ਮਨੁੱਖਤਾ ਦੀ ਸਭ ਤੋਂ ਉੱਤਮ ਸੇਵਾ - ਖ਼ੂਨਦਾਨ- ਵਿਸ਼ਵ ਖ਼ੂਨਦਾਤਾ ਦਿਵਸ 2020

By  Kaveri Joshi June 14th 2020 01:10 PM

ਸਿਹਤ-ਮਨੁੱਖਤਾ ਦੀ ਸਭ ਤੋਂ ਉੱਤਮ ਸੇਵਾ - ਖ਼ੂਨਦਾਨ- ਵਿਸ਼ਵ ਖ਼ੂਨਦਾਤਾ ਦਿਵਸ 2020: ਕਿਸੇ ਦੇ ਹੱਥ ਜ਼ਿੰਦਗੀ ਫੜਾ ਕੇ , ਕਿਸੇ ਦੇ ਰੁਕ ਰਹੇ ਸਾਹਾਂ ਨੂੰ ਸਾਹਾਂ ਦੀ ਡੋਰ ਨਾਲ ਜੋੜ ਕੇ , ਕਿਸੇ ਦੀਆਂ ਬੇਬਸ ਰਗਾਂ 'ਚ ਖੂਨ ਭਰ ਦੇਣ ਵਾਲਾ ਮਨੁੱਖ ਹੀ ਮਨੁੱਖਤਾ ਦੀ ਸੇਵਾ ਦੀ ਅਸਲ ਪਰਿਭਾਸ਼ਾ ਜਾਣਦਾ ਹੈ। ਕਿਸੇ ਨੂੰ ਜੀਵਨ ਦਾਨ ਦੇਣਾ ਸਭ ਤੋਂ ਉੱਤਮ ਸੇਵਾ ਹੈ। ਇਸ ਲਈ ਤਾਂ ਕਿਹਾ ਜਾਂਦਾ ਹੈ 'ਖ਼ੂਨਦਾਨ ਮਹਾਂਦਾਨ' । ਅੱਜ ਵਿਸ਼ਵ ਖ਼ੂਨਦਾਤਾ ਦਿਵਸ ਹੈ, ਅੱਜ ਦੇ ਦਿਨ ਆਪਣੀ ਸਵੈ-ਇੱਛਿਤ ਭਾਵਨਾ ਸਹਿਤ ਕਈ ਖੂਨਦਾਨੀਆਂ ਵਲੋਂ ਕਿਸੇ ਦੀ ਜ਼ਿੰਦਗੀ ਨੂੰ ਬਚਾਉਣ ਦੇ ਟੀਚੇ ਨਾਲ ਖੂਨਦਾਨ ਕੀਤਾ ਜਾਏਗਾ ਅਤੇ ਇਸ ਅਨਮੋਲ ਕਾਰਜ ਲਈ ਰਕਤ ਦਾਤਾਵਾਂ ਦੀ ਇਸ ਦਿਨ ਸਰਾਹਨਾ ਵੀ ਕੀਤੀ ਜਾਵੇਗੀ । https://www.ptcnews.tv/wp-content/uploads/2020/06/WhatsApp-Image-2020-06-14-at-12.06.23-PM.jpeg ਹਰ ਸਾਲ 14 ਜੂਨ ਨੂੰ ਵਿਸ਼ਵ ਭਰ ਦੇ ਤਮਾਮ ਦੇਸ਼ ਵਿਸ਼ਵ ਖੂਨ ਦਾਨ ਦਿਵਸ (WBDD) ਮਨਾਉਂਦੇ ਹਨ । ਇਸਦੀ ਸ਼ੁਰੂਆਤ ਦਾ ਮਕਸਦ ਸੁਰੱਖਿਅਤ ਅਤੇ ਸਿਹਤਮੰਦ ਖੂਨ ਅਤੇ ਖੂਨ ਦੇ ਉਤਪਾਦਾਂ ਦੀ ਜ਼ਰੂਰਤ ਪ੍ਰਤੀ ਜਾਗਰੂਕਤਾ ਲਿਆਓਣਾ ਹੈ । ਇਸ ਦਿਨ ਖੂਨਦਾਨੀਆਂ ਨੂੰ ਉਨ੍ਹਾਂ ਦੀ ਸਵੈ-ਇੱਛੁਕ ਭਾਵਨਾ ਨਾਲ ਦੂਸਰੇ ਜ਼ਰੂਰਤਮੰਦ ਲੋਕਾਂ ਦੇ ਜੀਵਨ-ਬਚਾਉਣ ਦੇ ਅਮੁੱਲ ਤੋਹਫ਼ੇ ਦੇਣ ਲਈ ਸ਼ੁਕਰੀਆ ਅਦਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਹੋਰ ਹੱਲਾਸ਼ੇਰੀ ਦਿੱਤੀ ਜਾਂਦੀ ਹੈ । ਵਿਸ਼ਵ ਖੂਨ ਦਾਨ ਦਿਵਸ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ ਦਰਸਾਈਆਂ ਗਈਆਂ ਅੱਠ ਸਰਕਾਰੀ ਗਲੋਬਲ ਜਨਤਕ ਸਿਹਤ ਮੁਹਿੰਮਾਂ - ਵਿਸ਼ਵ ਸਿਹਤ ਦਿਵਸ, ਵਿਸ਼ਵ ਟੀਬੀ ਦਿਵਸ, ਵਿਸ਼ਵ ਟੀਕਾਕਰਨ ਹਫਤਾ, ਵਿਸ਼ਵ ਮਲੇਰੀਆ ਦਿਵਸ, ਵਿਸ਼ਵ ਤੰਬਾਕੂ ਦਿਵਸ, ਵਿਸ਼ਵ ਹੈਪੇਟਾਈਟਸ ਦਿਵਸ ਅਤੇ ਵਿਸ਼ਵ ਏਡਜ਼ ਦਿਵਸ ਵਿੱਚੋਂ ਇੱਕ ਹੈ। ਇਤਿਹਾਸ ਕਹਿੰਦਾ ਹੈ ਕਿ ਇਹ (WBDD) ਕਾਰਲ ਲੈਂਡਸਟਾਈਨਰ ਦੇ ਜਨਮਦਿਨ' ਤੇ 14 ਜੂਨ, 1868 ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਖੂਨ ਦਾਨ ਦਿਵਸ ਸਾਰੇ ਦਾਨੀ ਲੋਕਾਂ ਨੂੰ ਕਾਰਲ ਲੈਂਡਸਟਾਈਨਰ ( ਇੱਕ ਵਿਗਿਆਨੀ , ਜਿਸਨੇ ਨੋਬਲ ਪੁਰਸਕਾਰ ਜਿੱਤਿਆ ਸੀ) ਦੇ ਜਨਮਦਿਨ ਨੂੰ ਮਨਾਉਣ ਲਈ ਮਿੱਥਿਆ ਗਿਆ ਹੈ। ਕਾਰਲ ਕਾਰਲ ਲੈਂਡਸਟਾਈਨਰ (1868–1943) ਜਿਸਨੇ ਏਬੀਓ ਬਲੱਡ ਗਰੁੱਪ ਸਿਸਟਮ ਦੀ ਖੋਜ ਕੀਤੀ ਸੀ, ਜੋ ਕਿ ਇੱਕ ਆਸਟ੍ਰੀਆ ਦੇ ਜੀਵ-ਵਿਗਿਆਨੀ ਅਤੇ ਚਿਕਿਤਸਕ ਸੀ , ਨੂੰ ਆਧੁਨਿਕ ਖੂਨ ਸੰਚਾਰ ਦਾ "ਬਾਨੀ" ਮੰਨਿਆ ਜਾਂਦਾ ਹੈ। ਹਰ ਸਾਲ WHO ਵਲੋਂ ਇਸ ਦਿਵਸ ਨੂੰ ਮੁੱਖ ਰੱਖ ਕੇ ਸਮਾਗਮ ਕਰਵਾਏ ਜਾਂਦੇ ਹਨ ਪਰ ਇਸ ਸਾਲ ਕੋਰੋਨਾ- ਮਹਾਮਾਰੀ ਦੇ ਚਲਦੇ ਡਬਲਯੂਐਚਓ ਇੱਕ ਗਲੋਬਲ ਵਰਚੁਅਲ ਮੁਹਿੰਮ ਚਲਾਏਗੀ। ਵਿਸ਼ਵ ਸਿਹਤ ਸੰਗਠਨ ਵਲੋਂ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ । ਖੂਨਦਾਨ ਕੈਂਪਾਂ 'ਚ ਹਰ ਸਾਲ ਲੋਕ ਲਹੂ ਦਾਨ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ । ਇੱਕ ਤਾਂ ਇਸ ਨਾਲ ਖੂਨਦਾਤਾ ਸਿਹਤਮੰਦ ਰਹਿੰਦਾ ਹੈ ਦੂਜਾ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ। ਖੂਨਦਾਨ ਕਰਨ ਨਾਲ ਲਹੂ ਦਾ ਸੰਚਾਰ ਵਧੀਆ ਰਹਿੰਦਾ ਹੈ, ਇਸ ਨਾਲ ਲਿਵਰ ਵੀ ਤੰਦਰੁਸਤ ਰਹਿੰਦਾ ਹੈ। ਖੂਨਦਾਨ ਕਰਨਾ ਰੂਹ ਨੂੰ ਆਨੰਦਮਈ ਅਹਿਸਾਸ ਦੀ ਪ੍ਰਾਪਤੀ ਹੈ, ਜੇਕਰ ਅਸੀਂ ਕਿਸੇ ਦੇ ਕੰਮ ਆ ਸਕਦੇ ਹਾਂ ਤਾਂ ਜ਼ਰੂਰ ਇਸ ਨੇਕ ਕੰਮ ਦਾ ਲਾਹਾ ਲਈਏ, ਬਸ਼ਰਤੇ ਅਸੀਂ ਖੁਦ ਸਿਹਤਮੰਦ ਹਾਂ ਤਾਂ! ਬਿਮਾਰ ਵਿਅਕਤੀ ਨੂੰ ਖੂਨਦਾਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। 18-65 ਸਾਲ ਦਾ ਕੋਈ ਵੀ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ। ਖੂਨਦਾਨ ਦਾ ਮਹੱਤਵ ਸਮਝਣ ਵਾਲੇ ਖੂਨਦਾਨੀਆਂ ਦੀ ਜਿੰਨੀ ਸਰਾਹਨਾ ਕੀਤੀ ਜਾਵੇ ਘੱਟ ਹੈ। ਦੇਸ਼ ਭਰ 'ਚ ਨਿੱਤ ਹਜ਼ਾਰਾਂ ਹਾਦਸੇ ਹੁੰਦੇ ਹਨ , ਕੁਝ ਬਿਮਾਰ ਜਿਹਨਾਂ ਦੀ ਹਾਲਤ ਅਜਿਹੀ ਹੁੰਦੀ ਹੈ ਕਿ ਉਹਨਾਂ ਨੂੰ ਖੂਨ ਦੇਣਾ ਅਤਿ ਜ਼ਰੂਰੀ ਹੋ ਜਾਂਦਾ ਹੈ , ਅਜਿਹੇ 'ਚ ਸਾਡੇ ਰਕਤ ਦਾਤੇ ਹੀ ਰੱਬ ਬਣ ਉਹਨਾਂ ਦੀ ਜ਼ਿੰਦਗੀ ਬਚਾਉਂਦੇ ਹਨ । ਖੂਨਦਾਨ ਬਹੁਤ ਉੱਤਮ ਦਾਨ ਹੈ , ਚਾਹੇ ਕੋਈ ਹੋਰ ਪੁੰਨ ਨਾ ਵੀ ਕਰ ਸਕੇ ਇਨਸਾਨ ਪਰ ਜੇਕਰ ਉਸਦੇ ਲਹੂ ਦੀ ਇੱਕ ਬੂੰਦ ਵੀ ਕਿਸੇ ਦੀ ਜਾਨ ਬਚਾ ਸਕਦੀ ਹੈ ਤਾਂ ਇਸਤੋਂ ਵੱਧ ਕੇ ਸਕੂਨ ਵਾਲੀ ਗੱਲ ਕੋਈ ਨਹੀਂ ।

Related Post