ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦੇਸ਼ੀ ਸਫੀਰਾਂ ਨੂੰ ਪੰਜਾਬ ਵਿੱਚ ਨਿਵੇਸ਼ ਅਤੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸੱਦਾ

Capt Amarinder Singh

ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦੇਸ਼ੀ ਸਫੀਰਾਂ ਨੂੰ ਪੰਜਾਬ ਵਿੱਚ ਨਿਵੇਸ਼ ਅਤੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸੱਦਾ

25 ਮੁਲਕਾਂ ਦੇ ਨੁਮਾਇੰਦਿਆਂ ਨਾਲ ਪ੍ਰੋਗਰੈਸਿਵ ਪੰਜਾਬ ਸੰਮੇਲਨ ਤੋਂ ਅਗੇਤੀ ਵਾਰਤਾਲਾਪ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਵੱਖ ਵੱਖ ਵਿਦੇਸ਼ੀ ਮਿਸ਼ਨਾਂ ਦੇ ਨੁਮਾਇੰਦਿਆਂ ਅਤੇ ਸਫੀਰਾਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਸੂਬੇ ਵਿੱਚ ਨਿਵੇਸ਼ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ।ਇਨਵੈਸਟ ਪੰਜਾਬ ਵੱਲੋਂ ‘ਸਫ਼ੀਰ ਸੰਪਰਕ’ ਤਹਿਤ ਵਿਦੇਸ਼ੀ ਮਿਸ਼ਨਾਂ ਨਾਲ ਕਰਾਈ ਗਈ ਵਾਰਤਾਲਾਪ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਮੁਲਕਾਂ ਦੇ ਸਫੀਰਾਂ ਨੂੰ ਮੁਹਾਲੀ ਵਿਖੇ ਇਸ ਸਾਲ 5 ਤੇ 6 ਦਸੰਬਰ ਨੂੰ ਕਰਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਵਿੱਚ ਸ਼ਾਮਲ ਹੋਣ ਦਾ ਨਿੱਜੀ ਤੌਰ ’ਤੇ ਸੱਦਾ ਵੀ ਦਿੱਤਾ।

ਇਨਵੈਸਟ ਸੰਮੇਲਨ ਤੋਂ ਪਹਿਲਾਂ ਹੋਏ ਇਸ ਸੰਵਾਦ ਪ੍ਰੋਗਰਾਮ ਵਿੱਚ 25 ਤੋਂ ਵੱਧ ਮੁਲਕਾਂ ਜਿਨਾਂ ਵਿੱਚ ਅਮਰੀਕਾ, ਯੂ.ਕੇ., ਸਪੇਨ, ਕਤਰ, ਫਰਾਂਸ, ਇਸਰਾਈਲ, ਕੈਨੇਡਾ, ਜਪਾਨ, ਸੰਯੁਕਤ ਅਰਬ ਅਮੀਰਾਤ, ਤਾਈਵਾਨ, ਸਲੋਵਾਕ ਗਣਰਾਜ ਤੇ ਚੈਕ ਗਣਰਾਜ ਆਦਿ ਸ਼ਾਮਲ ਸਨ, ਦੇ ਰਾਜਦੂਤ, ਵਪਾਰਕ ਸੰਸਥਾਵਾਂ ਅਤੇ ਵਿਦੇਸ਼ੀ ਸਫ਼ਾਰਤਖਾਨਿਆਂ ਦੇ ਨੁਮਾਇੰਦੇ ਡੈਲੀਗੇਟ ਵਜੋਂ ਸ਼ਾਮਲ ਹੋਏ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਮੇਲਨ ਪੰਜਾਬ ਨੂੰ ਉਦਯੋਗੀਕਰਨ ਦੇ ਰਾਹ ’ਤੇ ਅੱਗੇ ਲਿਜਾਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਜਿਸ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਵਪਾਰ ਕਰਨ ਦੇ ਮੌਕਿਆਂ ਦੀਆਂ ਅਥਾਹ ਸੰਭਾਵਨਾਵਾਂ ਬਾਰੇ ਪਤਾ ਲੱਗੇਗਾ। ਮੁੱਖ ਮੰਤਰੀ ਨੇ ਰਾਜਦੂਤਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਆਪੋ-ਆਪਣੇ ਮੁਲਕਾਂ ਦੇ ਮੋਹਰੀ ਉਦਯੋਗਾਂ ਅਤੇ ਉੱਦਮੀਆਂ ਨੂੰ ਪੰਜਾਬ ਭੇਜਣ ਜੋ ਇਥੇ ਨਿਵੇਸ਼ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਵਿਅਕਤੀਗਤ ਤੌਰ ’ਤੇ ਵੀ ਉਦਮੀ ਹਿੱਸਾ ਲੈ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਇਸ ਵੇਲੇ ਖੇਤੀਬਾੜੀ ਆਧਾਰਿਤ ਰਵਾਇਤੀ ਅਰਥ ਵਿਵਸਥਾ ਤੋਂ ਉਦਯੋਗੀਕਰਨ ਵੱਲ ਤੇਜ਼ੀ ਨਾਲ ਬਦਲ ਰਿਹਾ ਹੈ ਕਿਉਕਿ ਖੇਤੀਬਾੜੀ ਵਿੱਚ ਸੂਬੇ ਵੱਲੋਂ ਪਹਿਲਾ ਹੀ ਸਿਖਰਲਾ ਸਥਾਨ ਹਾਸਲ ਕਰਨ ਕਰ ਕੇ ਹੋਰ ਤਰੱਕੀ ਦੀ ਸੰਭਾਵਨਾਵਾਂ ਮੌਜੂਦ ਨਹੀਂ ਸੀ। ਸੂਬਾ ਸਰਕਾਰ ਵੱਲੋਂ ਨਵੀਂ ਸਨਅਤੀ ਨੀਤੀ ਲਿਆਂਦੀ ਗਈ ਹੈ ਜਿਸ ਨਾਲ ਨਿਵੇਸ਼ਕਾਂ ਨੂੰ ਸਹੂਲਤਾਂ ਦਿੰਦਿਆਂ ਵਪਾਰ ਲਈ ਉਦਮੀਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ।

