Thu, Apr 25, 2024
Whatsapp

ਕੋਰੋਨਾ ਦੀ ਦਹਿਸ਼ਤ:ਪਰਿਵਾਰ ਨੇ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ,ਜ਼ਿਲ੍ਹਾ ਪ੍ਰਸਾਸ਼ਨ ਨੇ ਕੀਤਾ ਅੰਤਿਮ ਸਸਕਾਰ,ਪੜ੍ਹੋ ਪੂਰਾ ਮਾਮਲਾ

Written by  Shanker Badra -- April 07th 2020 01:40 PM

ਕੋਰੋਨਾ ਦੀ ਦਹਿਸ਼ਤ:ਪਰਿਵਾਰ ਨੇ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ,ਜ਼ਿਲ੍ਹਾ ਪ੍ਰਸਾਸ਼ਨ ਨੇ ਕੀਤਾ ਅੰਤਿਮ ਸਸਕਾਰ,ਪੜ੍ਹੋ ਪੂਰਾ ਮਾਮਲਾ:ਅੰਮ੍ਰਿਤਸਰ : ਨਗਰ ਨਿਗਮ ਦੇ ਸਾਬਕਾ ਵਧੀਕ ਕਮਿਸ਼ਨਰ (ਟੈਕਨੀਕਲ) ਜਸਵਿੰਦਰ ਸਿੰਘ, ਜੋ ਕਿ ਬੀਤੇ ਦਿਨੀਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਕੋਵਿਡ- 19 ਦੀ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ, ਦੇ ਪਰਿਵਾਰ ਨੇ ਉਨਾਂ ਦੀ ਮ੍ਰਿਤਕ ਦੇਹ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ  ਸ਼ਿਵਦੁਲਾਰ ਸਿੰਘ ਢਿਲੋਂ ਦੀਆਂ ਹਦਾਇਤਾਂ ਉਤੇ ਐਸ.ਡੀ ਐਮ ਵਿਕਾਸ ਹੀਰਾ, ਏਸੀਪੀ ਜਸਪ੍ਰੀਤ ਸਿੰਘ, ਤਹਿਸੀਲਦਾਰ ਸ੍ਰੀਮਤੀ ਅਰਚਨਾ, ਐਸਐਚਓ ਗੁਰਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਬਾਬਾ ਸ਼ਹੀਦਾਂ ਸਮਸ਼ਾਨ ਘਾਟ ਵਿਚ ਅੱਜ ਸਵੇਰੇ ਧਾਰਮਿਕ ਰਸਮਾਂ ਨਾਲ ਜਸਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਆਪ ਮੌਕੇ ਉਤੇ ਜਾ ਕੇ ਕਰਵਾਇਆ ਹੈ। ਇਸ ਮੌਕੇ ਪਟਵਾਰੀਆਂ ਤੇ ਅੰਮ੍ਰਿਤਸਰ ਮਿਉਂਸੀਪਲ ਦੇ ਕਰਮਚਾਰੀਆਂ ਵੱਲੋਂ ਅਰਥੀ ਨੂੰ ਮੋਢਾ ਦੇਣ ਤੋਂ ਲੈ ਕੇ ਲਾਂਬੂ ਲਗਾਉਣ ਤੱਕ ਦੀ ਸਾਰੀ ਰਸਮ ਨਿਭਾਈ ਗਈ ਹੈ। ਇਸ ਦੌਰਾਨ ਅਰਦਾਸ ਲਈ ਗ੍ਰੰਥੀ ਸਿੰਘ ਦਾ ਪ੍ਰਬੰਧ ਵੀ ਤਹਿਸੀਲਦਾਰ ਸ੍ਰੀਮਤੀ ਅਰਚਨਾ ਵੱਲੋਂ ਗੁਰਦੁਆਰਾ ਸਾਹਿਬ ਤੋਂ ਕਰਵਾਇਆ ਗਿਆ ਹੈ। ਅੰਮ੍ਰਿਤਸਰ ਦੇ ਐਸਡੀਐਮਵਿਕਾਸ ਹੀਰਾ ਨੇ ਦੱਸਿਆ ਕਿ ਪਹਿਲਾਂ ਹਸਪਤਾਲ ਅਤੇ ਫਿਰ ਅਸੀਂ ਪਰਿਵਾਰ ਨਾਲ ਮ੍ਰਿਤਕ ਦੇਹ ਲੈਣ ਲਈ ਰਾਬਤਾ ਕੀਤਾ ਸੀ ਪਰ ਉਨਾਂ ਵੱਲੋਂ ਹਾਂ ਵਿਚ ਜਵਾਬ ਨਹੀਂ ਮਿਲਿਆ। ਉਨਾਂ ਦੱਸਿਆ ਕਿ ਜਸਵਿੰਦਰ ਸਿੰਘ ਜੋ ਕਿ ਉਚੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ, ਦੀ ਬੇਟੀ ਵੀ ਡਾਕਟਰੀ ਦੀ ਪੜਾਈ ਕਰ ਰਹੀ ਹੈ ਅਤੇ ਉਸਨੇ ਵੀ ਮ੍ਰਿਤਕ ਦੇਹ ਲੈਣ ਲਈ ਹੁੰਗਾਰਾ ਤੱਕ ਨਹੀਂ ਭਰਿਆ ਅਤੇ ਇਥੋਂ ਤੱਕ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਸਮਸ਼ਾਨਘਾਟ ਤੱਕ ਵੀ ਨਹੀਂ ਪੁੱਜਾ। ਸਿੱਟੇ ਵਜੋਂ ਪ੍ਰਸ਼ਾਸ਼ਨ ਵੱਲੋਂ ਗਈ ਸਮੁੱਚੀ ਟੀਮ ਨੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਹਨ। ਦੱਸ ਦੇਈਏ ਕਿ ਕੋਰੋਨਾ ਦੀ ਦਹਿਸ਼ਤ ਕਰਕੇ ਇਹ ਪੰਜਾਬ ਦਾ ਦੂਜਾ ਮਾਮਲਾ ਹੈ ,ਜਿੱਥੇ ਪਰਿਵਾਰ ਨੇ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਲੁਧਿਆਣਾ ਦੀ ਵਸਨੀਕ ਸੁਰਿੰਦਰ ਕੌਰ ਦਾ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ ਸੀ, ਜਿਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਾਉਣ ਤੋਂ ਪਰਿਵਾਰ ਨੇ ਹੱਥ ਪਿੱਛੇ ਖਿੱਚ ਲਏ ਸਨ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਤਿੰਨ ਅਧਿਕਾਰੀਆਂ ਨੇ ਮ੍ਰਿਤਕ ਸੁਰਿੰਦਰ ਕੌਰ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਹਨ। -PTCNews


Top News view more...

Latest News view more...