ਸ੍ਰੀ ਹਰਿਮੰਦਰ ਸਾਹਿਬ ‘ਚ 'ਬੰਦੀ ਛੋੜ ਦਿਵਸ' ਦੀਆਂ ਰੌਣਕਾਂ, ਸੰਗਤਾਂ ਟੇਕ ਰਹੀਆਂ ਨੇ ਮੱਥਾ

By Jagroop Kaur - November 14, 2020 3:11 pm

ਸ੍ਰੀ ਅੰਮ੍ਰਿਤਸਰ ਸਾਹਿਬ: ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਅੱਜ ਮਨਾਇਆ ਜਾ ਰਿਹਾ ਹੈ ਤੇ ਲੋਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਵੀ ਬੰਦੀ ਛੋੜ ਦਿਵਸ (ਦੀਵਾਲੀ) ਮੌਕੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਦੂਰ-ਦੂਰ ਤੋਂ ਸੰਗਤਾਂ ਸਵੇਰ ਤੋਂ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ ਤੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ।

ਹਾਲਾਂਕਿ ਕੋਰੋਨਾ ਕਾਰਨ ਇਸ ਵਾਰ ਦੀ ਦੀਵਾਲੀ ਮੱਠੀ ਹੈ, ਪਰ ਹਰ ਪਾਸੇ ਬਾਜ਼ਾਰ ਸਜੇ ਹੋਏ ਹਨ ਤੇ ਲੋਕ ਮੌਕੇ ਮੰਦਰਾਂ, ਗੁਰਦੁਆਰਿਆਂ ‘ਚ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ।

ਬਿਜਲਈ ਲਾਈਟਾਂ ਨਾਲ ਸਜਿਆ ਸ੍ਰੀ ਦਰਬਾਰ ਸਾਹਿਬ-

ਤੁਹਾਨੂੰ ਦੱਸ ਦੇਈਏ ਕਿ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦਿਆਂ ਸ੍ਰੀ ਦਰਬਾਰ ਸਾਹਿਬ ਨੂੰ ਬਿਜਲਈ ਲਾਈਟਾਂ ਨਾਲ ਸਜਾਇਆ ਗਿਆ ਹੈ ਤੇ ਅਲੌਕਿਕ ਦੀਪਮਾਲਾ ਕੀਤੀ ਗਈ ਹੈ ਤੇ ਅੱਜ ਰਾਤ ਨੂੰ ਵੀ ਅਲੌਕਿਕ ਆਤਿਸ਼ਬਾਜ਼ੀ ਕੀਤੀ ਜਾਵੇਗੀ।

ਇਸ ਕਾਰਨ ਮਨਾਇਆ ਜਾਂਦਾ ਹੈ ਬੰਦੀ ਛੋੜ ਦਿਵਸ-

ਜ਼ਿਕਰਯੋਗ ਹੈ ਕਿ ਇਹ ਦਿਹਾੜਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੀ ਕੈਦ ‘ਚੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚਣ ਦੀ ਯਾਦ ‘ਚ ਮਨਾਇਆ ਜਾਂਦਾ ਹੈ।ਜੋ ਮਨੁੱਖਤਾ ਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਲਈ ਲੋਕਾਂ ਨੂੰ ਪ੍ਰੇਰਤ ਕਰਦਾ ਹੈ। ਉਸ ਸਮੇਂ ਛੇਵੇਂ ਪਾਤਸ਼ਾਹ ਨੇ ਆਪਣੇ ਨਾਲ 52 ਰਾਜਿਆਂ ਨੂੰ ਮੁਗ਼ਲ ਕੈਦ ‘ਚੋਂ ਰਿਹਾਅ ਕਰਵਾ ਕੇ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਪਰਉਪਕਾਰ ਦੀ ਉਦਾਹਰਣ ਪੇਸ਼ ਕੀਤੀ ਸੀ। ਉਸ ਦਿਨ ਤੋਂ ਹੀ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ‘ਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ।

-PTC News

adv-img
adv-img