ਪੰਜਾਬ

ਘਰ 'ਚ ਵੜ ਕਤਲ ਮਗਰੋਂ ਮਹਿਲਾ ਦੀ ਲਾਸ਼ ਨੂੰ ਲਟਕਾ ਆਤਮਹੱਤਿਆ ਦਾ ਰੂਪ ਦੇਣ ਦੀ ਕੋਸ਼ਿਸ਼

By Jasmeet Singh -- June 12, 2022 3:08 pm -- Updated:June 12, 2022 4:34 pm

ਸ੍ਰੀ ਅੰਮ੍ਰਿਤਸਰ ਸਾਹਿਬ, 12 ਜੂਨ: ਗਵਾਲ ਮੰਡੀ ਇਲਾਕੇ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਘਰ 'ਚੋਂ ਇੱਕ ਔਰਤ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ 62 ਸਾਲਾ ਕਾਮਨੀ ਦੇਵੀ ਵਜੋਂ ਹੋਈ ਹੈ। ਔਰਤ ਦੀ ਲਾਸ਼ ਉਸ ਦੇ ਘਰ 'ਚੋਂ ਲਟਕਦੀ ਮਿਲੀ ਅਤੇ ਉਸ ਦੀ ਦੁਕਾਨ 'ਚ ਪਿਆ ਸਾਮਾਨ ਖਿੱਲਰਿਆ ਪਾਇਆ ਗਿਆ।

ਇਹ ਵੀ ਪੜ੍ਹੋ: ਬੀਬੀ ਰਾਜੋਆਣਾ ਨੇ ਪੰਥ ਦੇ ਹਿਤੈਸ਼ੀ ਬਣੇ ਫਿਰਦੇ ਭੇਖੀਆਂ ਦੇ ਨਾਂਅ ਜਾਰੀ ਕੀਤਾ ਪੱਤਰ

ਹਾਸਿਲ ਜਾਣਕਾਰੀ ਮੁਤਾਬਿਕ ਮ੍ਰਿਤਕ ਦੇ ਘਰ ਦੇ ਹੇਠਾਂ ਛੋਟੀ ਜਿਹੀ ਦੁਕਾਨ ਸੀ। ਉਹ ਉੱਪਰਲੇ ਕਮਰੇ ਵਿੱਚ ਆਪਣੇ ਭਤੀਜੇ ਨਾਲ ਰਹਿੰਦੀ ਸੀ। ਪਤਾ ਲੱਗਾ ਹੈ ਕਿ ਬੀਤੇ ਦਿਨ ਉਸ ਦਾ ਭਤੀਜਾ ਕਿਸੇ ਕੰਮ ਕਾਰਨ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ।

ਮੌਕੇ 'ਤੇ ਪਹੁੰਚੀ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਸ ਤਰਾਂ ਲਾਸ਼ ਲਟਕਦੀ ਮਿਲੀ ਅਤੇ ਦੁਕਾਨ ਦਾ ਸਾਮਾਨ ਖਿੱਲਰਿਆ ਪਿਆ ਸੀ, ਉਸ ਤੋਂ ਸਾਫ਼ ਹੈ ਕਿ ਕਿਸੇ ਅਪਰਾਧਿਕ ਅਕਸ ਦੇ ਨਸ਼ੇੜੀ ਵਿਅਕਤੀ ਨੇ ਲੁੱਟ-ਖੋਹ ਦੀ ਆਸ਼ੰਕਾ 'ਚ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ।

ਇਸ ਦੇ ਨਾਲ ਹੀ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਬਹੁਤ ਹੀ ਮਿਲਣਸਾਰ ਸੁਭਾਅ ਦੀ ਸੀ। ਸਾਰੇ ਲੋਕ ਲੋੜ ਅਨੁਸਾਰ ਦਿਨ-ਰਾਤ ਕਿਸੇ ਵੇਲੇ ਵੀ ਉਸ ਨੂੰ ਬੁਲਾ ਕੇ ਦੁਕਾਨ ਖੋਲ੍ਹ ਲੈਂਦੇ ਸਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨ ਉਹ ਘਰ ਵਿੱਚ ਇਕੱਲੀ ਸੀ। ਜਿਸ ਕਾਰਨ ਕਿਸੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਲੋਕਾਂ ਨੂੰ ਕਤਲ ਬਾਰੇ ਉਦੋਂ ਪਤਾ ਲੱਗਾ ਜਦੋਂ ਉਸ ਨੇ ਰੋਜ਼ਾਨਾ ਵਾਂਗ ਦੁਕਾਨ ਨਹੀਂ ਖੋਲ੍ਹੀ।

ਇਹ ਵੀ ਪੜ੍ਹੋ: ਧੀ ਦੀ ਅੰਬਰ ਵੱਲ ਉਡਾਰੀ, ਬਲਜੀਤ ਕੌਰ ਨੇ ਮਾਊਂਟ ਐਵਰੈਸਟ ਨੂੰ ਸਰ ਕਰਕੇ ਰਚਿਆ ਇਤਿਹਾਸ

ਮੌਕੇ 'ਤੇ ਪਹੁੰਚੀ ਪੁਲਿਸ ਅਤੇ ਫੋਰੈਂਸਿਕ ਟੀਮ ਨੇ ਸਾਰੇ ਸਬੂਤ ਇਕੱਠੇ ਕੀਤੇ ਅਤੇ ਫਿਰ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮਹਿਲਾ ਪੁਲਿਸ ਦੀ ਉੱਚ ਅਧਿਕਾਰੀ ਨੇ ਦੱਸਿਆ ਕਿ ਕਤਲ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

-PTC News

  • Share