ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨਜ਼ਦੀਕ ਸੰਗਤ ਲਈ ਬਾਥਰੂਮ ਕੰਪਲੈਕਸ ਦੇ ਨਵੀਨੀਕਰਨ ਦਾ ਕੰਮ ਸ਼ੁਰੂ

asr
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨਜ਼ਦੀਕ ਸੰਗਤ ਲਈ ਬਾਥਰੂਮ ਕੰਪਲੈਕਸ ਦੇ ਨਵੀਨੀਕਰਨ ਦਾ ਕੰਮ ਸ਼ੁਰੂ

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨਜ਼ਦੀਕ ਸੰਗਤ ਲਈ ਬਾਥਰੂਮ ਕੰਪਲੈਕਸ ਦੇ ਨਵੀਨੀਕਰਨ ਦਾ ਕੰਮ ਸ਼ੁਰੂ,ਅੰਮ੍ਰਿਤਸਰ: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀ ਸੰਗਤ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਨਜ਼ਦੀਕ ਬਣੇ ਬਾਥਰੂਮ ਬਲਾਕ ਨੂੰ ਨਵਿਆਉਣ ਦੇ ਕੰਮ ਦੀ ਅੱਜ ਸ਼ੁਰੂਆਤ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਇਲ ਕਿੰਗ ਸੇਵਾ ਫਾਊਂਡੇਸ਼ਨ ਟਰੱਸਟ ਦੇ ਸਹਿਯੋਗ ਨਾਲ ਇਹ ਕਾਰਜ ਕਰਵਾਇਆ ਜਾਵੇਗਾ।

ਇਸ ਬਾਥਰੂਮ ਬਲਾਕ ਦੀ ਸੇਵਾ ਪਹਿਲਾਂ ਵੀ ਰਾਇਲ ਕਿੰਗ ਸੇਵਾ ਫਾਊਂਡੇਸ਼ਨ ਕੋਲ ਸੀ। ਦੱਸਣਯੋਗ ਹੈ ਕਿ ਇਸ ਫਾਊਂਡੇਸ਼ਨ ਵੱਲੋਂ ‘ਕਲੀਨ ਟਾਇਲਟ ਮਿਸ਼ਨ’ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵੱਖ-ਵੱਖ ਗੁਰੂ ਘਰਾਂ ਅੰਦਰ ਮੋਬਾਇਲ ਵੈਨ ਦੁਆਰਾ ਪਖਾਨਿਆਂ ਦੀ ਸਾਫ਼ ਸਫ਼ਾਈ ਵੀ ਕੀਤੀ ਜਾਂਦੀ ਹੈ।

ਹੋਰ ਪੜ੍ਹੋ:ਬਾਬਾ ਜੀਵਨ ਸਿੰਘ ਦੇ 357 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾਈ ਜਾਹੋ ਜਲਾਲ ਨਾਲ ਹੋਇਆ ਆਰੰਭ

ਬਾਥਰੂਮ ਬਲਾਕ ਦੇ ਨਵੀਨੀਕਰਨ ਦੀ ਆਰੰਭਤਾ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਗੁਰੂ ਘਰ ਪੁੱਜਦੀਆਂ ਸੰਗਤਾਂ ਨੂੰ ਸਾਫ ਸੁਥਰੇ ਬਾਥਰੂਮ ਮੁਹੱਈਆ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਰਾਇਲ ਕਿੰਗ ਸੇਵਾ ਫਾਊਂਡੇਸ਼ਨ ਟਰੱਸਟ ਦੇ ਸਹਿਯੋਗ ਨਾਲ ਇਸ ਬਾਥਰੂਮ ਬਲਾਕ ਨੂੰ ਮੁੜ ਲੋੜੀਂਦੀਆਂ ਸੋਧਾਂ ਅਨੁਸਾਰ ਤਿਆਰ ਕੀਤਾ ਜਾਵੇਗਾ।

ਇਸ ਦੌਰਾਨ ਫਾਊਂਡੇਸ਼ਨ ਦੇ ਇਕ ਨੁਮਾਇੰਦੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ 12 ਸਾਲਾਂ ਤੋਂ ਇਹ ਸੇਵਾ ਦਿੱਤੀ ਜਾ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਬਾਥਰੂਮ ਬਲਾਕ ਦੇ ਨਵੀਨੀਕਰਨ ਦਾ ਕੰਮ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ।

ਹੋਰ ਪੜ੍ਹੋ:ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਵਤਾਰ ਸਿੰਘ ਹਿਤ ਨੂੰ ਲਗਾਈ ਗਈ ਤਨਖਾਹ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 7 ਦਿਨ ਰੋਜ਼ਾਨਾ ਕਰਨਗੇ ਸੇਵਾ

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕਰਮਬੀਰ ਸਿੰਘ ਕਿਆਮਪੁਰ, ਭਾਈ ਕੁਲਵਿੰਦਰ ਸਿੰਘ ਅਰਦਾਸੀਆ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਸ. ਜਗਤਾਰ ਸਿੰਘ, ਮੀਤ ਮੈਨੇਜਰ ਸ. ਜਸਪਾਲ ਸਿੰਘ, ਸ. ਸੁਖਜਿੰਦਰ ਸਿੰਘ ਐਸ.ਡੀ.ਓ., ਸ. ਨਰਿੰਦਰ ਸਿੰਘ ਕਾਹਲੋਂ, ਸ. ਪਰਉਪਕਾਰ ਸਿੰਘ, ਫਾਊਂਡੇਸ਼ਨ ਵੱਲੋਂ ਸ. ਜਤਿੰਦਰਪਾਲ ਸਿੰਘ, ਸ. ਜਸਪ੍ਰੀਤ ਸਿੰਘ, ਡਾ. ਬਲਵਿੰਦਰਪਾਲ ਸਿੰਘ, ਸ. ਹਰਜੋਤਪਾਲ ਸਿੰਘ. ਐਚ.ਐਸ. ਸਹਿਗਲ ਆਦਿ ਮੌਜੂਦ ਸਨ।

-PTC News