ਲੰਗਰ ਹਾਲ ਦਾ ਉਦਘਾਟਨ ਕਰਨ ਪਹੁੰਚੇ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੰਗਤ ਦੀ ਸੇਵਾ 'ਚ ਲੋੜੀਂਦੇ ਕਾਰਜਾਂ ਲਈ ਰਹਿਣਗੇ ਵਚਨਬੱਧ'

By Jagroop Kaur - November 06, 2020 8:11 pm

ਅੰਮ੍ਰਿਤਸਰ-ਇਤਿਹਾਸਕ ਗੁਰਦੁਆਰਾ ਸ੍ਰੀ ਪਿੱਪਲੀ ਸਾਹਿਬ ਪੁਤਲੀਘਰ ਵਿਖੇ ਤਿਆਰ ਕੀਤੇ ਗਏ ਲੰਗਰ ਹਾਲ ਦਾ ਉਦਘਾਟਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ। ਲੰਗਰ ਹਾਲ ਤਿਆਰ ਕਰਨ ਦੀ ਸੇਵਾ ਬਾਬਾ ਬਚਨ ਸਿੰਘ ਕਾਰਸੇਵਾ ਦਿੱਲੀ ਵਾਲਿਆਂ ਵੱਲੋਂ ਕੀਤੀ ਗਈ ਹੈ। ਉਦਘਾਟਨ ਸਮੇਂ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਦੀ ਸਹੂਲਤ ਲਈ ਲੋੜੀਂਦੇ ਕਾਰਜ ਕਰਨ ਲਈ ਸ਼੍ਰੋਮਣੀ ਕਮੇਟੀ ਵਚਨਬੱਧ ਹੈ। ਇਸੇ ਤਹਿਤ ਹੀ ਗੁਰਦੁਆਰਾ ਪਿੱਪਲੀ ਸਾਹਿਬ ਵਿਖੇ ਲੰਗਰ ਹਾਲ ਤਿਆਰ ਕੀਤਾ ਗਿਆ ਹੈ।

ਇਸ ਮੌਕੇ ਭਾਈ ਲੌਂਗੋਵਾਲ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਪ੍ਰਬੰਧ ਗੈਰ ਸਿੱਖ ਸੰਗਠਨ ਨੂੰ ਸੌਂਪਣ ਕਰਕੇ ਸਿੱਖਾਂ ਅੰਦਰ ਪੈਦਾ ਹੋਏ ਭਾਰੀ ਰੋਸ ਨੂੰ ਜਾਇਜ਼ ਠਹਿਰਾਇਆ। ਭਾਈ ਲੌਂਗੋਵਾਲ ਨੇ ਆਖਿਆ ਕਿ ਪਾਕਿਸਤਾਨ ਸਰਕਾਰ ਨੂੰ ਆਪਣਾ ਫੈਸਲਾ ਤੁਰੰਤ ਬਦਲ ਲੈਣਾ ਚਾਹੀਦਾ ਹੈ, ਤਾਂ ਜੋ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਅੰਦਰ ਪੈਦਾ ਹੋਇਆ ਰੋਸ ਖ਼ਤਮ ਹੋ ਸਕੇ। ਇਸ ਮੌਕੇ ਭਾਈ ਲੌਂਗੋਵਾਲ ਨੇ ਕਾਰਸੇਵਾ ਦਿੱਲੀ ਵਾਲਿਆਂ ਦੇ ਨੁਮਾਇੰਦੇ ਬਾਬਾ ਕਮਲਜੀਤ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਹੋਰ ਪੜ੍ਹੋ : ਗੁਆਂਢੀ ਨੇ ਪੈਸਿਆਂ ਲਈ ਖੋਹਿਆ ਮਾਂਪਿਆਂ ਦਾ ਇੱਕਲੌਤਾ ਪੁੱਤਰ

ਇਸ ਤੋਂ ਪਹਿਲਾਂ ਜਪੁਜੀ ਸਾਹਿਬ ਅਤੇ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਗਈ। ਉਦਘਾਟਨੀ ਸਮਾਰੋਹ ਮੌਕੇ ਅੰਤ੍ਰਿੰਗ ਮੈਂਬਰ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਸ. ਭਗਵੰਤ ਸਿੰਘ ਸਿਆਲਕਾ, ਸ. ਸੁਰਜੀਤ ਸਿੰਘ ਭਿੱਟੇਵਡ, ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਬੀਬੀ ਕਿਰਨਜੋਤ ਕੌਰ, ਆਦਿ ਮੌਜੂਦ ਸਨ।

adv-img
adv-img