ਕੈਪਟਨ ਨੇ ਬਲੈਕ ਫੰਗਸ ਦੇ ਕੇਸਾਂ ਦੀ ਗਿਣਤੀ 188 ਤੱਕ ਪੁੱਜਣ 'ਤੇ ਦਿੱਤੇ ਅਜਿਹੇ ਹੁਕਮ   

By Shanker Badra - May 27, 2021 5:05 pm

ਚੰਡੀਗੜ : ਸੂਬੇ ਵਿਚ ਹੁਣ ਤੱਕ ਮਿਊਕੋਰਮਾਈਕੋਸਿਸ (ਬਲੈਕ ਫੰਗਸ) ਦੇ ਮਾਮਲਿਆਂ ਦੀ ਗਿਣਤੀ 188 ਤੱਕ ਪੁੱਜਣ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਹੁਕਮ ਦਿੱਤੇ ਕਿ ਇਸ ਬਿਮਾਰੀ ਦੇ ਇਲਾਜ ਲਈ ਐਮਫੋਟੇਰੀਸਿਨ ਦਵਾਈ ਦੀ ਥੁੜ ਨੂੰ ਦੇਖਦੇ ਹੋਏ ਸੂਬੇ ਵਿਚ ਬਦਲਵੀਆਂ ਦਵਾਈਆਂ ਦੇ ਸਟਾਕ ਦੀ ਮਾਤਰਾ ਵਧਾਈ ਜਾਵੇ। ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਸੂਬੇ ਕੋਲ ਸਿਰਫ ਲੀਪੋਸੋਮਲ ਐਮਫੋਟੇਰੀਸਿਨ -ਬੀ ਦੇ ਟੀਕੇ ਸਟਾਕ ਵਿਚ ਰਹਿ ਜਾਣ ਅਤੇ ਅੱਜ ਇਸੇ ਦੇ ਮਹਿਜ਼ 880 ਹੋਰ ਟੀਕੇ ਮਿਲਣ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਬਦਲਵੀਆਂ ਦਵਾਈਆਂ ਦਾ ਸਟਾਕ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ ਜੋ ਕਿ ਇਸ ਸੰਕਟ ਨਾਲ ਨਜਿੱਠਣ ਲਈ ਉਨਾਂ ਦੀ ਸਰਕਾਰ ਵੱਲੋਂ ਗਠਿਤ ਕੀਤੇ ਗਏ ਮਾਹਰਾਂ ਦੇ ਸਮੂਹ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਹੈ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਲੌਕਡਾਊਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ , ਦਿੱਤੀ ਇਹ ਰਾਹਤ   

ਬਲੈਕ ਫੰਗਸ ਕੋਵਿਡ ਦੇ ਮਰੀਜ਼ਾਂ ਖਾਸ ਕਰਕੇ ਜਿਨਾਂ ਨੂੰ ਡਾਇਬਿਟੀਜ਼ ਹੋਵੇ, ਉਨਾਂ ਉੱਤੇ ਸਟੀਰਾਇਡ ਦੇ ਲੋੜੋਂ ਵੱਧ ਇਸਤੇਮਾਲ ਨਾਲ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਮਫੋਟੇਰੀਸਿਨ ਨੂੰ ਭਰਪੂਰ ਮਾਤਰਾ ਵਿਚ ਹਾਸਲ ਕਰਨ ਦੇ ਯਤਨਾਂ ਤੋਂ ਇਲਾਵਾ ਸੂਬਾ ਸਰਕਾਰ ਨੇ ਮਾਹਿਰ ਸਮੂਹ ਦੀ ਸਲਾਹ ਅਨੁਸਾਰ ਪਹਿਲਾਂ ਹੀ ਬਦਲਵੀਆਂ ਦਵਾਈਆਂ ਜਿਵੇਂ ਕਿ ਇਟਰਾਕੋਨਾਜ਼ੋਲ (4000 ਗੋਲੀਆਂ) ਅਤੇ ਪੋਸਾਕੋਨਾਜ਼ੋਲ (500 ਗੋਲੀਆਂ) ਉਪਲਬਧ ਕਰਵਾ ਦਿੱਤੀਆਂ ਹਨ।

ਸਿਹਤ ਸਕੱਤਰ ਹੁਸਨ ਲਾਲ ਨੇ ਜਾਣਕਾਰੀ ਦਿੱਤੀ ਕਿ 188 ਵਿਚੋਂ 40 ਮਾਮਲੇ ਕੋਵਿਡ ਨਾਲ ਜੁੜੇ ਨਹੀਂ ਹਨ ਜਦੋਂ ਕਿ 148 ਵਿਅਕਤੀ ਕੋਵਿਡ ਪੀੜਤ ਹਨ ਅਤੇ 133 ਵਿਅਕਤੀਆਂ ਨੂੰ ਸਟੀਰਾਇਡ ਥੈਰੇਪੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ 122 ਵਿਅਕਤੀ ਮਿਊਕੋਮਾਈਕੋਸਿਸ ਦੀ ਆਮਦ ਤੋਂ ਪਹਿਲਾਂ ਆਕਸੀਜਨ ਉੱਤੇ ਸਨ। ਕੁੱਲ 154 ਵਿਅਕਤੀਆਂ ਨੂੰ ਡਾਇਬਿਟੀਜ਼ ਸੀ ਜਦੋਂ ਕਿ 56 ਵਿਅਕਤੀਆਂ ਦੀ ਰੋਗਾਂ ਨਾਲ ਲੜਣ ਦੀ ਸਮਰੱਥਾ ਘੱਟ ਸੀ ਅਤੇ 47 ਵਿਅਕਤੀ ਸਹਿ-ਬਿਮਾਰੀਆਂ ਵਾਲੇ ਸਨ।

ਮੌਜੂਦਾ ਸਮੇਂ ਦੌਰਾਨ 156 ਵਿਅਕਤੀ ਇਲਾਜ ਅਧੀਨ ਹਨ ਜਦੋਂ ਕਿ 9 ਵਿਅਕਤੀ ਠੀਕ ਹੋ ਚੁੱਕੇ ਹਨ ਅਤੇ 23 ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਹੁਣ ਤੱਕ ਦੇ ਪੁਸ਼ਟੀ ਹੋਏ ਬਲੈਕ ਫੰਗਸ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਮੈਡੀਕਲ ਸਿੱਖਿਆ ਸਕੱਤਰ ਡੀ.ਕੇ. ਤਿਵਾੜੀ ਨੇ ਅੱਜ ਖੁਲਾਸਾ ਕੀਤਾ ਕਿ ਸਭ ਤੋਂ ਵੱਧ 16 ਮਾਮਲੇ ਜੀ.ਐਮ.ਸੀ, ਪਟਿਆਲਾ ਵਿਖੇ ਸਾਹਮਣੇ ਆਏ ਹਨ ਜਦੋਂ ਕਿ ਜੀ.ਐਮ.ਸੀ, ਅੰਮਿ੍ਤਸਰ ਵਿਖੇ 10, ਫਰੀਦਕੋਟ ਵਿਖੇ 8 ਅਤੇ ਮੋਹਾਲੀ ਵਿਖੇ 2 ਮਾਮਲੇ ਸਾਹਮਣੇ ਆਏ ਹਨ।
-PTCNews

adv-img
adv-img