BKU ਉਗਰਾਹਾਂ ਵੱਲੋਂ ਕਾਲੇ ਕਾਨੂੰਨਾਂ ਅਤੇ ਕੋਰੋਨਾ ਦੇ ਖਾਤਮੇ ਲਈ ਤਿੰਨ ਪੱਖੀ ਜੱਦੋ ਜਹਿਦ ਤੇਜ਼ ਕਰਨ ਦੇ ਅਹਿਮ ਫ਼ੈਸਲੇ

By Shanker Badra - May 21, 2021 6:05 pm

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਇੱਥੇ ਕਿਸਾਨ ਭਵਨ ਵਿਖੇ ਸੱਦੀ ਗਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕਾਲ਼ੇ ਖੇਤੀ ਕਾਨੂੰਨਾਂ ਅਤੇ ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਤਿੰਨ ਪੱਖੀ ਜੱਦੋ ਜਹਿਦ ਤੇਜ਼ ਕੀਤੀ ਜਾਵੇਗੀ। 26 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਕਾਲ਼ਾ ਦਿਵਸ ਵਿਆਪਕ ਪੱਧਰ 'ਤੇ ਕਾਲ਼ੇ ਝੰਡੇ ਲਹਿਰਾ ਕੇ ਅਤੇ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਭਾਜਪਾ ਹਕੂਮਤ-ਸਾਮਰਾਜੀ ਗੱਠਜੋੜ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਇਸ ਵਿੱਚ ਕਿਸਾਨਾਂ ਮਜਦੂਰਾਂ ਤੋਂ ਇਲਾਵਾ ਸਮੂਹ ਕਿਰਤੀਆਂ,ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਜ਼ੋਰਦਾਰ ਯਤਨ ਜੁਟਾਏ ਜਾਣਗੇ।

BKU Ugrahan announce day -night morcha against Punjab Govt on May 28, 29, 30 at Patiala BKU ਉਗਰਾਹਾਂ ਵੱਲੋਂ ਕਾਲੇ ਕਾਨੂੰਨਾਂ ਅਤੇ ਕੋਰੋਨਾ ਦੇ ਖਾਤਮੇ ਲਈ ਤਿੰਨ ਪੱਖੀ ਜੱਦੋ ਜਹਿਦ ਤੇਜ਼ ਕਰਨ ਦੇ ਅਹਿਮ ਫ਼ੈਸਲੇ

ਇਸ ਮੌਕੇ ਤਿੰਨੇ ਕਾਲ਼ੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਨ ਦੀਆਂ ਮੁੱਖ ਮੰਗਾਂ ਦੇ ਨਾਲ ਨਾਲ ਕੋਰੋਨਾ ਰੋਕਥਾਮ ਲਈ ਲੋੜੀਂਦੇ ਪ੍ਰਬੰਧਾਂ ਪ੍ਰਤੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਜਾਣਬੁੱਝ ਕੇ ਵਰਤੀ ਮੁਜਰਮਾਨਾ ਅਣਗਹਿਲੀ ਦੀ ਸਖ਼ਤ ਨਿੰਦਾ ਕਰਦੇ ਹੋਏ ਅਜਿਹੇ ਪ੍ਰਬੰਧਾਂ ਸੰਬੰਧੀ ਠੋਸ ਮੰਗਾਂ ਉਭਾਰੀਆਂ ਜਾਣਗੀਆਂ। ਇਨ੍ਹਾਂ ਮੰਗਾਂ ਬਾਰੇ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸਾਰੇ ਵੱਡੇ ਪ੍ਰਾਈਵੇਟ ਹਸਪਤਾਲ ਸਰਕਾਰੀ ਕੰਟਰੋਲ ਹੇਠ ਲਏ ਜਾਣ ਅਤੇ ਲੋੜੀਂਦੇ ਬੈੱਡਾਂ, ਵੈਂਟੀਲੇਟਰਾਂ,ਆਕਸੀਜਨ ਸਿਲੰਡਰਾਂ ਆਦਿ ਦੇ ਪੂਰੇ ਪ੍ਰਬੰਧ ਕੀਤੇ ਜਾਣ। ਮੈਡੀਕਲ ਸਟਾਫ਼ ਦੀ ਭਾਰੀ ਥੁੜ੍ਹੋਂ ਦੀ ਪੂਰਤੀ ਲਈ ਨਵੀਂ ਭਰਤੀ ਤੁਰੰਤ ਕੀਤੀ ਜਾਵੇ। ਬਚਾਓ ਵਾਲੀ ਵੈਕਸੀਨ ਸਾਰੇ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਵੇ।