ਉਨਾਂ ਕਿਹਾ ਕਿ ਸੂਬੇ ਵਿੱਚ ਨਿਵੇਸ਼ ਪੱਖੀ ਨੀਤੀਆਂ ਨਾਲ ਉਦਯੋਗਿਕ ਵਿਕਾਸ ਵਿੱਚ ਸਾਕਾਰਤਮਕ ਨਿਵੇਸ਼ ਦੇ ਮਾਹੌਲ ਦੇ ਰੂਪ ਵਿੱਚ ਨਵੀਂ ਲਹਿਰ ਪੈਦਾ ਹੋਈ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਮਾਰਚ 2017 ਤੋਂ ਹੁਣ ਤੱਕ 50,000 ਕਰੋੜ (7 ਬਿਲੀਅਨ ਅਮਰੀਕੀ ਡਾਲਰ) ਦਾ ਨਿਵੇਸ਼ ਜ਼ਮੀਨੀ ਪੱਧਰ ’ਤੇ ਆਉਣ ਤੋਂ ਮਿਲਦਾ ਹੈ।ਮੁੱਖ ਮੰਤਰੀ ਨੇ ਸਾਰੇ ਮੁਲਕਾਂ ਦੇ ਨਿਵੇਸ਼ਕਾਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਨਾਂ ਦੀ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਸੂਬੇ ਵਿੱਚ ਆਪਣਾ ਯੂਨਿਟ ਲਗਾਉਣ ਲਈ ਪੂਰਾ ਸਾਥ ਤੇ ਸਹਿਯੋਗ ਦਿੱਤਾ ਜਾਵੇਗਾ ਅਤੇ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਫਾਸਟ ਟਰੈਕ ਉਤੇ ਪਾਉਦਿਆਂ ਘੱਟ ਤੋਂ ਘੱਟ ਅਤੇ ਤੈਅ ਸਮੇਂ ਅੰਦਰ ਦਿੱਤੀਆਂ ਜਾ ਰਹੀਆਂ ਹਨ।

