ਮੁੱਖ ਸਕੱਤਰ ਵੱਲੋਂ ਵਿਜੀਲੈਂਸ ਤੋਂ ਜਾਂਚ ਮੁੜ ਅੰਮ੍ਰਿਤਸਰ ਪੁਲਿਸ ਹਵਾਲੇ ਕਰਕੇ ਲੋਕਾਂ ਦਾ ਵਿਸ਼ਵਾਸ ਭੰਗ ਕੀਤਾ : ਬਿਕਰਮ ਸਿੰਘ ਮਜੀਠੀਆ

Bikram S Majithia says people faith shaken by CS order giving case back from Vigilance to Amritsar police
ਮੁੱਖ ਸਕੱਤਰ ਵੱਲੋਂ ਵਿਜੀਲੈਂਸ ਤੋਂ ਜਾਂਚ ਮੁੜ ਅੰਮ੍ਰਿਤਸਰ ਪੁਲਿਸ ਹਵਾਲੇ ਕਰਕੇ ਲੋਕਾਂ ਦਾ ਵਿਸ਼ਵਾਸ ਭੰਗ ਕੀਤਾ : ਬਿਕਰਮ ਸਿੰਘ ਮਜੀਠੀਆ

ਮੁੱਖ ਸਕੱਤਰ ਵੱਲੋਂ ਵਿਜੀਲੈਂਸ ਤੋਂ ਜਾਂਚ ਮੁੜ ਅੰਮ੍ਰਿਤਸਰ ਪੁਲਿਸ ਹਵਾਲੇ ਕਰਕੇ ਲੋਕਾਂ ਦਾ ਵਿਸ਼ਵਾਸ ਭੰਗ ਕੀਤਾ : ਬਿਕਰਮ ਸਿੰਘ ਮਜੀਠੀਆ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੋਰੋਨਾ ਦੀ ਝੂਠੀਆਂ ਰਿਪੋਰਟਾਂ ਬਣਾਉਣ ਦੇ ਮਾਮਲੇ ਦੀ ਕਿਸੇ ਕੇਂਦਰੀ ਏਜੰਸੀ ਜਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਤੇ ਕਿਹਾ ਕਿ ਸੂਬੇ ਦੇ ਮੁੱਖ ਸਕੱਤਰ ਵੱਲੋਂ ਵਿਜੀਲੈਂਸ ਵਿਭਾਗ ਤੋਂ ਇਹ ਜਾਂਚ ਵਾਪਸ ਲੈ ਕੇ ਮੁੜ ਅੰਮ੍ਰਿਤਸਰ ਪੁਲਿਸ ਹਵਾਲੇ ਕੀਤੇ ਜਾਣ ਨੇ ਕਾਂਗਰਸ ਸਰਕਾਰ ਵਿਚ ਲੋਕਾਂ ਦਾ ਵਿਸ਼ਵਾਸ ਭੰਗ ਕਰ ਦਿੱਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਸੀਆਂ ਵੱਲੋਂ ਤੁਲੀ ਡਾਇਗਨੋਸਟਿਸ ਸੈਂਟਰ ਤੇ ਈ ਐਮ ਸੀ ਹਸਪਤਾਲ, ਜਿਹਨਾਂ ਨੇ ਕੋਰੋਨਾ ਨੈਗੇਟਿਵ ਮਰੀਜ਼ਾਂ ਨੂੰ ਪਾਜ਼ੀਟਿਵ ਐਲਾਨਿਆ ਨੂੰ ਬਚਾਉਣ ਲਈ ਰਲ ਮਿਲ ਕੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਾਜ਼ੀਟਿਵ ਐਲਾਨੇ ਗਏ ਮਰੀਜ਼ਾਂ ਨੂੰ ਆਈਸੋਲੇਸ਼ਨ ਸੈਂਟਰਾਂ ਵਿਚ ਰੱਖਿਆ ਗਿਆ, ਜਿਸਦਾ ਮਕਸਦ ਉਹਨਾਂ ਤੋਂ ਲੱਖਾਂ ਰੁਪਏ ਉਗਰਾਹੁਣਾ ਸੀ।

