕੋਈ ਵੰਗਾਰ ਪਾਵੇਗਾ, ਸੋ ਤੁਸੀਂ ਬਿਨਾ ਕਿਸੇ ਦਬਾਅ ਦੇ ਆਪਣੇ ਕੰਮ ਪਾਰਦਰਸ਼ੀ ਢੰਗ ਨਾਲ ਕਰੋ। ਸ. ਧਾਲੀਵਾਲ ਨੇ ਕਿਹਾ ਕਿ ਸਾਡੀ ਪਾਰਟੀ ਦਾ ਸੁਪਨਾ ਸ਼ਹੀਦ ਭਗਤ ਸਿੰਘ ਹੁਰਾਂ ਦੇ ਸੁਪਨਿਆਂ ਦਾ ਪੰਜਾਬ ਹੈ ਅਤੇ ਇਸ ਆਸ਼ੇ ਦੀ ਪੂੁਰਤੀ ਲਈ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਨਾਉਣ ਲਈ ਆਪਾਂ ਸਾਰਿਆਂ ਨੇ ਕੰਮ ਕਰਨਾ ਹੈ।

ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਲਈ ਸਾਰੇ ਇਕ ਟੀਮ ਵਜੋਂ ਕੰਮ ਕਰਨ-ਧਾਲੀਵਾਲ

ਧਾਲੀਵਾਲ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਸਭ ਤੋਂ ਪਹਿਲੀ ਤਰਜੀਹ ਹਨ ਅਤੇ ਸਭ ਤੋਂ ਪਹਿਲਾਂ ਕੰਮ ਇਸ ਪਾਸੇ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਆਮ ਤੌਰ ਉਤੇ ਉਹ ਆਦਮੀ ਹੀ ਜਾਂਦਾ ਹੈ, ਜਿਸ ਕੋਲੋਂ ਪੈਸੇ ਦੀ ਘਾਟ ਹੈ ਅਤੇ ਅੱਗੋਂ ਜੇ ਉਸਦਾ ਉਥੇ ਵੀ ਇਲਾਜ ਨਾ ਹੋਵੇ ਜਾਂ ਡਾਕਟਰ ਹੱਥ ਨਾ ਪਾਵੇ ਤਾਂ ਉਹ ਆਦਮੀ ਕਿਧਰ ਜਾਵੇ ? ਇਹ ਸਵਾਲ ਡਾਕਟਰ ਤੇ ਹੋਰ ਸਟਾਫ ਆਪਣੇ ਆਪ ਨਾਲ ਕਰਨ। ਉਨਾਂ ਕਿਹਾ ਕਿ ਅੱਜ ਲੋਕ ਸਾਡੇ ਭੈੜੇ ਸਿਸਟਮ ਤੋਂ ਤੰਗ ਆ ਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ ਅਤੇ ਇਸ ਸਿਸਟਮ ਨੂੰ ਆਪਾਂ ਸਾਰਿਆਂ ਨੇ ਸੁਧਾਰਨਾ ਹੈ, ਇਹ ਸਾਡਾ ਟੀਚਾ ਹੈ।

