ਪੰਜਾਬ

ਬਹਿਬਲ ਕਲਾਂ ਗੋਲੀਕਾਂਡ: ਫਰੀਦਕੋਟ ਅਦਾਲਤ 'ਚ ਪੇਸ਼ ਹੋਏ ਸਾਬਕਾ ਪੁਲਿਸ ਅਧਿਕਾਰੀ, ਅਗਲੀ ਸੁਣਵਾਈ 3 ਦਸੰਬਰ ਤੈਅ

By Riya Bawa -- November 26, 2021 4:30 pm -- Updated:November 26, 2021 4:34 pm

ਫ਼ਰੀਦਕੋਟ : ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ ਮੌਕੇ ਸਾਬਕਾ ਉੱਚ ਪੁਲਸ ਅਧਿਕਾਰੀ ਸੁਮੇਧ ਸੈਂਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਮੋਗਾ ਦੇ ਕਾਰਬਾਰੀ ਸੁਹੇਲ ਬਰਾੜ ਨੂੰ ਛੱਡ ਕੇ ਸਾਬਕਾ ਪੁਲਸ ਅਧਿਕਾਰੀ ਚਰਨਜੀਤ ਸ਼ਰਮਾ, ਬਿਕਰਮਜੀਤ ਸਿੰਘ ਅਤੇ ਅਮਰਜੀਤ ਸਿੰਘ ਕੁਲਾਰ ਸਥਾਨਕ ਸ਼ੈਸ਼ਨ ਕੋਰਟ ਵਿੱਚ ਪੇਸ਼ ਹੋਏ।

ਇਸ ਦੌਰਾਨ ਬਚਾਅ ਪੱਖ ਦੇ ਵਕੀਲ ਵਲੋਂ ਅੱਜ ਫਰੀਦਕੋਟ ਅਦਾਲਤ ਵਿਚ ਨਵੀਂ ਅਰਜ਼ੀ ਦਾਖਲ ਕੀਤੀ ਗਈ। ਅਰਜ਼ੀ ਵਿਚ ਮੰਗ ਕੀਤੀ ਗਈ ਕਿ ਜਦੋਂ ਤੱਕ ਇਸ ਮਾਮਲੇ ਦੇ ਸਾਰੇ ਕਥਿਤ ਦੋਸ਼ੀਆਂ ਦੀ ਪੇਸ਼ੀ ਨਹੀਂ ਹੁੰਦੀ ਉਦੋਂ ਤੱਕ ਦੋਸ਼ ਤੈਅ ਕਰਨ ਦੀ ਕਾਰਵਾਈ ਨਾ ਕੀਤੀ ਜਾਵੇ। ਦੱਸ ਦੇਈਏ ਕਿ ਅਦਾਲਤੀ ਕਾਰਵਾਈ ਤੋਂ ਬਾਅਦ ਬਚਾਓ ਪੱਖ ਦੇ ਵਕੀਲ ਐੱਚ.ਐੱਸ.ਸੈਣੀ ਨੇ ਦੱਸਿਆ ਕਿ ਬੀਤੀ 19 ਅਕਤੂਬਰ ਦੀ ਸੁਣਵਾਈ ਮੌਕੇ ਮਾਨਯੋਗ ਸ਼ੈਸ਼ਨ ਕੋਰਟ ਵਿੱਚ ਦਰਖ਼ਾਸਤ ਲਗਾ ਕੇ ਗੋਲੀਕਾਂਡ ਮੌਕੇ ਜ਼ਖ਼ਮੀ ਹੋਏ ਪੁਲਸ ਕਰਮਚਾਰੀਆਂ ਅਤੇ ਪ੍ਰਾਪਰਟੀ ਨੂੰ ਪੁੱਜੇ ਨੁਕਸਾਨ ਦੀ ਫਿਰ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ।

Court issues arrest warrant against former DGP Sumedh Saini in Behbal case

ਉਨ੍ਹਾਂ ਨੇ ਕਿਹਾ ਕਿ ਅੱਜ ਦੀ ਸੁਣਵਾਈ ਮੌਕੇ ਸਿਟ ਮੈਂਬਰ ਸਤਵਿੰਦਰ ਸਿੰਘ ਐੱਸ.ਐੱਸ.ਪੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿੱਚ ਉਨ੍ਹਾਂ ਨੇ ਮੰਨਿਆਂ ਕਿ ਉਸ ਵੇਲੇ 5-6 ਦੇ ਕਰੀਬ ਪੁਲਸ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਸਨ, ਜਿੰਨ੍ਹਾਂ ਦੀਆਂ ਐੱਮ.ਐੱਲ.ਆਰ ਸਿਟ ਨੂੰ ਪ੍ਰਾਪਤ ਹੋਈਆਂ ਸਨ। ਸਿਟ ਵੱਲੋਂ ਇਨ੍ਹਾਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਸਿਟ ਵੱਲੋਂ ਲੰਮਾਂ ਸਮਾਂ ਬੀਤ ਜਾਣ ਦੇ ਬਾਵਜੂਦ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦਾ ਸਵਾਲ ਆਇਆ ਤਾਂ ਮਾਨਯੋਗ ਅਦਾਲਤ ਵੱਲੋਂ ਪੁੱਛੇ ਜਾਣ 'ਤੇ ਸਿਟ ਵੱਲੋਂ ਇਸ ਸਬੰਧੀ ਅਗਲੀ ਤਰੀਖ਼ 'ਤੇ ਜਾਣਕਾਰੀ ਦੀ ਗੱਲ ਆਖੀ ਗਈ। ਇਸ ਦੌਰਾਨ ਅਗਲੀ ਸੁਣਵਾਈ 3 ਦਸੰਬਰ ਤੈਅ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਮਾਨਯੋਗ ਹਾਈਕੋਰਟ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਵਿੱਚ ਨਾਮਜ਼ਦ ਸਾਬਕਾ ਡੀ.ਜੀ.ਪੀ ਸੁਮੇਧ ਸੈਂਣੀ ਨੂੰ ਫ਼ਰਵਰੀ 2022 ਤੱਕ ਕਿਸੇ ਵੀ ਮਾਮਲੇ ਵਿੱਚ ਪੇਸ਼ ਨਾ ਹੋਣ ਦੀ ਰਾਹਤ ਦਿੱਤੀ ਗਈ ਹੈ, ਜਦਕਿ ਗੁਰਦੀਪ ਸਿੰਘ ਪੰਧੇਰ ਉਸ ਵੇਲੇ ਦੇ ਐੱਸ.ਐੱਚ.ਓ ਬਾਜਾਖਾਨਾ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਹੋਇਆ ਹੈ।

-PTC News

  • Share