ਵਿਦਿਆਰਥੀਆਂ ਦੇ ਭਵਿੱਖ ਦੀ ਫ਼ਿਕਰਮੰਦ ਅਧਿਆਪਕਾ ਨੇ ਸਿੱਖਿਆ ਵਿਭਾਗ ਦੇ ਸਨਮਾਨ ਨੂੰ ਨਕਾਰਿਆ

ਵਿਦਿਆਰਥੀਆਂ ਦੇ ਭਵਿੱਖ ਦੀ ਫ਼ਿਕਰਮੰਦ ਅਧਿਆਪਕਾ ਨੇ ਸਿੱਖਿਆ ਵਿਭਾਗ ਦੇ ਸਨਮਾਨ ਨੂੰ ਨਕਾਰਿਆ,ਸ੍ਰੀ ਅੰਮ੍ਰਿਤਸਰ ਸਾਹਿਬ: ਸਿੱਖਿਆ ਵਿਭਾਗ ਵੱਲੋਂ ਕੱਲ੍ਹ ਯਾਨੀ ਕਿ 13 ਸਤੰਬਰ 2019 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ‘ਚ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਪਰ ਉਥੇ ਹੀ ਪੰਜਾਬ ਸਰਕਾਰ ਤੋਂ ਕੁਝ ਅਧਿਆਪਕ ਨਰਾਜ਼ ਚੱਲ ਰਹੇ ਹਨ। ਅਜਿਹੇ ‘ਚ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਛੱਜਲਵੰਡੀ ‘ਚ ਸਰਕਾਰੀ ਕੰਨਿਆ ਹਾਈ ਸਕੂਲ ਦੀ ਅਧਿਆਪਕਾ ਨੇ ਇਸ ਸਮਾਰੋਹ ‘ਚ ਆਪਣਾ ਸਨਮਾਨ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।

ਕੰਵਲਜੀਤ ਕੌਰ ਨਾਮ ਦੀ ਇਸ ਮਹਿਲਾ ਅਧਿਆਪਕ ਨੇ ਚਿੱਠੀ ਲਿਖ ਕੇ ਇਹ ਸਪਸ਼ਟ ਕੀਤਾ ਹੈ ਕਿ ਆਪਣਾ ਸਨਮਾਨ ਪ੍ਰਾਪਤ ਕਰਨ ਨਹੀਂ ਜਾਵਾਂਗੀ। ਚਿੱਠੀ ‘ਚ ਉਸ ਨੇ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨਾਲ ਕੀਤੇ ਜਾ ਰਹੇ ਰੱਵਈਏ ਨੂੰ ਬਿਆਨ ਕੀਤਾ ਹੈ। ਉਹਨਾਂ ਲਿਖਿਆ ਕਿ ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਪੰਜਾਬ ਸਰਕਾਰ ਅਤੇ ਇਸਦੇ ਉੱਚ ਸਿੱਖਿਆ ਅਧਿਕਾਰੀਆਂ ਦਾ ਹਕੀਕਤ ‘ਚ ਗੁਣਵੱਤੀ ਸਿਖਿਆ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਵਧੀਆ ਅਧਿਆਪਕਾਂ ਨੂੰ ਹਰ ਰੋਜ਼ ਜ਼ਲੀਲ ਹੋਣਾ ਪੈ ਰਿਹਾ ਹੈ।

ਹੋਰ ਪੜ੍ਹੋ: ਫਾਜ਼ਿਲਕਾ: ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹੈ ਲੋੜਵੰਦਾਂ ਦੀ ਸਿਹਤ ਨਾਲ ਖਿਲਵਾੜ੍ਹ, ਦੇਖੋ ਵੀਡੀਓ

ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਸਿੱਖਿਆ ਨਾਲ ਜੁੜੀਆਂ ਵਾਜਬ ਮੰਗਾਂ ‘ਤੇ ਵਿਚਾਰ ਕਰਨ ਦੀ ਬਜਾਏ ਅਧਿਆਪਕਾਂ ਨੂੰ ਮੁਅੱਤਲੀਆਂ, ਬਦਲੀਆਂ ਅਤੇ ਟਰਮੀਨੇਸ਼ਨਾਂ ਨਾਲ ਨਿਵਾਜਿਆ ਗਿਆ ਸੀ।

ਚਿੱਠੀ ‘ਚ ਉਹਨਾਂ ਲਿਖਿਆ ਕਿ ਵੱਖ-ਵੱਖ ਕੈਟਾਗਿਰੀ ਦੇ ਅਧਿਆਪਕਾਂ ਨੂੰ ਤੀਹ-ਤੀਹ ਹਜ਼ਾਰ ਤਨਖਾਹਾਂ ਘਟਾ ਕੇ 15, 300 ਰੁਪਏ ਤੇ ਜਬਰੀ ਪੱਕਾ ਕਰਨਾ, ਹਜ਼ਾਰਾਂ ਅਧਿਆਪਕਾਂ ਨੂੰ ਆਪਣੇ ਘਰਾਂ ਤੋਂ 250-250 ਕਿਲੋਮੀਟਰ ਦੂਰ ਸਿਰਫ 10,300 ਰੁਪਏ ‘ਤੇ ਕੰਮ ਕਰਨ ਮਜਬੂਰ ਕਰਨ ਆਦਿ ਬਹੁਤ ਕੁਝ ਮੈਨੂੰ ਪੀੜਾ ਦਿੰਦਾ ਹੈ ਅਤੇ ਸਭ ਤੋਂ ਵੱਧ ਸਿਖਿਆ ਦਾ ਕੀਤਾ ਜਾ ਰਿਹਾ ਨਿੱਜੀਕਰਨ ਕਸ਼ਟਦਾਇਕ ਹੈ।

ਉਹਨਾਂ ਕਿਹਾ ਕਿ ਮੇਰਾ ਅਸਲੀ ਸਨਮਾਨ ਮੇਰੇ ਵਿਦਿਆਰਥੀਆਂ ਦੀ ਤਰੱਕੀ ਅਤੇ ਉਹਨਾਂ ਦਾ ਪਿਆਰ ਹੈ ਜੋ ਮੈਨੂੰ ਭਰਪੂਰ ਮਿਲ ਰਿਹਾ ਹੈ। ਸਨਮਾਨ ਸਮਾਰੋਹ ਵਾਲੇ ਦਿਨ ਮੈਂ ਆਪਣੇ ਸਕੂਲ ‘ਚ ਹਾਜ਼ਰ ਰਹਿ ਕੇ ਵਿਦਿਆਰਥੀਆਂ ਨੂੰ ਪੜ੍ਹਾਵਾਂਗੀ ਅਤੇ ਭਵਿੱਖ ‘ਚ ਹੋਰ ਜਿਆਦਾ ਤਨਦੇਹੀ ਨਾਲ ਆਪਣੀ ਡਿਊਟੀ ਕਰਦੇ ਰਹਿਣ ਦੀ ਕੋਸ਼ਿਸ਼ ਕਰਾਂਗੀ।

-PTC News