ਹੋਰ ਖਬਰਾਂ

ਸ਼੍ਰੋਮਣੀ ਕਮੇਟੀ ਨੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤੀ ਪ੍ਰਬੰਧਾਂ ਲਈ ਟੈਂਡਰ ਦੇ ਵੇਰਵੇ ਕੀਤੇ ਜਾਰੀ

By Jashan A -- November 25, 2019 6:27 pm

ਸ਼੍ਰੋਮਣੀ ਕਮੇਟੀ ਨੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤੀ ਪ੍ਰਬੰਧਾਂ ਲਈ ਟੈਂਡਰ ਦੇ ਵੇਰਵੇ ਕੀਤੇ ਜਾਰੀ,ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਲਗਾਏ ਗਏ ਪੰਡਾਲ, ਲਾਈਟ ਐਂਡ ਸਾਊਂਡ, ਡਰੋਨ, ਦੀਪਮਾਲਾ ਤੇ ਹੋਰ ਵੱਖ-ਵੱਖ ਸੇਵਾਵਾਂ ਲਈ ਕੀਤੇ ਗਏ ਖਰਚਿਆਂ ਦਾ ਵੇਰਵਾ ਜਾਰੀ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਹ ਵੇਰਵੇ ਜਾਰੀ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਇਕ ਸੰਗਤੀ ਅਦਾਰਾ ਹੈ, ਜਿਸ ਅਧੀਨ ਵੱਖ-ਵੱਖ ਅਦਾਰਿਆਂ ਅਤੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚੱਲਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਹਰ ਮਹੀਨੇ ਸ਼੍ਰੋਮਣੀ ਕਮੇਟੀ ਵੱਲੋਂ ਆਮਦਨ ਅਤੇ ਖਰਚ ਦੇ ਵੇਰਵੇ ਸ਼੍ਰੋਮਣੀ ਕਮੇਟੀ ਦੇ ਮਾਸਿਕ ਪੱਤਰ ਗੁਰਦੁਆਰਾ ਗਜ਼ਟ ਵਿਚ ਜਾਰੀ ਕੀਤੇ ਜਾਂਦੇ ਹਨ, ਪਰੰਤੂ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਦੀ ਸਹੂਲਤ ਲਈ ਕੀਤੇ ਪ੍ਰਬੰਧਾਂ ਬਾਰੇ ਵੀ ਸੰਗਤ ਨੂੰ ਤੁਰੰਤ ਪਤਾ ਲੱਗਣਾ ਚਾਹੀਦਾ ਹੈ, ਤਾਂ ਜੋ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਮਨਘੜਤ ਬਿਆਨਬਾਜ਼ੀ ਬਾਰੇ ਸਥਿਤੀ ਸਪੱਸ਼ਟ ਹੋ ਸਕੇ।

ਹੋਰ ਪੜ੍ਹੋ:ਕੌਮਾਂਤਰੀ ਨਗਰ ਕੀਰਤਨ ਦੌਰਾਨ ਚੜ੍ਹਾਵੇ ਦੇ ਪੈਸਿਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਸਕੂਲ ਖੋਲ੍ਹਣ ਦੀ ਸਿਫਾਰਸ਼

ਉਨ੍ਹਾਂ ਦੱਸਿਆ ਕਿ ਵਾਤਾਨਕੂਲ ਤੇ ਵਾਟਰਪਰੂਫ ਪੰਡਾਲ, ਮੀਡੀਆ ਸੈਂਟਰ, ਜੋੜਾ ਘਰ, ਵੀ.ਆਈ.ਪੀ. ਲੌਂਜ, ਪਖਾਨੇ ਆਦਿ ਲਈ 3 ਕਰੋੜ 39 ਲੱਖ 72 ਹਜ਼ਾਰ ਰੁਪਏ, ਲਾਈਟ ਐਂਡ ਸਾਊਂਡ ਲਈ 1 ਕਰੋੜ 65 ਲੱਖ 34 ਹਜ਼ਾਰ ਰੁਪਏ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸਾਹਿਬ ਤੋਂ ਗੁਰੂ ਨਾਨਕ ਸਟੇਡੀਅਮ ਤੱਕ ਲਾਈਟਿੰਗ ਲਈ 1 ਕਰੋੜ 58 ਲੱਖ 45 ਹਜ਼ਾਰ ਰੁਪਏ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਇਮਾਰਤ ’ਤੇ ਲਾਈਟਿੰਗ ਅਤੇ ਵੀਡੀਓ ਪ੍ਰੋਜੈਕਸ਼ਨ ਮੈਪਿੰਗ ਲਈ 35 ਲੱਖ 13 ਹਜ਼ਾਰ ਰੁਪਏ, ਬੇਬੇ ਨਾਨਕੀ ਨਿਵਾਸ ’ਤੇ ਲਾਈਟਾਂ ਅਤੇ ਵੀਡੀਓ ਪ੍ਰੋਜੈਕਸ਼ਨ ਮੈਪਿੰਗ ਲਈ 24 ਲੱਖ 80 ਹਜ਼ਾਰ ਰੁਪਏ, ਲੇਜ਼ਰ ਸ਼ੋਅ ਲਈ 27 ਲੱਖ 56 ਹਜ਼ਾਰ ਰੁਪਏ ਅਤੇ ਡਰੋਨ ਸ਼ੋਅ ਲਈ 1 ਕਰੋੜ 75 ਲੱਖ ਰੁਪਏ ਦਾ ਟੈਂਡਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਰਚਿਆਂ ਉੱਪਰ ਲੱਗਣ ਵਾਲੇ ਜੀ.ਐਸ.ਟੀ. ਦੀ ਰਾਸ਼ੀ ਵੱਖਰੀ ਹੈ।

ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ ਪਾਤਸ਼ਾਹ ਜੀ ਦੇ ਇਸ ਇਤਿਹਾਸਕ ਦਿਹਾੜੇ ਮੌਕੇ ਪੰਡਾਲ ਸਮੇਤ ਜੋ ਵੀ ਪ੍ਰਬੰਧ ਕੀਤੇ ਗਏ ਉਨ੍ਹਾਂ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਆਰਡਰ ਨੰਬਰ 152, ਮਿਤੀ 5-8-2019 ਰਾਹੀਂ ਇਕ ਹਾਈਪਾਵਰ ਸਬ-ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਵੱਲੋਂ ਨਿਯਮਾਂ ਅਨੁਸਾਰ ਹੀ ਪੰਡਾਲ ਤੇ ਹੋਰ ਕੰਮਾਂ ਦਾ ਟੈਂਡਰ ਦਿੱਤਾ ਗਿਆ ਸੀ।

ਮੁੱਖ ਸਕੱਤਰ ਨੇ ਕਿਹਾ ਕਿ ਇਹੀ ਨਹੀਂ ਅਜਿਹੇ ਹਰ ਵਿਸ਼ਾਲ ਕਾਰਜ ਲਈ ਪ੍ਰਧਾਨ ਸਾਹਿਬ ਵੱਲੋਂ ਕਮੇਟੀਆਂ ਨਿਯਤ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਸਿਫਾਰਸ਼ ਵੀ ਪ੍ਰਧਾਨ ਸਾਹਿਬ ਹੀ ਪ੍ਰਵਾਨ ਕਰਦੇ ਹਨ। ਉਨ੍ਹਾਂ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਤੇ ਗਏ ਟੈਂਡਰ ਸਬੰਧੀ ਸਪੱਸ਼ਟ ਕੀਤਾ ਕਿ ਅਖ਼ਬਾਰਾਂ ਵਿਚ ਇਸ਼ਤਿਹਾਰ ਦੇਣ ਮਗਰੋਂ ਸ਼ਰਤਾਂ ਪੂਰੀਆਂ ਕਰਨ ਵਾਲੀ ਫਰਮ ਨੂੰ ਹੀ ਸਬ-ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਇਹ ਆਰਡਰ ਸਕੱਤਰ ਧਰਮ ਪ੍ਰਚਾਰ ਕਮੇਟੀ ਵੱਲੋਂ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਮੌਕੇ ਸਾਰੇ ਪ੍ਰਬੰਧ ਸੰਗਤ ਲਈ ਕੀਤੇ ਗਏ ਸਨ, ਜਦਕਿ ਕੁਝ ਲੋਕ ਇਸ ਮਾਮਲੇ ਨੂੰ ਜਾਣਬੁਝ ਕੇ ਤੂਲ ਦੇ ਰਹੇ ਹਨ। ਮੁੱਖ ਸਕੱਤਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦਾ ਹਰ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਂਦਾ ਹੈ ਅਤੇ ਕੀਤੇ ਜਾਂਦੇ ਖਰਚਿਆਂ ਦਾ ਵੇਰਵਾ ਵੀ ਗੁਰਦੁਆਰਾ ਗਜ਼ਟ ਮਾਸਿਕ ਰਾਹੀਂ ਹਰ ਮਹੀਨੇ ਜਨਤਕ ਕੀਤਾ ਜਾਂਦਾ ਹੈ।

-PTC News

  • Share