ਔਰਤ ਨਾਲ ਛੇੜਛਾੜ ਮਾਮਲਾ :ਆਪ ਵਿਧਾਇਕ ਅਮਰਜੀਤ ਸੰਦੋਆ ਨੂੰ ਤੁਰੰਤ ਪਾਰਟੀ ‘ਚੋਂ ਕੱਢਿਆ ਜਾਵੇਂ :ਅਕਾਲੀ ਦਲ

APP MLA Amarjeet Sandoa Immediately party To be removed:SAD

ਔਰਤ ਨਾਲ ਛੇੜਛਾੜ ਮਾਮਲਾ :ਆਪ ਵਿਧਾਇਕ ਅਮਰਜੀਤ ਸੰਦੋਆ ਨੂੰ ਤੁਰੰਤ ਪਾਰਟੀ ‘ਚੋਂ ਕੱਢਿਆ ਜਾਵੇਂ :ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਨੂੰ ਕਿਹਾ ਹੈ ਕਿ ਔਰਤ ਨਾਲ ਛੇੜਖਾਨੀ ਵਾਲੇ ਕੇਸ ਦੇ ਦੋਸ਼ੀ ਅਤੇ ਰੋਪੜ ਤੋਂ ਆਪ ਵਿਧਾਇਕ ਅਮਰਜੀਤ ਸੰਦੋਆ ਨੂੰ ਤੁਰੰਤ ਪਾਰਟੀ ਵਿਚੋਂ ਕੱਢਿਆ ਜਾਵੇ।ਇਸ ਦੇ ਨਾਲ ਹੀ ਅਕਾਲੀ ਦਲ ਨੇ 2012 ਵਿਚ ਸੰਦੋਆ ਖ਼ਿਲਾਫ ਕੀਤੀ ਗਈ ਬਦਫੈਲੀ ਦੀ ਸ਼ਿਕਾਇਤ ਦੇ ਮਾਮਲੇ ਵਿਚ ਐਫਆਈਆਰ ਦਰਜ ਕੀਤੇ ਜਾਣ ਅਤੇ ਇਸ ਕੇਸ ਸੀਬੀਆਈ ਤੋਂ ਜਾਂਚ ਕਰਵਾਏ ਜਾਣ ਦੀ ਵੀ ਮੰਗ ਕੀਤੀ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੈਨੇਡਾ ਵਿਚ ਪੈਰ ਰੱਖਦੇ ਹੀ ਉਸ ਮੁਲਕ ਵੱਲੋਂ ਸੰਦੋਆ ਨੂੰ ਕੱਢਿਆ ਜਾਣਾ ਆਪ ਲੀਡਰਸ਼ਿਪ ਨੂੰ ਸਪੱਸ਼ਟ ਸੁਨੇਹਾ ਦਿੰਦਾ ਹੈ ਕਿ ਔਰਤਾਂ ਵਿਰੁੱਧ ਅਪਰਾਧ ਕਰਨ ਵਾਲਿਆਂ ਲਈ ਕੌਮਾਂਤਰੀ ਪੱਧਰ ਉੱਤੇ ਮੁਆਫੀ ਦੀ ਕੋਈ ਗੁੰਜਾਇਸ਼ ਨਹੀਂ ਹੈ।ਉਹਨਾਂ ਕਿਹਾ ਕਿ ਆਪ ਨੇ ਵੀ ਹਮੇਸ਼ਾਂ ਔਰਤਾਂ ਦੀ ਰਾਖੀ ਕਰਨ ਦਾ ਦਾਅਵਾ ਕੀਤਾ ਹੈ ਪਰ ਇਸ ਨੇ ਸੰਦੋਆ ਵੱਲੋਂ ਮਕਾਨ ਮਾਲਕਣ ਨਾਲ ਛੇੜਖਾਨੀ ਅਤੇ ਕੁੱਟਮਾਰ ਕਰਨ ਉੱਤੇ ਉਸ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਹੁਣ ਰੋਪੜ ਦੀ ਇੱਕ ਅਦਾਲਤ ਨੇ ਵੀ ਆਪ ਵਿਧਾਇਕ ਵਿਰੁੱਧ ਦੋਸ਼ ਆਇਦ ਕਰ ਦਿੱਤੇ ਹਨ।ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਹਨਾਂ ਸਾਰੀਆਂ ਘਟਨਾਵਾਂ ਦਾ ਕੈਨੇਡਾ ਦੀ ਸਰਕਾਰ ਨੇ ਨੋਟਿਸ ਲੈ ਲਿਆ ਹੈ ਅਤੇ ਸੰਦੋਆ ਅਤੇ ਉਸ ਦੇ ਸਾਥੀ ਕੁਲਤਾਰ ਸਿੰਘ ਸੰਧਵਾਂ ਨੂੰ ਮੁਲਕ ਵਿਚੋਂ ਬਾਹਰ ਕੱਢ ਦਿੱਤਾ ਹੈ ਪਰੰਤੂ ਆਪ ਆਪਣੇ ਵਿਧਾਇਕ ਵਿਰੁੱਧ ਕਾਰਵਾਈ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।

ਇਹ ਟਿੱਪਣੀ ਕਰਦਿਆਂ ਕਿ ਇਹਨਾਂ ਆਗੂਆਂ ਨੂੰ ਕੈਨੇਡਾ ਵੱਲੋਂ ਕੱਢੇ ਜਾਣ ਨਾਲ ਪੰਜਾਬ ਅਤੇ ਸਮੁੱਚੇ ਭਾਈਚਾਰੇ ਦਾ ਅਪਮਾਨ ਹੋਇਆ ਹੈ।ਗਰੇਵਾਲ ਨੇ ਕਿਹਾ ਕਿ ਇਸ ਅਪਮਾਨ ਲਈ ਆਪ ਲੀਡਰਸ਼ਿਪ ਜ਼ਿੰਮੇਵਾਰ ਹੈ,ਕਿਉਂਕਿ ਇਸ ਨੇ ਸੰਦੋਆ ਵਰਗੇ ਦਾਗੀ ਵਿਅਕਤੀਆਂ ਨੂੰ ਪਾਰਟੀ ਦੀਆਂ ਟਿਕਟਾਂ ਦਿੱਤੀਆਂ ਹਨ।ਉਹਨਾਂ ਕਿਹਾ ਕਿ ਆਪ ਅਤੇ ਕੇਜਰੀਵਾਲ ਲਈ ਹੁਣ ਇੱਕੋ ਰਾਹ ਬਚਿਆ ਹੈ ਕਿ ਉਹ ਸੰਦੋਆ ਨੂੰ ਪਾਰਟੀ ਵਿਚੋਂ ਕੱਢ ਦੇਣ ਅਤੇ ਵਿਧਾਨ ਸਭਾ ਤੋਂ ਉਸਦਾ ਅਸਤੀਫਾ ਲੈ ਲੈਣ। ਉਹਨਾਂ ਨੇ ਆਪ ਦੀ ਪੰਜਾਬ ਇਕਾਈ ਨੂੰ ਵੀ ਇਸ ਮੁੱਦੇ ਉੱਤੇ ਤੁਰੰਤ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਹੁਣ ਆਪ ਆਗੂ ਡਾਕਟਰ ਅਮਰਦੀਪ ਬੈਂਸ ਕੋਲੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੰਦੋਆ ਖਿਲਾਫ ਇੱਕ ਨਾਬਾਲਿਗ ਨਾਲ ਬਦਫੈਲੀ ਕਰਨ ਦੇ ਗੰਭੀਰ ਦੋਸ਼ ਵੀ ਲੱਗੇ ਹੋਏ ਹਨ।ਉਹਨਾਂ ਕਿਹਾ ਕਿ ਰਿਕਾਰਡ ਅਨੁਸਾਰ ਬਦਫੈਲੀ ਦੀ ਘਟਨਾ ਨੂੰ ਕਥਿਤ ਤੌਰ ਤੇ ਦਿੱਲੀ ਵਿਚ ਅੰਜਾਮ ਦਿੱਤਾ ਗਿਆ ਸੀ ਪਰੰਤੂ ਇਸ ਮਾਮਲੇ ਦੀ ਕਾਨੂੰਨੀ ਮੈਡੀਕਲ ਰਿਪੋਰਟ (ਐਮਐਲਆਰ)ਤਿਆਰ ਕਰਨ ਦੀ ਜ਼ਿੰਮੇਵਾਰੀ ਨੂਰਪੁਰਬੇਦੀ ਨੇੜੇ ਸਿੰਘਪੁਰ ਦੇ ਮੁੱਢਲੇ ਸਿਹਤ ਕੇਂਦਰ ਨੂੰ ਸੌਂਪੀ ਗਈ ਸੀ।