ਉਨਾਂ ਕਿਹਾ ਕਿ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ.) ਦਾ ਖੇਤਰ ਸੂਬੇ ਵਿੱਚ ਸਮਾਜਿਕ ਆਰਥਿਕ ਵਿਕਾਸ ਦਾ ਧੁਰਾ ਹੈ ਅਤੇ ਉਦਯੋਗਿਕ ਵਿਕਾਸ ਦੀ ਰੀੜ ਦੀ ਹੱਡੀ ਹੈ ਜਿਸ ਨੂੰ ਸੂਬਾ ਸਰਕਾਰ ਵੱਲੋਂ ਬਹੁਤ ਤਰਜੀਹ ਦਿੱਤੀ ਜਾ ਰਹੀ ਹੈ।ਇਸ ਤੋਂ ਬਾਅਦ ਮੁੱਖ ਮੰਤਰੀ ਨੇ ਜਪਾਨੀ ਹਾਈ ਕਮਿਸ਼ਨਰ ਕੇਂਜੀ ਹਿਰਾਮਾਤਸ਼ੂ ਨਾਲ ਗੱਲਬਾਤ ਜਿਨਾਂ ਨੇ ਪੰਜਾਬ ਵਿਚ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਵਿਚ ਡੂੰਘੀ ਦਿਲਚਸਪੀ ਪ੍ਰਗਟ ਕੀਤੀ।

ਉਨਾਂ ਦੇ ਪ੍ਰਸਤਾਵ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਤਲਵਾੜਾ ਵਿਖੇ ਤਕਰੀਬਨ 500 ਏਕੜ ਰਕਬੇ ਵਿਚ ਸੈਰ-ਸਪਾਟੇ ਵਾਲੀ ਜਗਾਂ ਵਿਕਸਤ ਕਰਨ ਸਬੰਧੀ ਸੰਭਾਵਨਾ ਜਾਣਨ ਲਈ ਜਾਪਾਨ ਦੇ ਸਮਰਥਨ ਦਾ ਸਵਾਗਤ ਕੀਤਾ, ਜੋ ਕੁਦਰਤੀ ਅਤੇ ਸੰਜੀਵੀ ਸੁੰਦਰਤਾ ਨਾਲ ਭਰਪੂਰ ਹੈ। ਮੁੱਖ ਮੰਤਰੀ ਨੇ ਉਨਾਂ ਨੂੰ ਰਾਜਪੁਰਾ ਜਾਂ ਬਠਿੰਡਾ ਵਿਖੇ 500 ਤੋਂ 700 ਏਕੜ ਰਕਬੇ ਵਿਚ ਟੈਕਨਾਲੋਜੀ ਹੱਬ ਵਿਕਸਤ ਕਰਨ ਦੀ ਸੰਭਾਵਨਾ ਬਾਰੇ ਜਾਣਨ ਦਾ ਵੀ ਸੱਦਾ ਦਿੱਤਾ ਅਤੇ ਸੁਝਾਅ ਦਿੱਤਾ ਕਿ ਇਸ ਤਜਵੀਜ਼ ਨੂੰ ਦਸੰਬਰ ਦੇ ਸੰਮੇਲਨ ਵਿਚ ਅਮਲੀ ਰੂਪ ਦਿੱਤਾ ਜਾਵੇਗਾ।

ਜਾਪਾਨੀ ਹਾਈ ਕਮਿਸ਼ਨਰ ਨੇ ਵਿਸ਼ਵ ਪ੍ਰਸਿੱਧ ਤੋਸ਼ੀਬਾ ਗਰੁੱਪ ਦੇ ਸਹਿਯੋਗ ਨਾਲ ਇੱਕ ਇਲੈਕਟਿ੍ਰਕ ਵਾਹਨ ਨਿਰਮਾਣ ਕੇਂਦਰ ਸਥਾਪਤ ਕਰਨ ਵਿੱਚ ਵੀ ਦਿਲਚਸਪੀ ਜ਼ਾਹਿਰ ਕੀਤੀ। ਮੀਟਿੰਗ ਦੌਰਾਨ ਮੁਹਾਲੀ ਵਿਖੇ ਆਈ.ਟੀ. ਸੈਕਟਰ ਵਿੱਚ ਸੈਂਟਰ ਆਫ ਐਕਸੀਲੈਂਸ ਸਥਾਪਤ ਕਰਨ ਦੀ ਪ੍ਰਗਤੀ ’ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

