ਪੀਅਰਸਨ ਕਨਵੈਨਸ਼ਨ ਸੈਂਟਰ ਟੋਰਾਂਟੋ ਦੇ ਮਾਲਕ ਵੱਲੋਂ 5 ਲੱਖ ਭੇਟ, ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨਿਤ

SGPC

ਪੀਅਰਸਨ ਕਨਵੈਨਸ਼ਨ ਸੈਂਟਰ ਟੋਰਾਂਟੋ ਦੇ ਮਾਲਕ ਵੱਲੋਂ 5 ਲੱਖ ਭੇਟ, ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨਿਤ,ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਟੋਰਾਂਟੋ (ਕੈਨੇਡਾ) ਨਿਵਾਸੀ ਮਹਿੰਦਰ ਸਿੰਘ ਮਿਨਹਾਸ ਦੇ ਸਪੁੱਤਰ ਨਿਸ਼ਾਨ ਸਿੰਘ ਮਿਨਹਾਸ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਲਈ ਸ਼ਰਧਾ ਨਾਲ 5 ਲੱਖ ਰੁਪਏ ਡਰਾਫਟ ਦੇ ਰੂਪ ’ਚ ਭੇਟ ਕੀਤੇ ਹਨ।

ਇਹ ਡਰਾਫਟ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਅਵਤਾਰ ਸਿੰਘ ਸੈਂਪਲਾ, ਸਕੱਤਰ ਮਹਿੰਦਰ ਸਿੰਘ ਆਹਲੀ ਨੂੰ ਸੌਂਪਿਆ।

ਹੋਰ ਪੜ੍ਹੋ: ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਡਿਓੜੀ ਢਾਹੁਣ ਦਾ ਭਾਈ ਲੌਂਗੋਵਾਲ ਨੇ ਲਿਆ ਸਖ਼ਤ ਨੋਟਿਸ

ਇਸ ਮੌਕੇ ਨਿਸ਼ਾਨ ਸਿੰਘ ਮਿਨਹਾਸ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਖ਼ਸ਼ਿਸ ਸਦਕਾ ਉਹ ਆਪਣੇ ਕਾਰੋਬਾਰ ਵਿੱਚੋਂ ਸ਼ਰਧਾ ਭਾਵਨਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਇਹ ਮਾਇਆ ਪਿਛਲੇ ਸਾਲ ਦੀ ਤਰ੍ਹਾਂ ਭੇਟ ਕਰ ਰਹੇ ਹਨ।

ਇਸ ਮੁਕੱਦਸ ਅਸਥਾਨ ਤੋਂ ਹੀ ਉਨ੍ਹਾਂ ਨੂੰ ਸਭ ਕੁਝ ਪ੍ਰਾਪਤ ਹੋਇਆ ਹੈ। ਉਹ ਹਰ ਸਾਲ ਇਸ ਅਸਥਾਨ ’ਤੇ ਨਤਮਸਤਕ ਹੋਣ ਲਈ ਆਉਂਦੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਵਤਾਰ ਸਿੰਘ ਸੈਂਪਲਾ ਤੇ ਮਹਿੰਦਰ ਸਿੰਘ ਆਹਲੀ ਨੇ ਨਿਸ਼ਾਨ ਸਿੰਘ ਮਿਨਹਾਸ ਅਤੇ ਉਨ੍ਹਾਂ ਨਾਲ ਆਏ ਸ੍ਰੀ ਅਸ਼ਨਵੀ ਕੁਮਾਰ ਸ਼ਰਮਾ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਆਦਿ ਹਾਜ਼ਰ ਸਨ।

-PTC News