ਪੰਜਾਬ

ਪੋਥੀ ਸਾਹਿਬ ਦੇ ਪਾਵਨ ਅੰਗਾਂ ਨੂੰ ਪਾੜ ਖੰਡਰ 'ਚ ਸੁੱਟਿਆ

By Jasmeet Singh -- August 31, 2022 2:44 pm -- Updated:August 31, 2022 4:46 pm

ਫਗਵਾੜਾ, 31 ਅਗਸਤ: ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਫਗਵਾੜਾ ਸ਼ਹਿਰ ਤੋਂ ਵੱਡੀ ਘਟਨਾ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਨੇ ਮੁੜ ਤੋਂ ਸਿੱਖ ਭਾਈਚਾਰੇ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਇਹ ਘਟਨਾ ਪੋਥੀ ਸਾਹਿਬ (ਗੁਟਕਾ ਸਾਹਿਬ) ਦੀ ਬੇਅਦਬੀ ਨਾਲ ਜੁੜੀ ਹੋਈ ਹੈ।

ਹਾਸਿਲ ਜਾਣਕਾਰੀ ਮੁਤਾਬਕ ਘਟਨਾ ਫਗਵਾੜਾ ਦੇ ਥਾਣਾ ਸਿਟੀ ਤੋਂ ਮਹਿਜ਼ 300 ਮੀਟਰ ਦੀ ਦੂਰੀ 'ਤੇ ਵਾਪਰੀ, ਜਿੱਥੇ ਪੁਰਾਣੇ ਸਿਵਲ ਹਸਪਤਾਲ ਦੀ ਖੰਡਰ ਇਮਾਰਤ ਨੇੜੇ ਸਫ਼ਾਈ ਸੇਵਕਾਂ ਨੂੰ ਪੋਥੀ ਸਾਹਿਬ ਦੇ ਪਾਵਨ ਸਰੂਪ ਦੇ ਅੰਗ ਖਿੱਲਰੇ ਮਿਲੇ। ਪਹਿਲੀ ਨਜ਼ਰ ਤੋਂ ਹੀ ਇਹ ਸਾਫ਼ ਸੀ ਕਿ ਇਹ ਬੇਅਦਬੀ ਦੀ ਘਟਨਾ ਹੈ।

ਇਸ ਵਾਰੇ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਹੋਸ਼ ਉੱਡ ਗਏ ਕਿਉਂਕਿ ਬੇਅਦਬੀ ਦੀ ਇਹ ਘਟਨਾ ਥਾਣੇ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਵਾਪਰੀ ਸੀ ਜਿਸ ਤੋਂ ਬਆਦ ਭਾਰੀ ਪੁਲਿਸ ਬਲ ਮੌਕੇ ’ਤੇ ਪਹੁੰਚ ਗਿਆ ਅਤੇ ਘਟਨਾ ਸਥਲ ਨੂੰ ਘੇਰ ਲਿਆ।

ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਇਸ ਘਟਨਾ ਨੂੰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਦੱਸਿਆ। ਉਨ੍ਹਾਂ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਨੀਵਾਰ ਤੱਕ ਦਾ ਸਮਾਂ ਦੇ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਅਲਟੀਮੇਟਮ ਦਿੱਤਾ ਹੈ।

ਇਹ ਵੀ ਪੜ੍ਹ: ਮੁੱਖ ਮੰਤਰੀ ਵੱਲੋਂ ਤਰਨਤਾਰਨ ਵਿਖੇ ਚਰਚ 'ਚ ਬੇਅਦਬੀ ਤੇ ਅਗਜ਼ਨੀ ਦੀ ਘਟਨਾ ਦੀ ਜਾਂਚ ਦੇ ਹੁਕਮ


-PTC News

  • Share