550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ 15 ਅਗਸਤ ਤੋਂ ਆਰੰਭ ਹੋਵੇਗੀ ਚਿੱਤਰਕਲਾ ਵਰਕਸ਼ਾਪ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ 15 ਅਗਸਤ ਤੋਂ ਆਰੰਭ ਹੋਵੇਗੀ ਚਿੱਤਰਕਲਾ ਵਰਕਸ਼ਾਪ

ਸੁਲਤਾਨਪੁਰ ਲੋਧੀ ਵਿਖੇ ਪੰਜ ਦਿਨਾਂ ਵਰਕਸ਼ਾਪ ’ਚ ਦੇਸ਼ ਭਰ ਦੇ ਚਿੱਤਰਕਾਰ ਲੈਣਗੇ ਹਿੱਸਾ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ, ਜੋ ਗੁਰੂ ਸਾਹਿਬ ਨਾਲ ਸਬੰਧਤ ਚਿੱਤਰਕਲਾ ਵਰਕਸ਼ਾਪ ਦੇ ਰੂਪ ਵਿਚ ਹੋਵੇਗਾ। ਇਹ ਵਰਕਸ਼ਾਪ ਸੁਲਤਾਨਪੁਰ ਲੋਧੀ ਸਥਿਤ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਆਤਮਾ ਸਿੰਘ ਆਡੀਟੋਰੀਅਮ ਵਿਖੇ ਲਗਾਈ ਜਾਵੇਗੀ।

15 ਅਗਸਤ ਤੋਂ ਸ਼ੁਰੂ ਹੋਣ ਵਾਲੀ ਇਸ ਪੰਜ ਦਿਨਾਂ ਵਰਕਸ਼ਾਪ ਵਿਚ ਦੇਸ਼ ਭਰ ਦੇ ਚਿੱਤਰਕਾਰ ਹਿੱਸਾ ਲੈਣਗੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਵਿਚ ਚਿੱਤਰਕਲਾ ਵਰਕਸ਼ਾਪ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਸਮਾਗਮਾਂ ਦੇ ਕੇਂਦਰੀ ਅਸਥਾਨ ਸੁਲਤਾਨਪੁਰ ਲੋਧੀ ਵਿਖੇ 15 ਤੋਂ 19 ਅਗਸਤ ਤੱਕ ਚਿੱਤਰਕਲਾ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਚਿੱਤਰਕਾਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਧਾਰਿਤ ਸ਼ਬਦਾਂ ਅਨੁਸਾਰ ਚਿੱਤਰ ਬਣਾਉਣਗੇ। ਇਹ ਆਪਣੇ ਆਪ ਵਿਚ ਨਿਵੇਕਲੀ ਪੇਸ਼ਕਾਰੀ ਹੋਵੇਗੀ।

ਡਾ. ਰੂਪ ਸਿੰਘ ਅਨੁਸਾਰ 15 ਅਗਸਤ ਨੂੰ ਵਰਕਸ਼ਾਪ ਦਾ ਉਦਘਾਟਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕਰਨਗੇ, ਜਦਕਿ 19 ਅਗਸਤ ਨੂੰ ਸਮਾਪਤੀ ਸਮੇਂ ਪ੍ਰਤੀਯੋਗੀਆਂ ਨੂੰ ਸਨਮਾਨਿਤ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੌਜੂਦ ਰਹਿਣਗੇ।

ਉਨ੍ਹਾਂ ਦੱਸਿਆ ਕਿ ਚਿੱਤਰਕਲਾ ਵਰਕਸ਼ਾਪ ਦੀ ਦੇਖ-ਰੇਖ ਲਈ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਮੈਂਬਰ ਹਰਵਿੰਦਰ ਸਿੰਘ ਖ਼ਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ, ਮਨਜੀਤ ਸਿੰਘ ਬੱਪੀਆਣਾ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੇਵਾ ਨਿਭਾ ਰਹੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਇਕਬਾਲ ਸਿੰਘ ਮੁਖੀ ਕੋਆਰਡੀਨੇਟਰ ਵਜੋਂ ਵਰਕਸ਼ਾਪ ਦੇ ਪ੍ਰਬੰਧਾਂ ਲਈ ਕਾਰਜਸ਼ੀਲ ਹਨ।

-PTC News