ਧਰਮ ਅਤੇ ਵਿਰਾਸਤ

ਸਿੱਖ ਭਾਈਚਾਰੇ ਅੰਦਰ ਧਾਰਮਿਕ ਤਣਾਅ ਪੈਦਾ ਕਰਕੇ ਪੰਜਾਬ 'ਚ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

By Joshi -- August 24, 2017 7:08 pm -- Updated:Feb 15, 2021

ਕਿਹਾ ਕਿ ਜੇਕਰ ਕਾਹਨੂੰਵਾਨ ਵਿਚ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਹੈ ਤਾਂ ਇਸ ਲਈ ਅੱਜ ਦਾ ਮੱਸਾ ਰੰਘੜ ਪ੍ਰਤਾਪ ਬਾਜਵਾ ਜ਼ਿੰਮੇਵਾਰ ਹੋਵੇਗਾ

ਅਕਾਲ ਤਖਤ ਦੇ ਜਥੇਦਾਰ ਦੇ ਕਹਿਣ ਉੱਤੇ ਜੇਕਰ 28 ਅਗਸਤ ਤਕ ਇਹ ਮਸਲਾ ਨਾ ਸੁਲਝਾਇਆ ਤਾਂ ਅਕਾਲੀ ਦਲ ਅੰਦੋਲਨ ਵਿੱਢੇਗਾ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਅੱਜ ਦੇ ਮੱਸਾ ਰੰਘੜ ਪ੍ਰਤਾਪ ਬਾਜਵਾ ਦੁਆਰਾ ਸਿੱਖ ਭਾਈਚਰੇ ਅੰਦਰ ਧਾਰਮਿਕ ਤਣਾਅ ਪੈਦਾ ਕਰਕੇ ਪੰਜਾਬ ਅੰਦਰ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਰਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਹਨੂੰਵਾਨ ਵਿਖੇ ਛੋਟਾ ਘੱਲੂਘਾਰਾ ਸਾਹਿਬ ਗੁਰਦੁਆਰਾ ਵਿਚ ਸਿੱਖ ਮਰਿਆਦਾ ਬਹਾਲ ਕਰਨ ਲਈ ਚੱਲ ਰਹੀ ਲੜਾਈ ਕਾਬੂ ਤੋਂ ਬਾਹਰ ਹੁੰਦੀ ਹੈ ਤਾਂ ਇਸ ਲਈ ਨਿਰੋਲ ਕਾਂਗਰਸ ਆਗੂ ਜ਼ਿੰਮੇਵਾਰ ਹੋਵੇਗਾ।

ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਅੰਦਰ ਅਨੈਤਿਕ ਗਤੀਵਿਧੀਆਂ ਵਿਚ ਰੁੱਝੇ ਵਿਅਕਤੀਆਂ ਨੂੰ ਬਚਾਉਣ ਲਈ ਪੂਰੀ ਤਰ•ਾ ਬਾਜਵਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਦੂਜੇ ਸੀਨੀਅਰ ਆਗੂਆਂ ਸੇਵਾ ਸਿੰਘ ਸੇਖਵਾਂ ਅਤੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਅਕਾਲੀ ਦਲ ਜਲਦੀ ਹੀ ਅਨੈਤਿਕ ਗਤੀਵਿਧੀਆਂ ਵਿਚ ਸ਼ਾਮਿਲ ਵਿਅਕਤੀਆਂ ਅਤੇ 'ਪਛਤਾਵਾ' ਆਖੰਡ ਪਾਠ ਨੂੰ ਭੰਗ ਕਰਨ ਵਾਲਿਆਂ ਸਜ਼ਾ ਦਿਵਾਉਣ ਲਈ ਆਪਣਾ ਅੰਦੋਲਨ ਪ੍ਰੋਗਰਾਮ ਜਾਰੀ ਕਰੇਗਾ।

ਉਹਨਾਂ ਕਿਹਾ ਕਿ ਕਾਂਗਰਸੀ ਤੱਤਾਂ ਦੁਆਰਾ ਹੁਣ ਫਿਰਕੂ ਭਾਵਨਾਵਾਂ ਨੂੰ ਉਸੇ ਤਰ•ਾਂ ਹਵਾ ਦਿੱਤੀ ਜਾ ਰਹੀ ਹੈ, ਜਿਸ ਤਰ•ਾਂ ਖਾੜਕੂਵਾਦ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਿੱਤੀ ਗਈ ਸੀ। ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਕਾਂਗਰਸੀ ਦੀ ਇਸ ਸਾਜ਼ਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਅਸੀ ਆਪਣੀ ਕਾਰਵਾਈ 28 ਅਗਸਤ ਤਕ ਇਸ ਲਈ ਮੁਲਤਵੀ ਕਰ ਦਿੱਤੀ ਹੈ, ਕਿਉਂਕਿ ਉਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਛੋਟਾ ਘੱਲੂਘਾਰਾ ਗੁਰਦੁਆਰਾ ਦੀ ਮੈਨੇਜਮੈਂਟ ਨੂੰ ਉਸ ਅਨੈਤਿਕ ਘਟਨਾ ਦੀ ਸਫਾਈ ਦੇਣ ਲਈ ਬੁਲਾਇਆ ਹੈ, ਜਿਸ ਵਿਚ 11 ਅਗਸਤ ਨੂੰ ਮੈਨੇਜਮੈਂਟ ਕਮੇਟੀ ਦਾ ਜਨਰਲ ਸਕੱਤਰ, ਖਜ਼ਾਨਚੀ ਅਤੇ ਗ੍ਰੰਥੀ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਅੰਦਰ ਇੱਕ ਔਰਤ ਨਾਲ ਇਤਰਾਜ਼ਯੋਗ ਹਾਲਤ ਵਿਚ ਫੜੇ ਗਏ ਸਨ। ਉਹਨਾਂ ਕਿਹਾ ਕਿ ਅਕਾਲੀ ਦਲ ਦੀ 25 ਅਗਸਤ ਨੂੰ ਇਸ ਮੁੱਦੇ ਉੱਤੇ ਰੱਖੀ ਗਈ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਹੈ।

