ਕਪੂਰਥਲਾ ਵਿਖੇ ASI ਨੇ ਅੰਤਰਾਸ਼ਟਰੀ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

By Shanker Badra - May 08, 2020 2:05 pm

ਕਪੂਰਥਲਾ ਵਿਖੇ ASI ਨੇ ਅੰਤਰਾਸ਼ਟਰੀ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ:ਕਪੂਰਥਲਾ : ਕਪੂਰਥਲਾ ਦੇ ਪਿੰਡ ਲੱਖਣਕੇ ਪੱਡਾ ਵਿਖੇ ਬੀਤੀ ਦੇਰ ਰਾਤ ਇੱਕ ਏ.ਐੱਸ.ਆਈ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਇਸ ਹਮਲੇ 'ਚ ਕਬੱਡੀ ਖਿਡਾਰੀ ਦਾ ਇੱਕ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ। ਮ੍ਰਿਤਕ ਦੀ ਪਛਾਣ ਅਰਵਿੰਦਰਜੀਤ ਪਹਿਲਵਾਨ ਦੇ ਰੂਪ ਵਿਚ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਅਤੇ ਉਸ ਦਾ ਸਾਥੀ ਪਿੰਡ 'ਚ ਕੋਰੋਨਾ ਕਰਕੇ ਪਹਿਰਾ ਦੇ ਰਹੇ ਸਨ। ਇਸ ਦੌਰਾਨ ਜ਼ਖ਼ਮੀ ਹੋਏ ਪ੍ਰਦੀਪ ਸਿੰਘ ਵਾਸੀ ਪਿੰਡ ਲੱਖਣ ਕੇ ਪੱਡਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਸ਼ੱਕ ਪੈਣ 'ਤੇ ਏ.ਐੱਸ.ਆਈ ਦੀ ਗੱਡੀ ਨੂੰ ਰੋਕਿਆ ਗਿਆ। ਉਸਦੀ ਗੱਡੀ ਦੇ ਪਿਛਲੇ ਸ਼ੀਸ਼ੇ 'ਤੇ ਪਰਦੇ ਲੱਗੇ ਹੋਏ ਸਨ। ਜਦੋਂ ਅਸੀਂ ਉਨ੍ਹਾਂ ਦੀ ਗੱਡੀ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਗੱਡੀ ਭਜਾ ਲਈ ਅਤੇ ਅੱਗੇ ਜਾ ਕੇ ਅਸੀਂ ਗੱਡੀ ਨੂੰ ਰੋਕ ਲਿਆ।

ਇਸ ਤੋਂ ਬਾਅਦ ਕਬੱਡੀ ਖਿਡਾਰੀ ਤੇ ਉਸਨੇ ਸਾਥੀ ਨੇ ਗੱਡੀ 'ਚੋਂ ਹੇਠਾਂ ਉੱਤਰ ਕੇ ਕਾਰ ਚੈੱਕ ਕਰਨੀ ਚਾਹੀ ਤਾਂ ਕਾਰ 'ਚੋਂ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਦੇ ਹੱਥ ਵਿਚ ਰਿਵਾਲਵਰ ਸੀ। ਉਕਤ ਪੁਲਿਸ ਮੁਲਾਜ਼ਮ ਨੇ ਬਿਨਾਂ ਕੋਈ ਗੱਲ ਕੀਤਿਆਂ ਅਰਵਿੰਦਰਜੀਤ ਸਿੰਘ ਤੇ ਉਸ ਉੱਪਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ 'ਚ ਕਬੱਡੀ ਖਿਡਾਰੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਸਾਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਇਸ ਉਪਰੰਤ ਉਹ ਅਰਵਿੰਦਰ ਨੂੰ ਸੁਭਾਨਪੁਰ ਦੇ ਹਸਪਤਾਲ 'ਚ ਲੈ ਗਏ ਪਰ ਉੱਥੇ ਉਸ ਨੂੰ ਦਾਖਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਜਲੰਧਰ ਦੇ ਇੱਕ ਨਿਜੀ ਹਸਪਤਾਲ ਪਹੁੰਚੇ ਤਾਂ ਉੱਥੇ ਅਰਵਿੰਦਰਜੀਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਸ ਮਗਰੋਂ ਥਾਣਾ ਸੁਭਾਨਪੁਰ ਪੁਲਿਸ ਨੇ ਏ.ਐੱਸ.ਆਈ ਪਰਮਜੀਤ ਸਿੰਘ ਅਤੇ ਉਸ ਦੇ ਸਾਥੀ ਮੰਗੂ ਵਿਰੁੱਧ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
-PTCNews

adv-img
adv-img