BKU Ugrahan announce day -night morcha against Punjab Govt on May 28, 29, 30 at Patiala BKU ਉਗਰਾਹਾਂ ਵੱਲੋਂ ਕਾਲੇ ਕਾਨੂੰਨਾਂ ਅਤੇ ਕੋਰੋਨਾ ਦੇ ਖਾਤਮੇ ਲਈ ਤਿੰਨ ਪੱਖੀ ਜੱਦੋ ਜਹਿਦ ਤੇਜ਼ ਕਰਨ ਦੇ ਅਹਿਮ ਫ਼ੈਸਲੇ

ਸਾਰੇ ਪ੍ਰਬੰਧਾਂ ਲਈ ਲੋੜੀਂਦਾ ਬਜਟ ਤੁਰੰਤ ਜੁਟਾਇਆ ਜਾਵੇ ਅਤੇ ਇਹਦੀ ਖਾਤਰ ਕਾਰਪੋਰੇਟ ਘਰਾਣਿਆਂ ਸਮੇਤ ਜਗੀਰਦਾਰਾਂ ਤੇ ਵੱਡੇ ਪੂੰਜੀਪਤੀਆਂ ਤੋਂ ਭਾਰੀ ਟੈਕਸ ਵਸੂਲੇ ਜਾਣ। ਸਾਵਧਾਨੀਆਂ ਪ੍ਰਤੀ ਪਿੰਡ ਪਿੰਡ ਵਿਆਪਕ ਸਿੱਖਿਆ ਮੁਹਿੰਮ ਰਾਹੀਂ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇ ਅਤੇ ਕੁਟਾਪੇ, ਚਲਾਣ, ਗ੍ਰਿਫ਼ਤਾਰੀਆਂ ਜਾਂ ਕਰਫਿਊ ਵਰਗਾ ਜਾਬਰ ਸਿਲਸਿਲਾ ਤੁਰੰਤ ਠੱਪ ਕੀਤਾ ਜਾਵੇ। ਵੈਕਸੀਨ ਵੀ ਜ਼ਬਰਦਸਤੀ ਲਾਉਣ ਦੀ ਬਜਾਏ ਇਸ ਸੰਬੰਧੀ ਪੈਦਾ ਹੋਏ ਸ਼ੰਕੇ ਜਾਗ੍ਰਿਤੀ ਮੁਹਿੰਮ ਦੌਰਾਨ ਅਧਿਕਾਰਤ ਹਸਤੀਆਂ ਦੁਆਰਾ ਨਵਿਰਤ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਕਰੋਨਾ ਰੋਕਥਾਮ ਲਈ ਟਿਕਰੀ ਬਾਰਡਰ ਦਿੱਲੀ ਵਿਖੇ ਆਕਸੀਜਨ ਸਿਲੰਡਰਾਂ ਤੇ ਬੈੱਡਾਂ ਵਾਲਾ ਆਰਜ਼ੀ ਹਸਪਤਾਲ ਤੇ ਡਾਕਟਰਾਂ, ਦਵਾਈਆਂ, ਸੈਨੇਟਾਈਜ਼ਰਾਂ,ਕਾੜ੍ਹਿਆਂ ਆਦਿ ਦੇ ਪ੍ਰਬੰਧ ਕਰਨ ਸਮੇਤ ਪੰਜਾਬ ਵਿੱਚ ਚੱਲ ਰਹੇ ਸਾਰੇ ਪੱਕੇ ਮੋਰਚਿਆਂ ਵਿੱਚ ਵੀ ਅਜਿਹੇ ਲੋੜੀਂਦੇ ਮੁੱਢਲੇ ਪ੍ਰਬੰਧ ਤੁਰੰਤ ਕੀਤੇ ਜਾਣਗੇ। 23 ਮਈ ਤੋਂ ਸ਼ੁਰੂ ਕਰਕੇ ਮਾਸਕਾਂ ਤੇ ਆਪਸੀ ਦੂਰੀ ਵਰਗੀਆਂ ਸਾਵਧਾਨੀਆਂ ਵਰਤਦੇ ਹੋਏ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਕਾਫਲੇ ਹਰ ਐਤਵਾਰ ਦਿੱਲੀ ਮੋਰਚੇ ਵਿੱਚ ਭੇਜੇ ਜਾਣਗੇ।

