Fri, Apr 19, 2024
Whatsapp

ਬੀਬੀ ਜਗੀਰ ਕੌਰ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਕੌਮੀ ਮਸਲਿਆਂ ਦੇ ਹੱਲ ਦੀ ਕੀਤੀ ਮੰਗ

Written by  Shanker Badra -- April 27th 2021 09:02 PM -- Updated: April 27th 2021 09:04 PM
ਬੀਬੀ ਜਗੀਰ ਕੌਰ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਕੌਮੀ ਮਸਲਿਆਂ ਦੇ ਹੱਲ ਦੀ ਕੀਤੀ ਮੰਗ

ਬੀਬੀ ਜਗੀਰ ਕੌਰ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਕੌਮੀ ਮਸਲਿਆਂ ਦੇ ਹੱਲ ਦੀ ਕੀਤੀ ਮੰਗ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਸ਼੍ਰੋਮਣੀ ਕਮੇਟੀ ਤੇ ਸਿੱਖ ਕੌਮ ਦੇ ਕੁਝ ਜ਼ਰੂਰੀ ਮਸਲਿਆਂ ਦੇ ਹੱਲ ਲਈ ਮੰਗ ਪੱਤਰ ਦਿੱਤਾ। ਇਸ ਮੁਲਾਕਾਤ ਦੌਰਾਨ ਉਨ੍ਹਾਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੀ ਜ਼ਮੀਨ ਦਾ ਮਾਮਲਾ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸੋਸਲ ਸਿਸਟਮ ਲਗਾਉਣ ਦੇ ਨਾਲ-ਨਾਲ ਸਰਾਵਾਂ ਲਈ ਨਕਸ਼ਿਆਂ ਨੂੰ ਮਨਜੂਰੀ ਦੇਣ ਸਮੇਤ ਹੋਰ ਅਹਿਮ ਮਸਲਿਆਂ ਵਿਚ ਦਖਲ ਦੇ ਕੇ ਹੱਲ ਦੀ ਅਪੀਲ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਮੁਹਾਲੀ ਸਥਿਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਕਰੀਬ 12 ਏਕੜ ਜ਼ਮੀਨ ਨੂੰ ਗਮਾਡਾ ਐਕਵਾਇਰ ਕਰਨੀ ਚਾਹੁੰਦਾ ਹੈ, ਜਿਸ ਨੂੰ ਰੋਕਣ ਲਈ ਮੁੱਖ ਮੰਤਰੀ ਪੰਜਾਬ ਨੂੰ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀ ਜਾਇਦਾਦ ਕੌਮ ਦੀ ਅਮਾਨਤ ਹੈ, ਜਿਸ ਨੂੰ ਜਬਰੀ ਹਥਿਆਉਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਹੋਰ ਮਸਲਿਆਂ ਸਬੰਧੀ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਲਗਾਏ ਜਾ ਰਹੇ ਸੋਲਰ ਸਿਸਟਮ ਦਾ ਮਸਲਾ ਵੀ ਮੁੱਖ ਮੰਤਰੀ ਪਾਸ ਉਠਾਇਆ ਗਿਆ ਹੈ। ਸ਼੍ਰੋਮਣੀ ਕਮੇਟੀ 2.2 ਮੈਗਾਵਾਟ ਦਾ ਸੋਲਰ ਸਿਸਟਮ ਸੰਗਤ ਦੇ ਸਹਿਯੋਗ ਨਾਲ ਲਗਾਉਣਾ ਚਾਹੁੰਦੀ ਹੈ। ਇਸ ਲਈ ਨੇੜੇ ਜਗ੍ਹਾ ਨਾ ਹੋਣ ਕਾਰਨ ਗੁਰਦੁਆਰਾ ਸਤਲਾਣੀ ਸਾਹਿਬ ਦੀ ਜ਼ਮੀਨ ਵਿਚ ਲਗਾਉਣ ਦੀ ਯੋਜਨਾ ਹੈ। ਜਿਸ ਸਬੰਧ ਵਿਚ ਮਨਜੂਰੀ ਲਈ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੂੰ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਐਸ.ਸੀ. ਕੋਟੇ ਦੀ ਸਕਾਰਲਸ਼ਿਪ ਜੋ 43 ਕਰੋੜ ਰੁਪਏ ਦੇ ਕਰੀਬ ਹੈ, ਤੁਰੰਤ ਜਾਰੀ ਕਰਨ ਲਈ ਵੀ ਕਿਹਾ ਗਿਆ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਲ 2017 ਤੋਂ 2019 ਤੱਕ ਦਾ ਬਕਾਇਆ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਜਿਸ ਕਾਰਨ ਵਿਦਿਅਕ ਅਦਾਰਿਆਂ ਨੂੰ ਵਿਤੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਹ ਰਾਸ਼ੀ ਜਲਦ ਜਾਰੀ ਕੀਤੀ ਜਾਵੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੀ ਸੰਗਤ ਲਈ ਨਵੀਆਂ ਸਰਾਵਾਂ ਬਣਾਉਣ ਲਈ ਨਕਸ਼ੇ ਪਾਸ ਕਰਨ ਸਬੰਧੀ ਹਦਾਇਤਾਂ ਜਾਰੀ ਕਰਨ ਲਈ ਕਿਹਾ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨਵੀਆਂ ਸਰਾਵਾਂ ਦੀ ਉਸਾਰੀ ਕਰਨਾ ਚਾਹੁੰਦੀ ਹੈ ਪਰ ਮਨਜੂਰੀ ਨਾ ਮਿਲਣ ਕਰਕੇ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਵਧਦੀ ਸੰਗਤ ਕਾਰਨ ਰਿਹਾਇਸ਼ ਦੀ ਸਮੱਸਿਆ ਦਾ ਹੱਲ ਹੋ ਸਕੇ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬਸੀ ਪਠਾਣਾ ਜੇਲ੍ਹ ਨੂੰ ਸ਼੍ਰੋਮਣੀ ਕਮੇਟੀ ਦੇ ਸਪੁਰਦ ਕਰਨ ਅਤੇ ਦੀਵਾਨ ਟੋਡਰ ਮੱਲ ਦੀ ਹਵੇਲੀ ਲਈ ਕਾਰਜ ਕਰਨ ਦੀ ਪ੍ਰਵਾਨਗੀ ਦੇਣ ਦੀ ਵੀ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਗਈ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬਸੀ ਪਠਾਣਾ ਜੇਲ੍ਹ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰੱਖਿਆ ਗਿਆ ਸੀ ਅਤੇ ਇਸ ਕੌਮੀ ਵਿਰਾਸਤ ਵਜੋਂ ਸੰਭਾਲਿਆ ਜਾਣਾ ਲਾਜਮੀ ਹੈ। ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਜਾਵੇ ਤਾਂ ਜੋ ਵਿਰਾਸਤੀ ਢੰਗ ਨਾਲ ਇਸ ਦੀ ਸੰਭਾਲ ਕੀਤੀ ਜਾ ਸਕੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮਾਮਲਿਆਂ ਬਾਰੇ ਹਾਂਪੱਖੀ ਹੁੰਗਾਰਾ ਦਿੰਦਿਆਂ ਜਲਦ ਹੱਲ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨਾਲ ਮੁਲਾਕਾਤ ਸਮੇਂ ਅੰਤ੍ਰਿੰਗ ਮੈਂਬਰ ਸ. ਅਜਮੇਰ ਸਿੰਘ ਖੇੜਾ, ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਡਾ. ਸੁਖਬੀਰ ਸਿੰਘ ਓਐਸਡੀ ਤੇ ਸ. ਇੰਦਰਪਾਲ ਸਿੰਘ ਆਦਿ ਮੌਜੂਦ ਸਨ। -PTCNews


Top News view more...

Latest News view more...