
ਨਵੀਂ ਦਿੱਲੀ, 4 ਜੁਲਾਈ (ਏਜੰਸੀ): ਬੇਰਹਿਮੀ ਦੀ ਇੱਕ ਭਿਆਨਕ ਘਟਨਾ ਵਿੱਚ ਗੁੱਸੇ ਵਿੱਚ ਆਏ ਇੱਕ ਵਿਅਕਤੀ ਨੇ ਪਾਲਤੂ ਕੁੱਤੇ ਦੇ ਸਿਰ 'ਚ ਲੋਹੇ ਦੀ ਰਾਡ ਸਿਰਫ਼ ਇਸ ਲਈ ਮਾਰ ਦਿੱਤੀ ਕਿਉਂਕਿ ਕੁੱਤਾ ਉਸ ਉੱਤੇ ਭੌਂਕਿਆ ਸੀ।
ਇਹ ਵੀ ਪੜ੍ਹੋ: ਇੰਡੀਗੋ ਦੀਆਂ 900 ਤੋਂ ਵੱਧ ਉਡਾਣਾਂ ਇਸਲਈ ਦੇਰੀ ਨਾਲ ਉੱਡੀਆਂ ਕਿਉਂਕਿ ਚਾਲਕ ਦਲ ਏਅਰ ਇੰਡੀਆ 'ਚ ਇੰਟਰਵਿਊ ਲਈ ਗਏ ਸਨ
ਇਹ ਸਾਰੀ ਘਟਨਾ ਐਤਵਾਰ ਨੂੰ ਦਿੱਲੀ ਦੇ ਪੱਛਮ ਵਿਹਾਰ 'ਚ ਵਾਪਰੀ, ਜੋ ਕਿ ਵੀਡੀਓ 'ਚ ਕੈਦ ਹੋ ਗਈ। ਵੀਡੀਓ 'ਚ ਦਿਖਾਇਆ ਜਾ ਸਕਦਾ ਕਿ ਦੋਸ਼ੀ ਨਾ ਸਿਰਫ ਕੁੱਤੇ 'ਤੇ ਬੇਰਹਿਮੀ ਨਾਲ ਹਮਲਾ ਕਰਦਾ ਹੈ, ਸਗੋਂ ਕੁੱਤੇ ਨੂੰ ਬਚਾਉਣ ਲਈ ਭੱਜਣ ਵਾਲਿਆਂ 'ਤੇ ਵੀ ਰੋਡ ਦੀ ਵਰਤੋਂ ਕਰਦਾ ਹੈ।
ਪੁਲਿਸ ਅਨੁਸਾਰ ਸਵੇਰੇ 9.27 ਵਜੇ ਪੀ.ਐਸ.ਪੱਛਮ ਵਿਹਾਰ ਪੂਰਬੀ ਵਿੱਚ 'ਝਗੜੇ' ਸਬੰਧੀ ਇੱਕ ਪੀਸੀਆਰ ਕਾਲ ਆਈ ਸੀ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਧਰਮਵੀਰ ਦਹੀਆ ਸਵੇਰੇ ਪੱਛਮੀ ਵਿਹਾਰ ਇਲਾਕੇ 'ਚ ਸੈਰ ਕਰ ਰਿਹਾ ਸੀ।
ਪੁਲਿਸ ਨੇ ਕਿਹਾ ਕਿ ਏ ਬਲਾਕ ਪੱਛਮ ਵਿਹਾਰ ਦੇ ਵਸਨੀਕ ਇੱਕ ਕੁੱਤੇ ਨੇ ਧਰਮਵੀਰ 'ਤੇ ਭੌਂਕਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਕੁੱਤੇ ਨੂੰ ਪੂਛ ਤੋਂ ਚੁੱਕ ਕੇ ਸੁੱਟ ਦਿੱਤਾ। ਕੁੱਤੇ ਦਾ ਮਾਲਕ ਰਕਸ਼ਿਤ ਉਸ ਨੂੰ ਬਚਾਉਣ ਲਈ ਆਇਆ ਪਰ ਦਹੀਆ ਨੇ ਕੁੱਤੇ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ, ਕੁੱਤੇ ਨੇ ਧਰਮਵੀਰ ਨੂੰ ਕੱਟ ਲਿਆ। ਇਸ ਕਾਰਨ ਦਹੀਆ ਅਤੇ ਰਕਸ਼ਿਤ ਵਿਚਕਾਰ ਮਾਮੂਲੀ ਝਗੜਾ ਵੀ ਹੋਇਆ।
ਕੁਝ ਸਮੇਂ ਬਾਅਦ ਦਹੀਆ ਲੋਹੇ ਦੀ ਪਾਈਪ ਲੈ ਕੇ ਵਾਪਸ ਆਇਆ ਅਤੇ ਕੁੱਤੇ ਦੇ ਸਿਰ 'ਤੇ ਵਾਰ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਉਸਨੇ ਰਕਸ਼ਿਤ (25) ਅਤੇ ਇੱਕ ਹੋਰ ਵਿਅਕਤੀ ਹੇਮੰਤ (53) ਨੂੰ ਵੀ ਪਾਈਪ ਨਾਲ ਮਾਰਿਆ। ਬਾਅਦ 'ਚ ਧਰਮਵੀਰ ਦਹੀਆ ਨੇ ਕੁੱਟਮਾਰ 'ਚ ਵਰਤੀ ਗਈ ਪਾਈਪ ਵਾਪਸ ਲੈਣ ਲਈ ਰਕਸ਼ਿਤ ਦੇ ਘਰ ਵੜ ਕੇ ਰੇਣੂ ਉਰਫ਼ ਯਸ਼ੋਦਾ (45) ਨੂੰ ਵੀ ਕੁੱਟਿਆ ਅਤੇ ਜ਼ਖਮੀ ਕਰ ਦਿੱਤਾ।
ਸਾਰੇ ਜ਼ਖਮੀ ਵਿਅਕਤੀਆਂ ਦਾ ਮੈਡੀਕਲ ਕਰਵਾਇਆ ਗਿਆ ਹੈ ਜਦਕਿ ਦਹੀਆ ਕੁੱਤੇ ਦੇ ਕੱਟੇ ਦਾ ਇਲਾਜ ਕਰਵਾਉਣ ਲਈ ਪਾਰਕ ਹਸਪਤਾਲ ਵਿਚ ਦਾਖ਼ਲ ਹੈ।
ਇਹ ਵੀ ਪੜ੍ਹੋ: 4 ਜੁਲਾਈ 1955 ਦਾ ਇਤਿਹਾਸ : ਕੌਮ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨੂੰ ਯਾਦ ਰੱਖਣਾ ਚਾਹੀਦਾ: ਜਥੇਦਾਰ
ਰਕਸ਼ਿਤ (ਕੁੱਤੇ ਦੇ ਮਾਲਕ) ਦੇ ਬਿਆਨ 'ਤੇ ਪੱਛਮੀ ਵਿਹਾਰ ਪੂਰਬੀ ਪੁਲਿਸ ਸਟੇਸ਼ਨ 'ਚ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਜਾਨਵਰਾਂ 'ਤੇ ਬੇਰਹਿਮੀ ਦੀ ਰੋਕਥਾਮ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।