BKU Ugrahan announce day -night morcha against Punjab Govt on May 28, 29, 30 at Patiala BKU ਉਗਰਾਹਾਂ ਵੱਲੋਂ ਕਾਲੇ ਕਾਨੂੰਨਾਂ ਅਤੇ ਕੋਰੋਨਾ ਦੇ ਖਾਤਮੇ ਲਈ ਤਿੰਨ ਪੱਖੀ ਜੱਦੋ ਜਹਿਦ ਤੇਜ਼ ਕਰਨ ਦੇ ਅਹਿਮ ਫ਼ੈਸਲੇ

ਪੰਜਾਬ ਦੇ ਧਰਨਿਆਂ ਵਿੱਚ ਵੀ ਲੋੜੀਂਦੀ ਆਪਸੀ ਦੂਰੀ ਬਣਾਈ ਰੱਖਣ ਲਈ ਟੈਂਟਾਂ ਪੰਡਾਲਾਂ ਦਾ ਹੋਰ ਵਿਸਥਾਰ ਕਰਕੇ ਸ਼ਮੂਲੀਅਤ ਵਧਾਈ ਜਾਵੇਗੀ। ਤੀਜੇ ਪੱਖ ਦੀ ਲੜਾਈ'ਚ ਜਥੇਬੰਦੀ ਵੱਲੋਂ ਕਰੋਨਾ ਸੰਬੰਧੀ ਮੰਗਾਂ ਤੁਰੰਤ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਖਾਤਰ 28,29,30 ਮਈ ਨੂੰ ਪਟਿਆਲਾ ਵਿਖੇ ਜਰੂਰੀ ਸਾਵਧਾਨੀਆਂ ਵਰਤਦੇ ਹੋਏ ਦਿਨੇ-ਰਾਤ ਸੂਬਾਈ ਧਰਨਾ ਵੀ ਲਾਇਆ ਜਾਵੇਗਾ। ਇਨ੍ਹਾਂ ਸਾਰੇ ਪ੍ਰੋਗਰਾਮਾਂ, ਮੰਗਾਂ ਤੇ ਸਾਵਧਾਨੀਆਂ ਬਾਰੇ ਜਥੇਬੰਦੀ ਵੱਲੋਂ ਪਿੰਡ ਪਿੰਡ ਵਿਆਪਕ ਜਾਗ੍ਰਿਤੀ ਮੁਹਿੰਮ ਚਲਾਈ ਜਾ ਰਹੀ ਹੈ। ਪੇਂਡੂ ਤੇ ਖੇਤ ਮਜਦੂਰਾਂ ਸਮੇਤ ਹੋਰ ਸਾਰੇ ਪ੍ਰਭਾਵਿਤ ਹਿੱਸਿਆਂ ਦੀਆਂ ਜਥੇਬੰਦੀਆਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
-PTCNews

adv-img
adv-img