ਕਾਬੁਲ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ‘ਚ ਮਾਰੇ ਗਏ 3 ਸਿੱਖਾਂ ਦੀਆਂ ਮ੍ਰਿਤਕ ਦੇਹਾਂ ਕੱਲ੍ਹ ਲਿਆਂਦੀਆਂ ਜਾਣਗੀਆਂ ਭਾਰਤ: ਹਰਸਿਮਰਤ ਕੌਰ ਬਾਦਲ

Bodies of three Sikhs killed in Kabul gurdwara attack to be brough back to India tom – Harsimrat Kaur Badal

ਕਾਬੁਲ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ‘ਚ ਮਾਰੇ ਗਏ 3 ਸਿੱਖਾਂ ਦੀਆਂ ਮ੍ਰਿਤਕ ਦੇਹਾਂ ਕੱਲ੍ਹ ਲਿਆਂਦੀਆਂ ਜਾਣਗੀਆਂ ਭਾਰਤ: ਹਰਸਿਮਰਤ ਕੌਰ ਬਾਦਲ:ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਖੁਲਾਸਾ ਕੀਤਾ ਹੈ ਕਿ ਕਾਬੁਲ ਵਿਖੇ ਗੁਰਦੁਆਰਾ ਸਾਹਿਬ ਉੱਤੇ ਹਮਲੇ ਵਿਚ ਮਾਰੇ ਗਏ ਤਿੰਨ ਸਿੱਖਾਂ, ਜਿਹਨਾਂ ਦੇ ਪਰਿਵਾਰ ਭਾਰਤ ਵਿਚ ਰਹਿੰਦੇ ਹਨ, ਦੀਆਂ ਮ੍ਰਿਤਕ ਦੇਹਾਂ ਕੱਲ੍ਹ ਨੂੰ ਵਤਨ ਵਾਪਸ ਲਿਆਂਦੀਆਂ ਜਾਣਗੀਆਂ। ਇਸ ਦੇ ਨਾਲ ਹੀ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਸਾਰੇ ਅਫਗਾਨ ਸਿੱਖਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਲਈ ਲੋੜੀਂਦੇ ਕਦਮ ਚੁੱਕਣ, ਜੋ ਅਫਗਾਨਿਸਤਾਨ ਛੱਡ ਕੇ ਭਾਰਤ ਵਿਚ ਵਸਣਾ ਚਾਹੁੰਦੇ ਹਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹਨਾਂ ਤਿੰਨ ਸਿੱਖਾਂ ਦੀਆਂ ਮ੍ਰਿਤਕ ਦੇਹਾਂ ਕੱਲ੍ਹ ਨੂੰ ਭਾਰਤ ਵਾਪਸ ਲਿਆਂਦੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਵਿਚੋਂ ਦੋ ਸਿੱਖਾਂ ਸ਼ੰਕਰ ਸਿੰਘ ਅਤੇ ਜੀਵਨ ਸਿੰਘ ਦੇ ਪਰਿਵਾਰ ਲੁਧਿਆਣਾ ਵਿਚ ਰਹਿੰਦੇ ਹਨ ਜਦਕਿ ਤੀਜੇ ਵਿਅਕਤੀ ਟਿਆਨ ਸਿੰਘ ਦਾ ਪਰਿਵਾਰ ਦਿੱਲੀ ਵਿਚ ਰਹਿੰਦਾ ਹੈ। ਬੀਬਾ ਬਾਦਲ ਨੇ ਕਿਹਾ ਕਿ ਸ਼ੰਕਰ ਦੀ ਪਤਨੀ ਵੀ ਆਪਣੇ ਪਤੀ ਦੀ ਦੇਹ ਨਾਲ ਲੁਧਿਆਣਾ ਵਿਖੇ ਆਵੇਗੀ, ਜਿੱਥੇ ਉਸ ਦੇ ਛੇ ਬੱਚੇ ਆਪਣੇ ਨਾਨਾ ਨਾਨੀ ਕੋਲ ਰਹਿ ਰਹੇ ਹਨ। ਜੀਵਨ ਸਿੰਘ ਦੀ ਪਤਨੀ ਅਤੇ ਬੱਚੇ ਲੁਧਿਆਣਾ ਵਿਚ ਰਹਿ ਰਹੇ ਹਨ।

ਇਸ ਦੌਰਾਨ ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਸਾਰੇ ਸਿੱਖਾਂ ਦੇ ਮੁੜ ਵਸੇਬੇ ਲਈ ਕਦਮ ਚੁੱਕਣ, ਜਿਹੜੇ ਆਪਣੀ ਜਾਨ ਅਤੇ ਰੁਜ਼ਗਾਰ ਨੂੰ ਵਧ ਰਹੇ ਖਤਰਿਆਂ ਕਰਕੇ ਅਫਗਾਨਿਸਤਾਨ ਵਿਚੋਂ ਨਿਕਲਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਫਗਾਨਿਸਤਾਨ ਵਿਚ ਕਿਸੇ ਸਮੇਂ ਵਸਦੇ ਕਈ ਹਜ਼ਾਰ ਸਿੱਖਾਂ ਵਿਚੋਂ ਹੁਣ ਸਿਰਫ 300-400 ਪਰਿਵਾਰ ਹੀ ਰਹਿ ਗਏ ਹਨ ਜਦਕਿ ਬਾਕੀ ਸਾਰੇ ਪਿਛਲੇ ਇੱਕ ਤੋਂ ਵੱਧ ਦਹਾਕੇ ਦੌਰਾਨ ਭਾਰਤ ਅਤੇ ਹੋਰ ਮੁਲਕਾਂ ਵਿਚ ਪਰਵਾਸ ਕਰ ਗਏ ਹਨ।

ਬੀਬਾ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਫਗਾਨਿਸਤਾਨ ਵਿਚ ਵਸਦੇ ਸਿੱਖਾਂ ਦੀ ਸੁਰੱਿਖਆ ਦਾ ਮੁੱਦਾ ਉੱਥੇ ਦੀ ਸਰਕਾਰ ਕੋਲ ਉਠਾਉਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਿੱਖਾਂ ਨੂੰ ਅਫਗਾਨਿਸਤਾਨ ਵਿਚ ਬਹੁਤ ਜ਼ਿਆਦਾ ਕਸ਼ਟ ਭੋਗਣੇ ਪੈ ਰਹੇ ਹਨ। ਹਰ ਰੋਜ਼ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਉੱਥੇ ਸਿੱਖਾਂ ਉਤੇ ਹਮਲੇ ਹੋ ਚੁੱਕੇ ਹਨ, ਜਿਹਨਾਂ ਵਿਚ 2018 ਵਿਚ ਜਲਾਲਾਬਾਦ ਵਿਖੇ ਹੋਏ ਇੱਕ ਹਮਲੇ ਵਿਚ 13 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਬਹੁਤ ਸਾਰੇ ਸਿੱਖ ਅਫਗਾਨਿਸਤਾਨ ਛੱਡ ਕੇ ਭਾਰਤ ਵਿਚ ਵਸਣਾ ਚਾਹੁੰਦੇ ਹਨ। ਇਸ ਲਈ ਜਲਦੀ ਤੋਂ ਜਲਦੀ ਉਹਨਾਂ ਦਾ ਇੱਥੇ ਮੁੜ ਵਸੇਬਾ ਕਰਵਾਇਆ ਜਾਣਾ ਚਾਹੀਦਾ ਹੈ।
-PTCNews