
ਖਿਡਾਰੀਆਂ ਤੋਂ ਬਾਅਦ ਪੰਜਾਬ ਦੀਆਂ ਇਹਨਾਂ ਵੱਡੀਆਂ ਸ਼ਖਸੀਅਤਾਂ ਵੱਲੋਂ ਪੁਰਸਕਾਰ ਵਾਪਸ ਕਰਨ ਦਾ ਐਲਾਨ:ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ‘ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸਮਰਥਨ ‘ਚ ਜਿੱਥੇ ਪੰਜਾਬੀ ਗਾਇਕ, ਸਿਆਸੀ ਲੀਡਰ ਆਏ ਹਨ, ਉਥੇ ਹੀ ਪੰਜਾਬ ਦੇ ਖਿਡਾਰੀ ਵੀ ਕਿਸਾਨਾਂ ਦੇ ਸਮਰਥਨ ‘ਚ ਉਤਰ ਆਏ ਹਨ। ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅਤੇ ਕਿਸਾਨਾਂ ਦੇ ਹੱਕ ‘ਚ ਆਏ ਓਲੰਪਿਕ ਖਿਡਾਰੀਆਂ ਨੇ ਦਿੱਲੀ ਜਾ ਕੇ ਮਿਲੇ ਐਵਾਰਡਾਂ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ।

ਇਸ ਦੌਰਾਨ ਸਾਬਕਾ ਰਾਸ਼ਟਰੀ ਮੁੱਕੇਬਾਜ਼ੀ ਕੋਚ ਗੁਰਬਖਸ਼ ਸਿੰਘ ਸੰਧੂ ਨੇ ਕਿਸਾਨਾਂ ਦੇ ਹੱਕ ਵਿੱਚ ਦਰੋਣਾਚਾਰੀਆ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਕਿਸਾਨਾਂ ਪ੍ਰਤੀ ਰਵੱਈਏ ਤੋਂ ਨਿਰਾਸ਼ ਹੋ ਕੇ ਉਹ ਇਹ ਪੁਰਸਕਾਰ ਵਾਪਸ ਮੋੜ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਵੀ ਬਹੁਤ ਸਾਰੇ ਖਿਡਾਰੀਆਂ ਦੀ ਤਰ੍ਹਾਂ ਕਿਸਾਨ ਦਾ ਬੇਟਾ ਹਾਂ ਅਤੇ ਮੈਂ ਆਪਣੇ ਬਜ਼ੁਰਗਾਂ ਨੂੰ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਕਰਦਿਆਂ ਦੇਖ ਕੇ ਦੁਖੀ ਹਾਂ।

ਸਾਬਕਾ ਮੁੱਕੇਬਾਜ਼ ਕੌਰ ਸਿੰਘ ਪਦਮ ਸ਼੍ਰੀ ਤੇ ਅਰਜੁਨਾ ਐਵਾਰਡੀ ਜੈਪਾਲ ਸਿੰਘ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਨੂੰ ਆਪਣੇ ਪੁਰਸਕਾਰ ਵਾਪਿਸ ਕਰਨ ਦੀ ਚੇਤਾਵਨੀ ਦਿੱਤੀ ਹੈ। ਇਨ੍ਹਾਂ ਸ਼ਖਸ਼ੀਅਤਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੇਕਰ ਆਉਣ ਵਾਲੇ ਦਿਨਾਂ ‘ਚ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਉਹ ਰੋਸ ਵਜੋਂ ਕੇਂਦਰ ਸਰਕਾਰ ਨੂੰ ਦਰੋਣਾਚਾਰੀਆ ਪੁਰਸਕਾਰ ਵਾਪਿਸ ਕਰ ਦੇਣਗੇ।

ਇਸ ਦੇ ਨਾਲ ਹੀ ਕਿਸਾਨੀ ਦੇ ਹੱਕ ਵਿਚ ਪੰਜਾਬ ਹੋਮਗਾਰਡ ਵਿਚੋਂ ਹਾਲ ਹੀ ਵਿਚ ਸੇਵਾਮੁਕਤ ਹੋਏ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੇ ਆਪਣਾ ਰਾਸ਼ਟਰਪਤੀ ਮੈਡਲ ਵਾਪਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਇਹ ਅਵਾਰਡ ਅਜੇ 4 ਮਹੀਨੇ ਪਹਿਲਾਂ ਹੀ ਮਿਲਿਆ ਸੀ। ਉਨ੍ਹਾਂ ਦਾ ਤਰਕ ਹੈ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਇਹ ਮੈਡਲ ਵਾਪਸ ਕਰ ਰਹੇ ਹਨ ਕਿਉਂਕਿ ਇਸ ਸਮੇਂ ਕਿਸਾਨਾਂ ਨਾਲ ਖੜ੍ਹਨ ਦਾ ਸਾਰਿਆ ਦਾ ਇਖਲਾਕੀ ਫਰਜ਼ ਵੀ ਹੈ ਅਤੇ ਉਹ ਕਿਸਾਨ ਦੇ ਪੁੱਤ ਵੀ ਹਨ।

