ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਤੋਂ ਜਵਾਬ ਮੰਗਿਆ ਕਿ ਕਾਤਿਲ ਪੁਲਿਸ ਅਧਿਕਾਰੀਆਂ ਨੂੰ ਚੁੱਪ-ਚੁਪੀਤੇ ਕਿਉਂ ਦਿੱਤੀ ਮੁਆਫ਼ੀ

Asks CM Amarinder to explain why killer cops pardoned surreptitiously
ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਤੋਂ ਜੁਆਬ ਮੰਗਿਆ ਕਿ ਕਾਤਿਲ ਪੁਲਿਸ ਅਧਿਕਾਰੀਆਂ ਨੂੰ ਚੁੱਪ-ਚੁਪੀਤੇ ਕਿਉਂ ਦਿੱਤੀ ਮੁਆਫ਼ੀ

ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਤੋਂ ਜਵਾਬ ਮੰਗਿਆ ਕਿ ਕਾਤਿਲ ਪੁਲਿਸ ਅਧਿਕਾਰੀਆਂ ਨੂੰ ਚੁੱਪ-ਚੁਪੀਤੇ ਕਿਉਂ ਦਿੱਤੀ ਮੁਆਫ਼ੀ :ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਉਹਨਾਂ ਚਾਰ ਪੁਲਿਸ ਅਧਿਕਾਰੀਆਂ ਨੂੰ ਮੁਆਫੀ ਦੇਣ ਦੀ ਸਿਫਾਰਿਸ਼ ਕਰਨ ਲਈ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਖੇਧੀ ਕੀਤੀ ਹੈ, ਜਿਹਨਾਂ ਨੇ 1993 ਵਿਚ ਵਾਰੀ ਤੋਂ ਪਹਿਲਾਂ ਤਰੱਕੀਆਂ ਲੈਣ ਲਈ ਇੱਕ ਨਿਰੋਦਸ਼ ਸਿੱਖ ਨੌਜਵਾਨ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ।ਉਹਨਾਂ ਇਹ ਵੀ ਕਿਹਾ ਹੈ ਕਿ ਅਕਾਲੀ ਦਲ ਇਸ ਬੇਇਨਸਾਫੀ ਭਰੇ ਫੈਸਲੇ ਨੂੰ ਰੱਦ ਕਰਵਾਉਣ ਲਈ ਡਟ ਕੇ ਲੜਾਈ ਲੜੇਗਾ।ਲੁਧਿਆਣਾ ਵਿਚ ਪੈਂਦੇ ਪਿੰਡ ਸਹਾਰਨ ਮਾਜਰਾ ਦੇ ਹਰਜੀਤ ਸਿੰਘ, ਜਿਸ ਨੂੰ ਉੱਤਰ ਪ੍ਰਦੇਸ਼ ਦੇ ਤਿੰਨ ਪੁਲਿਸ ਵਾਲਿਆਂ ਸਣੇ ਚਾਰ ਪੁਲਿਸ ਕਰਮੀਆਂ ਨੇ ਅਗਵਾ ਕਰਕੇ ਮਾਰ ਦਿੱਤਾ ਸੀ, ਦੇ ਪਰਿਵਾਰ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹਨਾਂ ਕਾਤਿਲ ਪੁਲਿਸ ਵਾਲਿਆਂ ਨੂੰ ਮੁਆਫੀ ਦੇ ਕੇ ਕਾਂਗਰਸ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਉੱਤੇ ਇੱਕ ਹੋਰ ਜ਼ੁਲਮ ਕੀਤਾ ਹੈ।ਉਹਨਾਂ ਕਿਹਾ ਕਿ ਮੈਂ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਹਨਾਂ ਦੀ ਇਨਸਾਫ ਲੈਣ ਲਈ ਲੜੀ 18 ਸਾਲ ਲੰਬੀ ਲੜਾਈ ਬੇਕਾਰ ਨਹੀਂ ਜਾਵੇਗੀ।ਅਕਾਲੀ ਦਲ ਸਿੱਖਾਂ ਵੱਲੋਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲੜੇਗਾ।