ਇਹ ਕਹਿੰਦਿਆਂ ਕਿ ਜੇਕਰ 28 ਅਗਸਤ ਤਕ ਇਸ ਮਸਲੇ ਨੂੰ ਸੁਲਝਾਇਆ ਨਾ ਗਿਆ ਤਾਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਇੱਕ ਵੱਡੇ ਅੰਦੋਲਨ ਦੀ ਯੋਜਨਾ ਉਲੀਕੀ ਜਾਵੇਗੀ, ਉਹਨਾਂ ਅਜਿਹੇ ਦੋਸ਼ਾਂ ਨੂੰ ਮੁੱਢੋਂ ਹੀ ਖਾਰਿਜ ਕੀਤਾ ਕਿ ਉਹ ਗੁਰਦੁਆਰਾ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਸਿਰਫ ਦੁਸ਼ਟ ਮੱਸੇ ਰੰਘੜਾਂ ਨੂੰ ਬਾਹਰ ਕਰਕੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਿੱਖ ਸੰਗਤ ਦੇ ਹੱਥ ਵਚ ਦੇਣਾ ਚਾਹੁੰਦੇ ਹਾਂ।

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਬੰਦਿਆਂ ਦੀ ਪੁਸ਼ਤਪਨਾਹੀ ਕੀਤੀ ਹੈ, ਜਿਹੜੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਅੰਦਰ ਅਨੈਤਿਕ ਗਤੀਵਿਧੀਆਂ ਕਰਦੇ ਫੜੇ ਗਏ ਹਨ। ਬਾਜਵੇ ਨੇ ਹੀ ਉਹਨਾਂ ਦੀ ਗਿਰਫਤਾਰੀ ਨਹੀਂ ਹੋਣ ਦਿੱਤੀ। ਉਹਨਾਂ ਕਿਹਾ ਕਿ ਜਦੋਂ ਸਿੱਖ ਸੰਗਤ ਨੇ ਇਸ ਗੁਰਮਰਿਆਦਾ ਦੀ ਉਲੰਘਣਾ ਖਿਲਾਫ ਅਤੇ ਸ਼ਹੀਦੀ ਗੁਰਦੁਆਰਾ ਸਾਹਿਬ ਅੰਦਰ ਜੋੜੇ ਲੈ ਕੇ ਜਾਣ ਉੱਤੇ ਇਤਰਾਜ਼ ਜਤਾਇਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਅੰਦਰ ਜਾਣ ਤੋਂ ਰੋਕਣ ਲਈ ਪੁਲਿਸ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਗਿਆ। ਉਹਨਾਂ ਕਿਹਾ ਕਿ ਬਾਅਦ ਵਿਚ ਗੁਰਦੁਆਰਾ ਸਾਹਿਬ ਅੰਦਰ ਰਖਵਾਏ ਪਛਤਾਵੇ ਦੇ ਆਖੰਡ ਪਾਠ ਦੌਰਾਨ ਵੀ ਗੁਰਮਰਿਆਦਾ ਦਾ ਉਲੰਘਣਾ ਕੀਤੀ ਗਈ।

ਅਕਾਲੀ ਆਗੂਆਂ ਨੇ ਪ੍ਰਤਾਪ ਬਾਜਵਾ ਸਮੇਤ ਸਾਰੇ ਮੱਸਾ ਰੰਘੜਾਂ ਨੂੰ ਆਖਿਆ ਕਿ ਉਹ ਸਿੱਖ ਸੰਗਤ ਦੀ ਆਵਾਜ਼ ਸੁਣਨ ਅਤੇ ਗੁਰਦੁਆਰਾ ਸਾਹਿਬ ਅੰਦਰ ਅਨੈਤਿਕ ਕਾਰੇ ਕਰਨ ਵਾਲੇ ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਕਿਹਾ ਕਿ ਇਸ ਗੱਲ ਦੀ ਜਾਂਚ ਸਰਕਾਰ ਨੇ ਕਰਨੀ ਹੈ ਕਿ ਇਹ ਸਭ ਕੁੱਝ ਮੁੱਖ ਮੰਤਰੀ ਅਤੇ ਕਾਂਗਰਸ ਸਰਕਾਰ ਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਕਿਉਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸੀ ਲੀਡਰਾਂ ਦਰਬਾਰਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਦਰਮਿਆਨ ਆਪਸੀ ਦੁਸ਼ਮਣੀ ਦੀ ਪੰਜਾਬ ਪਹਿਲਾਂ ਵੀ ਭਾਰੀ ਕੀਮਤ ਦੇ ਚੁੱਕਿਆ ਹੈ। ਉਹਨਾਂ ਕਿਹਾ ਕਿ ਉਹੀ ਕਹਾਣੀ ਮੁੜ ਤੋਂ ਖੇਡੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਿ ਇਹ ਪੰਜਾਬ ਦਾ ਨਾ ਪੂਰਿਆ ਜਾਣ ਵਾਲਾ ਨੁਕਸਾਨ ਕਰ ਦੇਵੇ, ਸਰਕਾਰ ਨੂੰ ਤੁਰੰਤ ਇਸ ਨੂੰ ਨੱਥ ਪਾਉਣੀ ਚਾਹੀਦੀ ਹੈ।

—PTC News