ਮੁੱਖ ਖਬਰਾਂ

ਪੰਜਾਬ ਸਮੇਤ ਪੂਰੇ ਦੇਸ਼ 'ਚ ਲੱਗੀ ਇੱਟਾਂ ਦੀ ਵਿਕਰੀ 'ਤੇ ਰੋਕ, ਜਾਣੋ ਵਜ੍ਹਾ

By Jasmeet Singh -- September 12, 2022 12:42 pm

ਚੰਡੀਗੜ੍ਹ, 12 ਸਤੰਬਰ: ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੋਧ 'ਚ ਆਲ ਇੰਡੀਆ ਬ੍ਰਿਕ ਐਂਡ ਟਾਈਲ ਮੈਨੂਫੈਕਚਰਰਜ਼ ਫੈਡਰੇਸ਼ਨ ਦੇ ਸੱਦੇ 'ਤੇ ਦੇਸ਼ ਭਰ ਦੇ ਭੱਠਿਆਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਅੰਦੋਲਨ ਦੇ ਦੂਜੇ ਪੜਾਅ ਦਾ ਐਲਾਨ ਕਰਦਿਆਂ ਭੱਠਾ ਅਤੇ ਟਾਇਲ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਓਮਵੀਰ ਨੇ ਦੇਸ਼ ਭਰ ਵਿੱਚ 12 ਸਤੰਬਰ ਤੋਂ 17 ਸਤੰਬਰ ਤੱਕ ਇੱਟਾਂ ਦੀ ਵਿਕਰੀ ’ਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਹੈ।

ਲਾਲ ਇੱਟਾਂ ਦੀ ਵਿਕਰੀ 'ਤੇ ਜੀਐਸਟੀ ਦੀ ਦਰਾਂ ਵਿੱਚ ਬੇਤਹਾਸ਼ਾ ਵਾਧਾ ਤੇ ਕੋਲੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਭੱਠਾ ਮਾਲਕਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਅਪੀਲ ਤਹਿਤ ਜਿੱਥੇ ਹੋਰਨਾਂ ਸੂਬਿਆਂ ਵਿੱਚ ਇਸ ਲਹਿਰ ਨੂੰ ਪੂਰਾ ਹੁਲਾਰਾ ਮਿਲ ਰਿਹਾ ਹੈ, ਉਥੇ ਪੰਜਾਬ ਭੱਠਾ ਮਾਲਕ ਐਸੋਸੀਏਸ਼ਨ ਨੇ ਵੀ ਇਸ ਦਾ ਪੁਰਜ਼ੋਰ ਸਮਰਥਨ ਕੀਤਾ ਹੈ।

ਪੰਜਾਬ ਐਸੋਸੀਏਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ 6 ਰੋਜ਼ਾ ਸੇਲ-ਸਪਲਾਈ ਹੜਤਾਲ ਪੂਰੀ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਇੱਟਾਂ 'ਤੇ ਜੀਐਸਟੀ ਦੀ ਦਰਾਂ ਨਾ ਘਟਾਈਆਂ ਗਈਆਂ ਅਤੇ ਭੱਠਿਆਂ ਅਤੇ ਕੋਲੇ ਦੀ ਸਪਲਾਈ ਲਈ ਠੋਸ ਪ੍ਰਬੰਧ ਨਾ ਕੀਤੇ ਗਏ ਤਾਂ ਇੱਟਾਂ ਦੀ ਵਿਕਰੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਕੁਝ ਦਿਨਾਂ ਲਈ ਆਪਣਾ ਕੰਮਕਾਜ ਬੰਦ ਕਰਕੇ ਇਸ ਹੜਤਾਲ ਦੌਰਾਨ ਭੱਠਾ ਮਾਲਕਾਂ ਦਾ ਸਾਥ ਦੇਣ ਤਾਂ ਜੋ ਜਨਤਾ 'ਤੇ ਪੈ ਰਹੇ ਆਰਥਿਕ ਬੋਝ ਨੂੰ ਘੱਟ ਕੀਤਾ ਜਾ ਸਕੇ। ਕਮੇਟੀ ਪ੍ਰਧਾਨ ਨੇ ਆਉਣ ਵਾਲੇ ਦਿਨਾਂ ਵਿੱਚ ਵਿਕਾਸ ਅਤੇ ਉਸਾਰੀ ਦੇ ਕੰਮ ਰੁਕਣ ਅਤੇ ਜਨਤਾ ਨੂੰ ਆ ਰਹੀਆਂ ਮੁਸ਼ਕਿਲਾਂ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।


-PTC News

  • Share