ਉਹਨਾਂ ਕਿਹਾ ਕਿ ਇਸ ਅਪਰਾਧੀ ਕਾਰਵਾਈ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਲੋਕ ਇਸ ਭਿਆਨਕ ਗੁਨਾਹ ਕਰਨ ਵਾਲੇ ਦੋਸ਼ੀ ਨੂੰ ਮਿਸਾਲੀ ਸਜ਼ਾ ਦਿੱਤੇ ਜਾਣ ਦੀ ਆਸ ਕਰ ਰਹੇ ਸਨ। ਉਹਨਾਂ ਕਿਹਾ ਕਿ ਵਿਜੀਲੈਂਸ ਵਿਭਾਗ ਨੂੰ ਮਾਮਲੇ ਦੀ ਜਾਂਚ ਇਸ ਕਰ ਕੇ ਸੌਂਪੀ ਗਈ ਸੀ ਕਿਉਂਕਿ ਅੰਮ੍ਰਿਤਸਰ ਪੁਲਿਸ ਸਿਆਸੀ ਦਬਾਅ ਕਾਰਨ ਕੇਸ ਵਿਚ ਅੱਗੇ ਨਹੀਂ ਵੱਧ ਪਾਈ ਸੀ। ਉਹਨਾਂ ਕਿਹਾ ਕਿ ਤੁਲੀ ਡਾਇਗਨੋਸਟਿਯ ਸੈਂਟਰ ਅਤੇ ਇਸ ਨਾਲ ਜੁੜੇ ਦੋ ਟੈਕਨੀਸ਼ੀਅਨਾਂ ਦੇ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਮਾਲਕ  ਤੇ ਈ ਐਮ ਸੀ ਹਸਪਤਾਲ ਦੇ ਡਾਕਟਰ ਖਿਲਾਫ ਧੋਖਾਧੜੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਸਭਿਅਕ ਸਮਾਜ ਇਸ ਗੱਲੋਂ ਹੈਰਾਨ ਹੈ ਕਿ ਮਾਮਲੇ ਨੂੰ ਉਸਦੇ ਤਰਕਸੰਗਤ ਨਤੀਜੇ ਤੱਕ ਲੈ ਕੇ ਜਾਣ ਦੀ ਥਾਂ ਇਸਨੂੰ ਖੁਰਦ ਬੁਰਦ ਕਰਨ ਤੇ ਦੋਸ਼ੀਆਂ ਨੂੰ ਕਲੀਨ ਚਿੱਟ ਦੇਣ ਦੇ ਯਤਨ ਸ਼ੁਰ  ਹੋ ਗਏ ਹਨ। ਉਹਨਾਂ ਕਿਹਾ ਕਿ ਅਜਿਹਾ  ਉਹਨਾਂ ਕਾਂਗਰਸੀ ਆਗੂਆਂ ਦੇ ਕਹਿਣ ‘ਤੇ ਕੀਤਾ ਜਾ ਿਰਹਾ ਹੈ ਜਿਹਨਾਂ ਨੇ ਤੁਲੀ ਲੈਬ ਤੇ ਈ ਐਮ ਸੀ ਹਸਪਤਾਲ ਦੇ ਮਾਲਕਾਂ ਨੂੰ ਸਿਆਸੀ ਸ਼ਰਣ ਦਿੱਤੀ ਹੈ ਤੇ ਹੁਣ ਤੱਕ ਕੇਸ ਵਿਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਣ ਦਿੱਤੀ। ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਸ ਵਿਚ ਵਾਪਸੀ ਮੋੜਾ ਇਸ ਕਰਕੇ ਹੋਇਆ ਹੈ ਕਿ ਈ ਐਮ ਸੀ ਹਸਪਤਾਲ ਦੇ ਮਾਲਕ ਪੰਕਜ ਸੋਨੀ ਨੇ ਦੋ ਦਿਨ ਪਹਿਲਾਂ ਉਚ ਪੱਧਰੀ ਅਫਸਰਾਂ ਨਾਲ ਮੀਟਿੰਗ ਕੀਤੀ ਸੀ। ਉਹਨਾਂ ਕਿਹਾ ਕਿ  ਮੁੱਖ ਮੰਤਰੀ ਦੇ ਓ ਐਸ ਡੀ ਸੰਦੀਪ ਬਾਵਾ ਸੰਧੂ ਨੇ ਇਸ ਜਾਂਚ ਨੂੰ ਮੋੜਾ ਪਾਉਣ ਵਿਚ ਅਹਿਮ ਰੋਲ ਅਦਾ ਕੀਤਾ ਹੈ ਤੇ ਤੁਲੀ ਲੈਬਾਰਟਰੀ ਲਈ ਸੇਲਜ਼ ਪਰਸਨ ਦਾ ਕੰਮ ਕੀਤਾ ਹੈ।

