ਬੀਐਸਐਫ ਜਵਾਨਾਂ ਨੇ ਹੈਰੋਇਨ ਸਮੇਤ 2 ਮਹਿਲਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ
ਫਿਰੋਜ਼ਪੁਰ : ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿੱਚ ਪਾਕਿਸਤਾਨੀ ਸਮੱਗਲਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ ਹੈ ਤੇ ਦੋ ਔਰਤਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਬੀਐਸਐਫ ਦੇ ਜਵਾਨਾਂ ਨੇ ਹੈਰੋਇਨ ਦੀ ਖੇਪ ਬਰਾਮਦ ਕਰ ਕੇ ਦੋ ਭਾਰਤੀ ਮਹਿਲਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਹ ਔਰਤ ਸਮੱਗਲਰ ਸਰਹੱਦ ਤੋਂ ਹੈਰੋਇਨ ਦੀ ਖੇਪ ਚੁੱਕਣ ਲਈ ਆਈ ਸੀ। ਫਿਰੋਜ਼ਪੁਰ ਸੈਕਟਰ ਵਿੱਚ ਬੀਐਸਐਫ ਦੇ ਜਵਾਨ ਗਸ਼ਤ ਉਤੇ ਸਨ। ਇਸ ਦੌਰਾਨ ਉਨ੍ਹਾਂ ਨੂੰ ਕੰਡਿਆਲੀ ਤਾਰ ਦੇ ਕੋਲ ਕਾਲੇ ਰੰਗ ਦੇ ਦੋ ਪੈਕਟ ਮਿਲੇ, ਜਿਨ੍ਹਾਂ ਨੂੰ ਬੀਐਸਐਫ ਜਵਾਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਜਦੋਂ ਜਾਂਚ ਤੋਂ ਬਾਅਦ ਖੋਲ੍ਹਿਆ ਗਿਆ ਤਾਂ ਉਸ ਵਿੱਚ 1.200 ਕਿਲੋ ਹੈਰੋਇਨ ਬਰਾਮਦ ਹੋਈ। ਇਸ ਦੇ ਨਾਲ ਹੀ ਉਥੇ ਘੁੰਮ ਰਹੀਆਂ ਦੋ ਔਰਤਾਂ ਨੂੰ ਬੀਐਸਐਫ ਜਵਾਨਾਂ ਨੇ ਕਾਬੂ ਕਰ ਲਿਆ। ਉਹ ਕੁਝ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਬੀਐਸਐਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਫੜ ਲਿਆ। ਮੁਲਜ਼ਮ ਔਰਤਾਂ ਨੇ ਦੱਸਿਆ ਕਿ ਉਹ ਇਹ ਪੈਕੇਟ ਲੈਣ ਆਈਆਂ ਸਨ, ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਦੋਵਾਂ ਔਰਤਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਬੀਐਸਐਫ ਦੇ ਜਵਾਨਾਂ ਨੇ ਦੋ ਦਿਨ ਪਹਿਲਾਂ ਤਰਨਤਾਰਨ ਸਰਹੱਦ ਤੋਂ 2.200 ਕਿਲੋ ਹੈਰੋਇਨ ਦੀ ਖੇਪ ਫੜੀ ਸੀ। ਇਸ ਦੌਰਾਨ ਜਵਾਨਾਂ ਨੇ ਪਾਕਿਸਤਾਨੀ ਸਮੱਗਲਰਾਂ ਉਤੇ ਗੋਲੀਬਾਰੀ ਵੀ ਕੀਤੀ, ਜਿਸ ਤੋਂ ਬਾਅਦ ਪਾਕਿਸਤਾਨੀ ਸਮੱਗਲਰਾਂ ਨੂੰ ਆਪਣੀ ਸਰਹੱਦ ਪਾਰ ਤੋਂ ਭੱਜਣਾ ਪਿਆ ਤੇ ਬੀਐਸਐਫ ਦੇ ਜਵਾਨ ਖੇਪ ਨੂੰ ਜ਼ਬਤ ਕਰਨ 'ਚ ਸਫਲ ਰਹੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ। ਨਸ਼ਾ ਸਮੱਗਲਰਾ ਵਿਰੁੱਧ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਇਹ ਵੀ ਪੜ੍ਹੋ : ਇਰਾਨ ਮੂਲ ਦੀ ਖੋਜਾਰਥਣ ਡਾ. ਚਮਨਖਾਹ ਪੰਜਾਬੀ 'ਵਰਸਿਟੀ 'ਚ 'ਵਿਜ਼ਟਿੰਗ ਫ਼ੈਕਲਟੀ' ਵਜੋਂ ਦੇਣਗੇ ਸੇਵਾਵਾਂ