ਉਨ੍ਹਾਂ ਕਿਹਾ ਕਿ ਜਦੋਂ ਸਾਡੇ ਮਾਤਾ ਪਿਤਾ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਰੋਲਿਆ ਜਾ ਰਿਹਾ ਹੈ ਤਾਂ ਇਸ ਨਾਲ ਮੈਂ ਬਹੁਤ ਦੁਖੀ ਹਾਂ। ਉਨ੍ਹਾਂ ਕਿਹਾ ਕਿ ਜੇਕਰ ਮੈਂ ਰਿਟਾਇਰ ਨਾ ਹੁੰਦਾ ਹੈ ਤਾ ਮੈਂ ਐਵਾਰਡ ਵਾਪਸੀ ਦਾ ਬਹੁਤ ਛੋਟੀ ਗੱਲ ਹੈ, ਮੈਂ ਆਪਣੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੰਦਾ। ਰਾਏ ਸਿੰਘ ਧਾਲੀਵਾਲ 40 ਸਾਲਾਂ ਤੋਂ ਪਟਿਆਲਾ ਵਿਖੇ ਰਹਿ ਰਹੇ ਹਨ ਅਤੇ ਪਿਛਲੇ ਦਿਨਾਂ ਦੌਰਾਨ ਹੀ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ।

ਇਸ ਦੇ ਇਲਾਵਾ ਅਰਜਨ ਐਵਾਰਡੀ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਰਿਟਾਇਰ ਇੰਸਪੈਕਟਰ ਹਰਦੀਪ ਸਿੰਘ ਭੁੱਲਰ ਨੇ ਕਿਹਾ ਕਿ ਉਹ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਸਨ ਤੇ ਤਤਕਾਲੀਨ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ 1990 ਵਿਚ ਅਰਜਨ ਐਵਾਰਡ ਮਿਲਿਆ ਸੀ ਪਰ ਕੇਂਦਰ ਸਰਕਾਰ ਵੱਲੋਂ ਜੋ 3 ਖੇਤੀ ਕਾਨੂੰਨ ਪਾਸ ਕੀਤੇ ਗਏ ਹਨ, ਜਿਸ ਦੇ ਰੋਸ ਵਜੋਂ ਮੈ ਆਪਣਾ ਅਰਜਨ ਐਵਾਰਡ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਮਾਨਯੋਗ ਰਾਸ਼ਟਰਪਤੀ ਨੂੰ ਮਿਲ ਕੇ ਵਾਪਸ ਸੌਂਪਿਆ ਜਾਵੇਗਾ।

ਦੱਸ ਦੇਈਏ ਕਿ ਇਸ ਤੋਂ ਇਲਾਵਾ ਪੰਜਾਬ ਦੇ 37 ਕੌਮਾਂਤਰੀ ਖਿਡਾਰੀਆਂ ਨੇ ਪੁਰਸਕਾਰ ਵਾਪਸ ਕਰਨ ਦੀ ਸਹਿਮਤੀ ਦਿੱਤੀ ਹੈ।ਪੰਜਾਬ ਦੇ ਮਾਣਮੱਤੇ ਖਿਡਾਰੀਆਂ ਦਾ ਕਾਫਲਾ 5 ਦਸੰਬਰ ਨੂੰ ਦਿੱਲੀ ਵੱਲ ਕੂਚਕਰੇਗਾ।ਕੌਮਾਂਤਰੀ ਖਿਡਾਰੀ ਆਪਣੇ ਨੌਜਵਾਨ ਖਿਡਾਰੀਆਂ ਸਮੇਤ 5 ਦਸੰਬਰ ਨੂੰ ਸਵੇਰੇ ਜਲੰਧਰ ਤੋਂ ਕੂਚ ਕਰਨਗੇ। ਖਿਡਾਰੀਆਂ ਦਾ ਕਾਫਲਾ ਵਾਇਆ ਲੁਧਿਆਣਾ ਹੋ ਕੇ ਫਤਿਹਗੜ੍ਹ ਸਾਹਿਬਪਹੁੰਚੇਗਾ। ਜਿਸ ਤੋਂ ਬੰਦ ਇਹ ਖਿਡਾਰੀ ਫਤਿਹਗੜ੍ਹ ਸਹਿਬ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਕੇ ਦਿੱਲੀ ਵੱਲ ਵਧਣਗੇ।
-PTCNews