ਮੁੱਖ ਮੰਤਰੀ ਤੋਂ ਮਾਮਲੇ ਵਿਚ ਦਖਲ ਮੰਗਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਤੁਲੀ ਲੈਬ ਤੇ ਈ ਐਮ ਸੀ ਹਸਪਤਾਲ ਵੱਲੋਂ ਮਾਸੂਮ ਮਰੀਜ਼ਾਂ ਨੂੰ ਪਰੇਸ਼ਾਨ ਕਰਨ ਦਾ ਅੰਦਾਜ਼ਾ ਲਾਇਆ ਵੀ ਨਹੀਂ ਜਾ ਸਕਦਾ ਤੇ ਇਹਨਾਂ ਨੂੰ ਕਿਸੇ ਵੀ ਹਾਲਤ ਵਿਚ ਛੱਡਿਆ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ 9 ਮਹੀਨਿਆਂ ਦੀ ਗਰਭਵਤੀ ਇਕ ਮਹਿਲਾ ਡਾ. ਅਨਮ ਖੁਲਰ ਨੂੰ ਤੁਲੀ ਲੈਬ ਨੇ ਗਲਤ ਤਰੀਕੇ ਨਾਲ ਕੋਰੋਨਾ ਪਾਜ਼ੀਟਿਵ ਦੱਸ ਦਿੱਤਾ ਤੇ ਉਸਨੂੰ ਪਾਜ਼ੀਟਿਵ ਮਰੀਜ਼ਾਂ ਨਾਲ ਆਈਸੋਲੇਸ਼ਨ ਵਾਰਡ ਵਿਚ ਰੱਖ ਕੇ ਉਸਦੇ ਜੀਵਨ ਲਈ ਖਤਰਾ ਖੜ੍ਹਾ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਉਪਰੰਤ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਲੈਬ ਨੇ ਦੋ ਵਾਰ ਉਸਦਾ ਟੈਸਟ ਕੀਤਾ ਜਿਸਨੇ ਸਾਬਤ ਕੀਤਾ ਕਿ ਉਹ ਕੋਰੋਨਾ ਨੈਗੇਟਿਵ ਹੈ। ਉਹਨਾਂ ਕਿਹਾ ਕਿ ਇਕ ਹੋਰ ਮਾਮਲੇ ਵਿਚ ਪ੍ਰੀਤੀ ਦੱਤਾ ਨਾਂ ਦੀ ਮਹਿਲਾ ਨੂੰ ਤੁਲੀ ਲੈਬ ਨੇ ਪਾਜ਼ੀਟਿਵ ਦੱਸ ਕੇ ਪਾਜ਼ੀਟਿਵ ਮਰੀਜ਼ਾਂ ਨਾਲ ਰੱਖਿਆ। ਉਹਨਾਂ ਕਿਹਾ ਕਿ ਇੰਗਲੀਡ ਤੋਂ ਤਨੇਜਾ ਪਰਿਵਾਰ ਦੇ ਦੋ ਮੈਂਬਰਾਂ ਨੂੰ ਵੀ  ਝੁਠੀਆਂ ਰਿਪੋਰਟਾਂ ਕਾਰਨ ਈ ਐਮ ਸੀ ਹਸਪਤਾਲ ਵਿਚ ਰੱਖਣਾ ਪਿਆ।

ਅਕਾਲੀ ਆਗੂ ਨੇ ਕਿਹਾ ਕਿ ਤਿੰਨ ਕੇਸਾਂ ਵਿਚ  ਵਿਜੀਲੈਂਸ ਵਿਭਾਗ ਨੇ ਦਸਤਾਵੇਜ਼ ਤਿਆਰ ਕੀਤੇ ਹਨ ਪਰ ਅਜਿਹਾ ਜਾਪਦਾ ਹੈ ਕਿ ਤੁਲੀ ਲੈਬ ਤੇ ਈ ਐਮ ਸੀ ਹਸਪਤਾਲ ਰਲ ਮਿਲ ਕੇ ਲੋਕਾਂ ਨੂੰ ਕੋਰੋਨਾ ਪਾਜ਼ੀਟਿਵ ਦੇ ਦੱਸ ਕੇ ਲੱਖਾਂ ਰੁਪਏ ਉਗਰਾਹੁਣ ਦੇ ਚੱਕਰ ਵਿਚ ਪਏ ਹਨ।  ਉਹਨਾਂ ਕਿਹਾ ਕਿ ਅਸੀਂ ਇਹਨਾਂ ਗੁਨਾਹਗਾਰਾਂ ਨੂੰ ਲੰਬੇ ਸਮੇਂ ਤੱਕ ਕਾਨੂੰਨ ਦੀ ਪਕੜ ਤੋਂ ਬਚਣ ਦੀ ਆਗਿਆ ਨਹੀਂ ਦੇਵਾਂਗੇ ਤੇ ਸਭਿਅਕ ਸਮਾਜ ਨਾਲ ਮਿਲ ਕੇ ਇਹਨਾਂ ਖਿਲਾਫ ਕੇਸ ਦਰਜ ਕਰਵਾਵੁਣ ਵਾਸਤੇ ਲੋੜੀਂਦੇ ਕਦਮ ਚੁੱਕਾਂਗੇ।
-PTCNews