ਗਰੇਵਾਲ ਨੇ ਕਿਹਾ ਕਿ ਇਹ ਮੈਡੀਕਲ ਰਿਪੋਰਟ ਦਿੱਲੀ ਭੇਜੀ ਜਾਣੀ ਸੀ ਪਰ ਸੰਦੋਆ ਨੇ ਆਪਣਾ ਰਸੂਖ ਵਰਤ ਕੇ ਇਸ ਕੇਸ ਵਿਚ ਰਾਜੀਨਾਮਾ ਕਰ ਲਿਆ,ਜਿਹੜਾ ਕਿ ਕਾਨੂੰਨੀ ਨਹੀਂ ਸੀ,ਕਿਉਂਕਿ ਇਹ ਕੇਸ ਕੰਪਾਊਂਡੇਬਲ ਨਹੀਂ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਸੰਦੋਆ ਖਿਲਾਫ ਐਫਆਈਆਰ ਦਰਜ ਕਰਨੀ ਚਾਹੀਦੀ ਹੈ ਅਤੇ ਇਹ ਕੇਸ ਜਾਂਚ ਵਾਸਤੇ ਦਿੱਲੀ ਪੁਲਿਸ ਨੂੰ ਦੇਣਾ ਚਾਹੀਦਾ ਹੈ।ਦਿੱਲੀ ਪੁਲਿਸ ਨੂੰ ਅੱਗੇ ਇਹ ਮਾਮਲਾ ਸੀਬੀਆਈ ਨੂੰ ਸੌਂਪਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਸ ਕੇਸ ਵਿਚ ਇਨਸਾਫ ਲੈਣ ਵਾਸਤੇ ਅਕਾਲੀ ਦਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਾਣਾ ਪਵੇਗਾ।

ਅਕਾਲੀ ਆਗੂ ਨੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਜਦੋਂ ਉਹ ਸੰਦੋਆ ਖਿਲਾਫ਼ ਬਦਫੈਲੀ ਦੀ ਸ਼ਿਕਾਇਤ ਬਾਰੇ ਜਾਣਦੇ ਸਨ ਤਾਂ ਉਹਨਾਂ ਨੇ ਉਸ ਨੂੰ ਰੋਪੜ ਤੋਂ ਪਾਰਟੀ ਦੀ ਟਿਕਟ ਕਿਉਂ ਦਿੱਤੀ। ਉਹਨਾਂ ਕਿਹਾ ਕਿ ਰੋਪੜ ਦੀ ਆਪ ਲੀਡਰਸ਼ਿਪ ਨੇ ਹਾਲ ਹੀ ਵਿਚ ਖੁਲਾਸਾ ਕੀਤਾ ਹੈ ਕਿ ਉਹਨਾਂ ਨੇ ਸੰਦੋਆ ਦੇ ਕਿਰਦਾਰ ਉੱਤੇ ਲੱਗੇ ਬਦਫੈਲੀ ਦੇ ਦਾਗ ਬਾਰੇ ਕੇਜਰੀਵਾਲ ਨੂੰ ਲਿਖ਼ਤੀ ਰੂਪ ਵਿਚ ਜਾਣੂੰ ਕਰਵਾਇਆ ਸੀ।ਉਹਨਾਂ ਕਿਹਾ ਕਿ ਇਸ ਤੋ ਪਤਾ ਚੱਲਦਾ ਹੈ ਕਿ ਨੈਤਿਕ ਗਿਰਾਵਟ ਦੇ ਕੇਸਾਂ ਬਾਰੇ ਕੇਜਰੀਵਾਲ ਕਿੰਨੇ ਕੁ ਸੰਜੀਦਾ ਹਨ।ਗਰੇਵਾਲ ਨੇ ਕਿਹਾ ਕਿ ਇਸ ਸਮੁੱਚੀ ਘਟਨਾ ਨੇ ਕੇਜਰੀਵਾਲ ਦੇ ਦੋਗਲੇ ਸਿਆਸੀ ਚਿਹਰੇ ਨੰਗਾ ਕਰ ਦਿੱਤਾ ਹੈ,ਜਿਹੜਾ ਸਿਆਸਤ ਵਿਚ ਨੈਤਿਕਤਾ ਅਤੇ ਇਖਲਾਕ ਦੀ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ ਪਰੰਤੂ ਨਸ਼ਾ ਤਸਕਰੀ ਅਤੇ ਔਰਤਾਂ ਖ਼ਿਲਾਫ ਅਪਰਾਧ ਵਰਗੇ ਗੰਭੀਰ ਅਪਰਾਧਾਂ ਦੇ ਦੋਸ਼ੀ ਆਪ ਆਗੂਆਂ ਨੂੰ ਪਾਰਟੀ ਵਿਚ ਰੱਖ ਕੇ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਹੈ।
-PTCNews