ਮੁੱਖ ਖਬਰਾਂ

BY-Polls 2021: 13 ਸੂਬਿਆਂ ਦੀਆਂ 3 ਲੋਕ ਸਭਾ ਤੇ 29 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ

By Riya Bawa -- October 30, 2021 9:10 am -- Updated:Feb 15, 2021

BY-Polls 2021: ਦੇਸ਼ ਦੇ 13 ਸੂਬਿਆਂ ਦੀਆਂ ਤਿੰਨ ਲੋਕ ਸਭਾ ਸੀਟਾਂ ਅਤੇ 29 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਜਿਨ੍ਹਾਂ ਲੋਕ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਉਨ੍ਹਾਂ 'ਚ ਦਾਦਰਾ ਅਤੇ ਨਗਰ ਹਵੇਲੀ, ਹਿਮਾਚਲ 'ਚ ਮੰਡੀ ਅਤੇ ਮੱਧ ਪ੍ਰਦੇਸ਼ 'ਚ ਖੰਡਵਾ ਸ਼ਾਮਲ ਹਨ। ਅਸਾਮ ਦੀਆਂ ਪੰਜ, ਬੰਗਾਲ ਦੀਆਂ ਚਾਰ, ਮੱਧ ਪ੍ਰਦੇਸ਼, ਹਿਮਾਚਲ ਅਤੇ ਮੇਘਾਲਿਆ ਦੀਆਂ ਤਿੰਨ-ਤਿੰਨ, ਬਿਹਾਰ, ਰਾਜਸਥਾਨ ਅਤੇ ਕਰਨਾਟਕ ਦੀਆਂ ਦੋ-ਦੋ ਅਤੇ ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ ਅਤੇ ਤੇਲੰਗਾਨਾ ਦੀਆਂ ਇਕ-ਇਕ ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ।