ਯੂ.ਏ.ਈ ਦੇ ਸਫ਼ੀਰ ਡਾ. ਅਹਿਮਦ ਏ ਐਲ ਬੰਨਾ ਮੁੱਖ ਮੰਤਰੀ ਨਾਲ ਕੀਤੀ ਮੀਟਿੰਗ ਵਿੱਚ ਉਨਾਂ ਨੂੰ ਜਾਣੂ ਕਰਵਾਇਆ ਕਿ ਈ.ਐਮ.ਏ.ਏ.ਆਰ. ਦੀ ਭਾਈਵਾਲੀ ਨਾਲ ਇੱਕ ਮੈਗਾ ਫੂਡ ਪਾਰਕ ਸਥਾਪਤ ਕੀਤਾ ਜਾਵੇਗਾ ਅਤੇ ਇਸ ਸਬੰਧ ਵਿੱਚ ਅਗਲੇਰੀ ਕਾਰਵਾਈ ਨੂੰ ਅੰਤਿਮ ਰੂਪ ਦੇਣ ਲਈ ਯ.ੂਏ.ਈ ਦੇ ਖ਼ੁਰਾਕ ਸੁਰੱਖਿਆ ਮੰਤਰਾਲੇ ਦੀ ਟੀਮ ਜਲਦ ਹੀ ਪੰਜਾਬ ਦਾ ਦੌਰਾ ਕਰੇਗੀ।

ਹੋਰਨਾਂ ਕੌਮਾਂਤਰੀ ਹਵਾਈ ਅੱਡਿਆਂ ’ਤੇ ਜ਼ਹਾਜ਼ਾਂ ਦੀ ਭਾਰੀ ਆਵਾਜਾਈ ਦੇ ਮੱਦੇਨਜ਼ਰ ਕੁਝ ਉਡਾਨਾਂ ਅੰਮਿ੍ਰਤਸਰ ਹਵਾਈ ਅੱਡੇ ਵੱਲ ਮੋੜਨ ਲਈ ਉਨਾਂ ਕੇਂਦਰ ਹਵਾਬਾਜ਼ੀ ਮੰਤਰਾਲੇ ਨੂੰ ਅਪੀਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੇ ਦਖ਼ਲ ਦੀ ਮੰਗ ਵੀ ਕੀਤੀ। ਇਸ ਨਾਲ ਦੋਵੇਂ ਪਾਸਿਆਂ ਦੇ ਵਪਾਰ ਅਤੇ ਵਣਜ ਨੂੰ ਹੁਲਾਰਾ ਮਿਲੇਗਾ। ਡਾ. ਬੰਨਾ ਨੇ ਮੁੱਖ ਮੰਤਰੀ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ.ਏ.ਈ ਦੇ ਕਈ ਵਪਾਰਕ ਗਰੁੱਪ ਜਿਵੇਂ ਲੁਲੂ ਗਰੁੱਪ, ਡੀ ਵਰਲਡ, ਸ਼ਰਾਫ਼ ਗਰੁੱਪ ਅਤੇ ਬੀ.ਆਰ.ਐਸ ਵੱਲੋਂ ਪਹਿਲਾਂ ਹੀ ਫੂਡ ਪ੍ਰੋਸੈਸਿੰਗ, ਲਾਜਿਸਟਿਕ, ਸ਼ਹਿਰੀ ਢਾਂਚਾਗਤ ਵਿਕਾਸ ਅਤੇ ਸਿਹਤ ਆਦਿ ਖੇਤਰਾਂ ਵਿੱਚ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਵਿੱਚ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ।

ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਪੰਜਾਬ ਨੂੰ ਉਦਯੋਗਿਕ ਮੌਕਿਆਂ ਦੀ ਧਰਤੀ ਦੱਸਿਆ। ਉਨਾਂ ਕਿਹਾ ਕਿ ਸੂਬੇ ਨੇ ਸੇਵਾ ਮੁਹੱਈਆ ਕਰਵਾਉਣ ਦਾ ਮਿਆਰ ਵਧਾਉਣ ਦੇ ਉਦੇਸ਼ ਨਾਲ ਰੈਗੂਲੇਟਰੀ ਅਤੇ ਨੀਤੀ ਸੁਧਾਰਾਂ ਲਈ ਅਨੇਕਾਂ ਪਹਿਲਕਦਮੀਆਂ ਕੀਤੀਆਂ ਹਨ। ਨਵੀਂ ਨੀਤੀ ਨਾਲ ਸੂਬੇ ਵੱਲੋਂ ਗੁਣਾਤਮਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਵਿਦੇਸ਼ੀ ਨੁਮਾਇੰਦਿਆਂ ਨੂੰ ਸੂਬੇ ਵਿੱਚ ਸਨਅਤੀ ਵਿਕਾਸ ਲਈ ਤਕਨੀਕੀ ਗਠਜੋੜ ਬਣਾਉਣ ਲਈ ਕਹਿੰਦਿਆਂ ਵਪਾਰ ਕਰਨ ਦਾ ਵੀ ਸੱਦਾ ਦਿੱਤਾ।

