ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਜਿੰਦਰ ਸਿੰਘ ਰੰਧਾਵਾ ਵਿਰੁੱਧ ਮੰਗੀ ਕਾਰਵਾਈ

SGPC

ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਜਿੰਦਰ ਸਿੰਘ ਰੰਧਾਵਾ ਵਿਰੁੱਧ ਮੰਗੀ ਕਾਰਵਾਈ

ਪੁਲਿਸ ਕਮਿਸ਼ਨਰ ਨੂੰ ਵੀ ਕਾਨੂੰਨੀ ਕਾਰਵਾਈ ਲਈ ਦਿੱਤੀ ਲਿਖਤੀ ਸ਼ਿਕਾਇਤ

ਸ੍ਰੀ ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਬੋਲੇ ਗਏ ਅਪਸ਼ਬਦਾਂ ਨੂੰ ਲੈ ਕੇ ਉਸ ਖਿਲਾਫ਼ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੱਕ ਪਹੁੰਚ ਕੀਤੀ ਹੈ।

ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿੱਟੇਵਡ, ਹਰਜਾਪ ਸਿੰਘ ਸੁਲਤਾਨਵਿੰਡ ਅਤੇ ਗੁਰਪ੍ਰੀਤ ਸਿੰਘ ਝੱਬਰ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਮੰਗ ਪੱਤਰ ਦੇ ਕੇ ਪੰਥਕ ਕਾਰਵਾਈ ਦੀ ਮੰਗ ਕੀਤੀ।

ਇਹ ਮੰਗ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਸ. ਜਸਪਾਲ ਸਿੰਘ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਪਾਸ ਵੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ 295-ਏ ਧਾਰਾ ਸਮੇਤ ਹੋਰ ਬਣਦੀਆਂ ਧਰਾਵਾਂ ਤਹਿਤ ਕਾਨੂੰਨੀ ਕਾਰਵਾਈ ਕਰਨ ਸਬੰਧੀ ਲਿਖਤੀ ਸ਼ਿਕਾਇਤ ਦਰਜ਼ ਕਰਵਾਈ ਹੈ।

ਹੋਰ ਪੜ੍ਹੋ: ਸ਼੍ਰੋਮਣੀ ਕਮੇਟੀ ਦੇ ਕੰਮ ਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਅਧਿਕਾਰੀਆਂ ਨਾਲ ਕੀਤੀ ਬੈਠਕ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਸਾਹਿਬ ਦੇ ਨਾਂ ਮੰਗ ਪੱਤਰ ਸੌਂਪਣ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਆਖਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਹਕੂਮਤੀ ਨਸ਼ੇ ਵਿਚ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵਿਰੁੱਧ ਅਪਸ਼ਬਦ ਬੋਲ ਕੇ ਜਿਥੇ ਗੁਰੂ ਸਾਹਿਬ ਜੀ ਦਾ ਘੋਰ ਨਿਰਾਦਰ ਕੀਤਾ ਹੈ, ਉਥੇ ਹੀ ਸਿੱਖ ਜਜ਼ਬਾਤਾਂ ਨੂੰ ਵੀ ਭਾਰੀ ਠੇਸ ਪਹੁੰਚਾਈ ਹੈ।

ਉਨ੍ਹਾਂ ਆਖਿਆ ਕਿ ਅਜਿਹੇ ਵਿਅਕਤੀ ਦਾ ਜ਼ੁੰਮੇਵਾਰ ਅਹੁਦੇ ’ਤੇ ਬਣੇ ਰਹਿਣਾ ਤਾਂ ਦੂਰ ਦੀ ਗੱਲ ਹੈ, ਸਗੋਂ ਉਸ ਦੀ ਸਿੱਖ ਸਮਾਜ ਅੰਦਰ ਵੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਆਖਿਆ ਕਿ ਕੈਬਨਟ ਮੰਤਰੀ ਨੇ ਜਾਣਬੁਝ ਕੇ ਮਾੜੀ ਨੀਤ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਇਸ ਲਈ ਉਸ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਪੰਥਕ ਕਾਰਵਾਈ ਲਈ ਜਿਥੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਲਿਖਤੀ ਬੇਨਤੀ ਕੀਤੀ ਗਈ ਹੈ, ਉਥੇ ਹੀ ਸ੍ਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਬਣਦੀਆਂ ਧਰਾਵਾਂ ਤਹਿਤ ਕੇਸ ਦਰਜ਼ ਕਰਨ ਲਈ ਵੀ ਲਿਖਿਆ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਦਾ ਗੁਨਾਹ ਬਹੁਤ ਵੱਡਾ ਹੈ ਅਤੇ ਉਸ ਨੂੰ ਸਜ਼ਾ ਵੀ ਜ਼ਰੂਰ ਮਿਲਣੀ ਚਾਹੀਦੀ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਆਖਿਆ ਕਿ ਸਿੱਖ ਧਰਮ ਅੰਦਰ ਗੁਰੂ ਸਾਹਿਬਾਨ ਦਾ ਸਤਿਕਾਰ ਸਿੱਖਾਂ ਲਈ ਆਪਣੀ ਜਾਨ ਤੋਂ ਵੀ ਵੱਧ ਹੈ ਅਤੇ ਗੁਰੂ ਸਾਹਿਬਾਨ ਵਿਰੁੱਧ ਬੋਲਣ ਵਾਲਾ ਵਿਅਕਤੀ ਸਿੱਖ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਗੁਰੂ ਸਾਹਿਬਾਨ ਦੇ ਸਤਿਕਾਰ ਨੂੰ ਸੱਟ ਮਾਰੀ ਹੈ, ਜਿਸ ਨੂੰ ਕੌਮ ਬਰਦਾਸ਼ਤ ਨਹੀਂ ਕਰ ਸਕਦੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਵੀ ਮੌਜੂਦ ਸਨ।

-PTC News