ਜ਼ਿਆਦਾਤਰ ਸੀਟਾਂ 'ਤੇ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਵਿਚਕਾਰ ਹੈ। ਚੋਣ ਕਮਿਸ਼ਨ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਉਪ ਚੋਣਾਂ ਵਿੱਚ ਕਈ ਪਾਬੰਦੀਆਂ ਲਗਾਈਆਂ ਹਨ। ਬਿਹਾਰ ਵਿਧਾਨ ਸਭਾ ਦੇ ਕੁਸ਼ੇਸ਼ਵਰਸਥਾਨ ਅਤੇ ਤਾਰਾਪੁਰ ਵਿੱਚ ਸਵੇਰੇ 7 ਵਜੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਿੰਗ ਹੋ ਰਹੀ ਹੈ। ਲੋਕ ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ 'ਤੇ ਲਾਈਨਾਂ 'ਚ ਲੱਗੇ ਹੋਏ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਲੋਕਾਂ ਨੂੰ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਵੇਖੋ ਲਿਸਟ
ਅਸਾਮ ਦੀਆਂ 5 ਸੀਟਾਂ- ਗੁਸਾਈਂਗਾਓਂ, ਭਬਾਨੀਪੁਰ, ਤਾਮੂਲਪੁਰ, ਮਰਿਆਨੀ ਅਤੇ ਥੋਰਾ ਵਿਧਾਨ ਸਭਾ ਸੀਟਾਂ 'ਤੇ ਚੋਣ
ਪੱਛਮੀ ਬੰਗਾਲ ਦੀਆਂ 4 ਸੀਟਾਂ 'ਤੇ ਚੋਣ- ਦਿਨਹਾਟਾ, ਸ਼ਾਂਤੀਪੁਰ, ਖਰਦਾਹ, ਗੋਸਾਬਾ ਵਿਧਾਨ ਸਭਾ ਸੀਟ।
ਮੱਧ ਪ੍ਰਦੇਸ਼ ਦੀਆਂ 3 ਸੀਟਾਂ- ਜੋਬਤ, ਰਾਏਗਾਂਵ ਅਤੇ ਪ੍ਰਿਥਵੀਪੁਰ ਵਿਧਾਨ ਸਭਾ ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ।
ਹਿਮਾਚਲ ਪ੍ਰਦੇਸ਼ ਦੀਆਂ 3 ਸੀਟਾਂ- ਅਰਕੀ, ਫਤਿਹਪੁਰ ਅਤੇ ਜੁਬਲ-ਕੋਟਖਾਈ ਵਿਧਾਨ ਸਭਾ ਸੀਟਾਂ 'ਤੇ ਚੋਣ
ਮੇਘਾਲਿਆ ਦੀਆਂ 3 ਸੀਟਾਂ- ਮਾਵਰਿੰਗਕੇਂਗ, ਮਾਵਫਲਾਂਗ ਅਤੇ ਰਾਜਾਬਾਲਾ ਵਿਧਾਨ ਸਭਾ ਸੀਟਾਂ ਲਈ ਚੋਣ।
ਬਿਹਾਰ ਦੀਆਂ 2 ਸੀਟਾਂ - ਤਾਰਾਪੁਰ ਅਤੇ ਕੁਸ਼ੇਸ਼ਵਰਸਥਾਨ ਵਿਧਾਨ ਸਭਾ ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ।
ਕਰਨਾਟਕ ਦੀਆਂ 2 ਸੀਟਾਂ- ਸਿੰਗਾਦੀ ਅਤੇ ਹੰਗਲ ਵਿਧਾਨ ਸਭਾ ਸੀਟਾਂ 'ਤੇ ਚੋਣਾਂ।
ਰਾਜਸਥਾਨ ਦੀਆਂ 2 ਸੀਟਾਂ- ਵੱਲਭਨਗਰ ਅਤੇ ਧਾਰਿਆਵੜ ਵਿਧਾਨ ਸਭਾ ਸੀਟ 'ਤੇ ਚੋਣ
ਆਂਧਰਾ ਪ੍ਰਦੇਸ਼ ਦੀ ਬਡਵੇਲ ਵਿਧਾਨ ਸਭਾ ਸੀਟ
ਹਰਿਆਣਾ ਦੀ ਏਲਨਾਬਾਦ ਵਿਧਾਨ ਸਭਾ ਸੀਟ
ਮਹਾਰਾਸ਼ਟਰ ਦੀ ਦੇਗਲੂਰ ਵਿਧਾਨ ਸਭਾ ਸੀਟ
ਮਿਜ਼ੋਰਮ ਦੀ ਤੁਇਰਾਲ ਵਿਧਾਨ ਸਭਾ ਸੀਟ
ਨਾਗਾਲੈਂਡ ਅਤੇ ਤੇਲੰਗਾਨਾ ਹੁਜ਼ੁਰਾਬਾਦ ਵਿੱਚ ਇੱਕ-ਇੱਕ ਸੀਟ ਹੈ।

ਕੋਵਿਡ ਮਹਾਮਾਰੀ ਦੇ ਵਿਚਕਾਰ, ਚੋਣ ਕਮਿਸ਼ਨ ਨੇ ਇਨ੍ਹਾਂ ਸੀਟਾਂ ਲਈ ਚੋਣਾਂ ਨੂੰ ਲੈ ਕੇ ਕਈ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਵਿਚ ਨਾਮਜ਼ਦਗੀ ਤੋਂ ਪਹਿਲਾਂ ਅਤੇ ਬਾਅਦ ਵਿਚ ਜਲੂਸ ਕੱਢਣ, ਮੀਟਿੰਗ ਵਾਲੀ ਥਾਂ 'ਤੇ ਵੱਧ ਤੋਂ ਵੱਧ 50 ਫੀਸਦੀ ਹਾਜ਼ਰੀ, ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਲਈ 20 ਸਟਾਰ ਪ੍ਰਚਾਰਕਾਂ ਦੀ ਸੀਮਾ ਤੈਅ ਕਰਨ ਵਰਗੇ ਨਿਯਮ ਸ਼ਾਮਲ ਸਨ। ਇਸ ਤੋਂ ਇਲਾਵਾ ਪੋਲਿੰਗ ਤੋਂ 72 ਘੰਟੇ ਪਹਿਲਾਂ ਚੋਣ ਪ੍ਰਚਾਰ ਸਬੰਧੀ ਗਤੀਵਿਧੀਆਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

-PTC News