ਬਾਦਲ ਨੇ ਦੱਸਿਆ ਕਿ ਅਕਾਲੀ ਦਲ ਦਾ ਇੱਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਬੇਨਤੀ ਕਰੇਗਾ ਕਿ ਚਾਰ ਪੁਲਿਸ ਕਰਮੀਆਂ ਨੂੰ ਦਿੱਤੀ ਗੈਰਕਾਨੂੰਨੀ ਮੁਆਫੀ ਨੂੰ ਰੱਦ ਕੀਤਾ ਜਾਵੇ। ਉਹਨਾਂ ਕਿਹਾ ਕਿ ਸੀਬੀਆਈ ਵੱਲੋਂ 20 ਸਾਲ ਦੀ ਜਾਂਚ ਅਤੇ ਅਦਾਲਤੀ ਪੈਰਵੀ ਮਗਰੋ ਪੁਲਿਸ ਕਰਮੀਆਂ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ਤੋਂ ਸਿਰਫ ਸਾਢੇ ਚਾਰ ਸਾਲ ਬਾਅਦ ਦੋਸ਼ੀਆਂ ਨੂੰ ਮੁਆਫੀ ਦੇਣਾ ਸਿੱਖਾਂ ਦੇ ਜ਼ਖ਼ਮਾਂ ਉੱਤੇ ਨਮਕ ਮਲਣ ਦੇ ਸਮਾਨ ਹੈ, ਜਿਹੜੇ ਕਿ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤੇ ਹਮਲੇ ਅਤੇ ਦਿੱਲੀ ਵਿਚ 1984 ਦੌਰਾਨ ਸਿੱਖਾਂ ਦੇ ਕੀਤੇ ਸਮੂਹਿਕ ਕਤਲੇਆਮ ਦੀ ਪੀੜ ਨਾਲ ਅਜੇ ਤੀਕ ਤੜਪ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਵਫ਼ਦ ਗ੍ਰਹਿ ਮੰਤਰੀ ਨੂੰ ਉਹਨਾਂ ਪਰਸਥਿਤੀਆਂ ਦੀ ਜਾਂਚ ਕਰਨ ਦੀ ਵੀ ਬੇਨਤੀ ਕਰੇਗਾ, ਜਿਹਨਾਂ ਤਹਿਤ ਚਾਰ ਪੁਲਿਸ ਕਰਮੀਆਂ ਨੂੰ ਗੈਰਕਾਨੂੰਨੀ ਮੁਆਫੀ ਦਿੱਤੀ ਗਈ ਅਤੇ ਸੰਵਿਧਾਨ ਦੇ ਆਰਟੀਕਲ 161 ਤਹਿਤ ਸਰਕਾਰ ਨੂੰ ਮਿਲੀ ਇਸ ਤਾਕਤ ਦੀ ਹੋਈ ਦੁਰਵਰਤੋਂ ਲਈ ਜ਼ਿੰਮੇਵਾਰੀ ਤੈਅ ਕਰਨ ਲਈ ਕਹੇਗਾ।

ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਜੁਆਬ ਮੰਗਿਆ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ 1993 ਵਿਚ ਅਗਵਾ ਕਰਨ ਮਗਰੋਂ ਇੱਕ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਵਾਲੇ ਚਾਰ ਪੁਲਿਸ ਕਰਮੀਆਂ ਨੂੰ ਬਿਨਾਂ ਕੋਈ ਜਨਤਕ ਵਿਚਾਰ ਚਰਚਾ ਕੀਤੇ ਚੁੱਪ ਚੁਪੀਤੇ ਮੁਆਫੀ ਕਿਉਂ ਦਿੱਤੀ ਗਈ ਹੈ? ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਰ ਪੁਲਿਸ ਕਰਮੀਆਂ ਨੂੰ ਮੁਆਫੀ ਦੇਣ ਦੀ ਸਿਫਾਰਿਸ਼ ਕਰਨ ਪਿਛਲੇ ਆਪਣੇ ਮੰਤਵ ਅਤੇ ਮਜ਼ਬੂਰੀ ਬਾਰੇ ਦੱਸਣਾ ਚਾਹੀਦਾ ਹੈ। ਇਸ ਮੁਆਫੀ ਪਿੱਛੇ ਕੋਈ ਮਨੁੱਖੀ ਹਮਦਰਦੀ ਵਾਲੀ ਵਜ੍ਹਾ ਨਹੀਂ ਜਾਪਦੀ ਹੈ, ਜੋ ਕਿ ਵਿਰਲਿਆਂ ‘ਚੋਂ ਵਿਰਲੇ ਕੇਸਾਂ ਵਿਚ ਮੁਆਫੀ ਦੇਣ ਲਈ ਅਕਸਰ ਵਰਤੀ ਜਾਂਦੀ ਹੈ। ਦੋਸ਼ੀ ਪੁਲਿਸ ਕਰਮੀਆਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਮਗਰੋਂ ਉਹ ਸਿਰਫ ਸਾਢੇ ਚਾਰ ਸਾਲ ਹੀ ਜੇਲ੍ਹ ਵਿਚ ਰਹੇ ਹਨ। ਉਹਨਾਂ ਕਿਹਾ ਕਿ ਅਜਿਹੇ ਕਰੂਰਤਾ ਵਾਲੇ ਮਾਮਲੇ ਵਿਚ ਪੁਲਿਸ ਕਰਮੀ ਮਿਸਾਲੀ ਸਜ਼ਾ ਦਿੱਤੇ ਜਾਣ ਦੇ ਹੱਕਦਾਰ ਸਨ। ਉਹਨਾਂ ਕਿਹਾ ਕਿ ਪੀੜਤ ਦੇ ਪਿਤਾ ਮਹਿੰਦਰ ਸਿੰਘ ਦੀ ਬੇਨਤੀ ਉੱਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਹਰਜੀਤ ਸਿੰਘ ਦੀ ਮੌਤ ਦੀ ਜਾਂਚ ਸੀਬੀਆਈ ਨੂੰ ਸੌਂਪੇ ਜਾਣ ਮਗਰੋਂ ਜਾਂਚ ਏਜੰਸੀ ਪੁਲਿਸ ਕਰਮੀਆਂ ਵਿਰੁੱਧ ਕੇਸ ਦੀ ਡੂੰਘੀ ਜਾਂਚ ਕੀਤੀ ਸੀ। ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਅਜੀਬ ਅਤੇ ਗੈਰਮਨੁੱਖੀ ਗੱਲ ਹੈ ਕਿ ਕਾਂਗਰਸ ਸਰਕਾਰ ਕਾਨੂੰਨ ਦੇ ਖ਼ਿਲਾਫ ਜਾ ਕੇ ਉਹਨਾਂ ਚਾਰ ਪੁਲਿਸ ਕਰਮੀਆਂ ਨੂੰ ਰਾਹਤ ਦੇਣਾ ਚਾਹੁੰਦੀ ਹੈ, ਜਿਹਨਾਂ ਨੂੰ ਲੰਬੀ ਕਾਨੂੰਨੀ ਲੜਾਈ ਲੜਣ ਮਗਰੋਂ ਸਜ਼ਾ ਦਿਵਾਈ ਗਈ ਸੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਤਿਲ ਪੁਲਿਸ ਕਰਮੀਆਂ ਲਈ ਜਾਗੀ ਇਸ ਹਮਦਰਦੀ ਦੀ ਵਜ੍ਹਾ ਦੱਸਣੀ ਚਾਹੀਦੀ ਹੈ।

ਇਸੇ ਦੌਰਾਨ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪਾਰਟੀ ਨੇ ਹਾਲ ਹੀ ਵਿਚ ਸਿੱਖ ਪੰਥ ਦੇ ਲਟਕੇ ਹੋਏ ਮੁੱਦੇ ਕੇਂਦਰੀ ਗ੍ਰਹਿ ਮੰਤਰੀ ਕੋਲ ਉਠਾਏ ਸਨ , ਜਿਹਨਾਂ ਨੂੰ ਹੱਲ ਕਰਨ ਲਈ ਕਾਰਵਾਈ ਸ਼ੁਰੂ ਵੀ ਹੋ ਚੁੱਕੀ ਹੈ।ਉਹਨਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਖ਼ਿਲਾਫ 1984 ਵਿਚ ਇੱਕ ਹਿੰਸਕ ਭੀੜ ਦੀ ਅਗਵਾਈ ਕਰਨ ਲਈ ਅਕਾਲੀ ਦਲ ਵੱਲੋਂ ਦਿੱਤੀ ਸ਼ਿਕਾਇਤ ਗ੍ਰਹਿ ਮੰਤਰਾਲੇ ਵੱਲੋਂ ਅੱਗੇ ਕਾਰਵਾਈ ਲਈ ਸਿਟ ਕੋਲ ਭੇਜੀ ਜਾ ਚੁੱਕੀ ਹੈ।ਇਸ ਵਿਚ ਉਹਨਾਂ ਗਵਾਹਾਂ ਦੇ ਵੇਰਵੇ ਵੀ ਸ਼ਾਮਿਲ ਹਨ,ਜੋ ਨਾਥ ਵਿਰੁੱਧ ਗਵਾਹੀ ਦੇਣ ਲਈ ਤਿਆਰ ਹਨ।ਉਹਨਾਂ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਉਹਨਾਂ ਸਾਰੇ 365 ਸਿੱਖਾਂ ਨੂੰ ਮੁਆਵਜ਼ਾ ਦੇਣ ਬਾਰੇ ਵਿਚਾਰਨ ਦਾ ਫੈਸਲਾ ਕਰ ਲਿਆ ਹੈ, ਜਿਹਨਾਂ ਨੂੰ ਆਪਰੇਸ਼ਨ ਬਲਿਊ ਸਟਾਰ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਦਰੋਂ ਫੜ ਕੇ ਜੋਧਪੁਰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ।

ਉਹਨਾਂ ਕਿਹਾ ਕਿ ਮੰਤਰਾਲਾ ਉਹਨਾਂ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜਾ ਦੇਣ ਬਾਰੇ ਵੀ ਵਿਚਾਰ ਕਰ ਰਿਹਾ ਹੈ, ਜਿਹਨਾਂ ਨੂੰ ਗੜਬੜ ਵਾਲੇ ਸਮੇਂ ਦੌਰਾਨ ਜੰਮੂ-ਕਸ਼ਮੀਰ ਵਿਚੋਂ ਉਜਾੜ ਦਿੱਤਾ ਗਿਆ ਸੀ।ਗ੍ਰਹਿ ਮੰਤਰਾਲੇ ਨੇ ਉਹਨਾਂ ਪੁਲਿਸ ਕਰਮੀਆਂ ਖ਼ਿਲਾਫ ਵੀ ਤੁਰੰਤ ਕਾਰਵਾਈ ਯਕੀਨੀ ਬਣਾਈ ਹੈ, ਜਿਹਨਾਂ ਨੇ ਪਿਛਲੇ ਦਿਨੀ ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿਚ ਪਿਓ-ਪੁੱਤ ਉੱਤੇ ਤਸ਼ੱਦਦ ਕੀਤਾ ਸੀ।ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਇੱਕ ਵਫ਼ਦ ਨੇ ਹਾਲ ਹੀ ਵਿਚ ਗ੍ਰਹਿ ਮੰਤਰਾਲੇ ਕੋਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਘਟਾ ਕੇ ਉਮਰ ਕੈਦ ਵਿਚ ਤਬਦੀਲ ਕਰਵਾਉਣ, ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਕਮੇਟੀ ਬਣਾਉਣ ਅਤੇ ਧਰਮੀ ਫੌਜੀਆਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਵੀ ਬੇਨਤੀ ਕੀਤੀ ਹੈ।ਉਹਨਾਂ ਕਿਹਾ ਕਿ ਸਿੱਖਾਂ ਦੇ ਸਾਰੇ ਲਟਕੇ ਮਸਲੇ ਜਲਦੀ ਹੱਲ ਕਰਵਾਉਣ ਲਈ ਅਸੀਂ ਇਹਨਾਂ ਅਪੀਲਾਂ ਦੀ ਪੈਰਵੀ ਕਰਦੇ ਰਹਾਂਗੇ।
-PTCNews