ਉਨਾਂ ਕਿਹਾ ਕਿ ਇਸ ਵੇਲੇ ਪੰਜਾਬ ਆਰਥਿਕ, ਸਮਾਜਿਕ, ਖੇਤੀਬਾੜੀ, ਵਪਾਰ, ਉਦਯੋਗ, ਖੇਡਾਂ ਸਾਰੇ ਪਾਸੇ ਪਛੜ ਚੁੱਕਾ ਹੈ ਤੇ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਇੰਨੀ ਬੁਰੀ ਤਰਾਂ ਲੁੱਟਿਆ ਹੈ ਕਿ ਆਮ ਬੰਦਾ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਉਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਅਸੀਂ ਇਹ ਸਾਰੀ ਕੀਤੀ ਲੁੱਟ ਅੰਕੜਿਆਂ ਸਮੇਤ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ। ਸ ਧਾਲੀਵਾਲ ਨੇ ਕਿਹਾ ਕਿ ਭਵਿਖ ਵਿਚ ਜਿਸ ਵੀ ਵਿਭਾਗ ਦੀ ਤਕਨੀਕੀ ਟੀਮ ਨੇ ਕੋਈ ਪ੍ਰਾਜੈਕਟ ਬਨਾਉਣ ਵਿਚ ਲਾਪਰਵਾਹੀ ਕੀਤੀ ਉਹ ਅਧਿਕਾਰੀ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ। ਉਨਾਂ ਕਿਹਾ ਕਿ ਤੁਹਾਡੇ ਕੀਤੇ ਕੰਮਾਂ ਤੋਂ ਲੋਕਾਂ ਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ਸਰਕਾਰ ਵਾਕਿਆ ਹੀ ਬਦਲ ਗਈ ਹੈ। ਨਾ ਕੋਈ ਲੁੱਟ ਰਹੇ ਤੇ ਨਾ ਕੰਮ ਕਰਵਾਉਣ ਵਿਚ ਕੋਈ ਪਰੇਸ਼ਾਨੀ। ਅੰਮ੍ਰਿਤਸਰ ਦੀ ਗੱਲ ਕਰਦੇ ਉਨਾਂ ਸ਼ਹਿਰ ਦੀ ਟ੍ਰੈਫਿਕ ਵਿਚ ਸੁਧਾਰ ਕਰਨ ਦੀ ਹਦਾਇਤ ਕੀਤੀ। ਉਨਾਂ ਗਲਤ ਪਾਰਕਿੰਗ, ਸੜਕਾਂ ਕਿਨਾਰੇ ਲੱਗਦੀਆਂ ਰੇਹੜੀਆਂ, ਅਵਾਰਾ ਜਾਨਵਰਾਂ ਦਾ ਸੜਕਾਂ ਤੇ ਘੁੰਮਣਾ, ਬਿਨਾਂ ਵਜਾ ਕੀਤੀ ਬੈਰੀਕੇਡਿੰਗ ਵਰਗੇ ਮੁੱਦੇ ਅਧਿਕਾਰੀਆਂ ਨਾਲ ਸਾਂਝੇ ਕਰਦੇ ਇੰਨਾਂ ਦਾ ਹੱਲ ਕਰਨ ਦੀ ਹਦਾਇਤ ਕੀਤੀ। ਸ. ਧਾਲੀਵਾਲ ਨੇ ਆ ਰਹੇ ਕਣਕ ਦੇ ਸੀਜਨ ਨੂੰ ਧਿਆਨ ਵਿਚ ਰੱਖਦੇ ਮੰਡੀ ਅਧਿਕਾਰੀਆਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਲਈ ਮੰਡੀਆਂ ਵਿਚ ਹਰ ਤਰਾਂ ਦੇ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਵੀ ਕੀਤੀ।

ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਲਈ ਸਾਰੇ ਇਕ ਟੀਮ ਵਜੋਂ ਕੰਮ ਕਰਨ-ਧਾਲੀਵਾਲ

ਇਸ ਮੌਕੇ ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ, ਅਟਾਰੀ ਦੇ ਵਿਧਾਇਕ ਸ. ਜਸਵਿੰਦਰ ਸਿੰਘ ਰਮਦਾਸ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੰਦੀਪ ਰਿਸ਼ੀ, ਜਿਲ੍ਹਾ ਪੁਲਿਸ ਮੁਖੀ ਸ੍ਰੀ ਦੀਪਕ ਹਿਲੋਰੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਣਬੀਰ ਸਿੰਘ ਮੂਧਲ, ਵਧੀਕ ਡਿਪਟੀ ਕਮਿਸ਼ਨਰੀ ਸ਼ਹਿਰੀ ਸ੍ਰੀ ਸੰਜੀਵ ਅਤੇ ਐਸ ਡੀ ਐਮਜ਼ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

-PTC News

Related Post