ਇਸ ਤੋਂ ਪਹਿਲਾਂ ਪੰਜਾਬ ਵਿੱਚ ਨਿਵੇਸ਼ ਅਤੇ ਉਦਯੋਗੀਕਰਨ ਦੇ ਮਾਹੌਲ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਜ਼ਰੀਏ ਜਾਣਕਾਰੀ ਦਿੰਦਿਆਂ ਇਨਵੈਸਟਮੈਂਟ ਪ੍ਰਮੋਸ਼ਨ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਚਾਹੇ ਭੂਗੋਲਿਕ ਤੌਰ ’ਤੇ ਭਾਰਤ ਦਾ ਮਹਿਜ਼ 1.5 ਫੀਸਦੀ ਹੈ ਪ੍ਰੰਤੂ ਮੁਲਕ ਦੇ ਜੀ.ਡੀ.ਪੀ. ਵਿੱਚ ਇਸ ਦਾ ਯੋਗਦਾਨ ਤਿੰਨ ਫੀਸਦੀ ਹੈ। ਉਨਾਂ ਕਿਹਾ ਕਿ ਪੰਜਾਬ ਟਰੈਕਟਰਾਂ, ਸਾਈਕਲਾਂ ਤੇ ਸਾਈਕਲਾਂ ਦੇ ਪੁਰਜ਼ਿਆਂ ਅਤੇ ਹੌਜ਼ਰੀ ਦੇ ਖੇਤਰ ਦਾ ਨਿਰਮਾਣ ਅਤੇ ਨਿਰਮਾਤਾ ਕਰਨ ਦਾ ਘਰ ਹੈ। ਪੰਜਾਬ ਵੱਡਾ ਨਿਰਯਾਤਕਾਰ ਹੈ ਜਿੱਥੇ ਵਿੱਤੀ ਸਾਲ 2018-19 ਦੌਰਾਨ 6 ਬਿਲੀਅਨ ਅਮਰੀਕੀ ਡਾਲਰ ਦਾ ਸਮਾਨ 200 ਤੋਂ ਵੱਧ ਮੁਲਕਾਂ ਨੂੰ ਗਿਆ।

ਇਸ ਮੌਕੇ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅੱਗਰਵਾਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਵੱਲੋਂ ਇਹ ਵਿਸ਼ਵਾਸ ਦਿਵਾਇਆ ਕਿ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਅਤੇ ਵਪਾਰ ਸਥਾਪਤ ਕਰਨ ਲਈ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਿੱਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਉਦਯੋਗ ਮੰਤਰੀ ਸ਼ੁੰਦਰ ਸ਼ਾਮ ਅਰੋੜਾ, ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਇਨਵੈਸਟ ਪੰਜਾਬ ਦੇ ਸਲਾਹਕਾਰ ਮੇਜਰ ਬੀ.ਐਸ.ਕੋਹਲੀ, ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ,

ਵਧੀਕ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਮਿੱਤਲ ਬਰੂਹਾ, ਪ੍ਰਮੁੱਖ ਸਕੱਤਰ ਸੱਭਿਆਚਾਰ ਤੇ ਸੈਰ ਸਪਾਟਾ ਵਿਕਾਸ ਪ੍ਰਤਾਪ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਿਪਾਲ ਸਿੰਘ, ਰੈਜੀਡੈਂਟ ਕਮਿਸ਼ਨਰ ਪੰਜਾਬ ਭਵਨ ਰਾਖੀ ਗੁਪਤਾ ਭੰਡਾਰੀ, ਪ੍ਰਮੁੱਖ ਸਕੱਤਰ ਸਿਹਤ ਅਨੁਰਾਗ ਅੱਗਰਵਾਲ, ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ ਸ਼ਿਵਾ ਪ੍ਰਸਾਦ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਅਨੁਰਾਗ ਵਰਮਾ, ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅੱਗਰਵਾਲ ਤੇ ਉਦਯੋਗ ਵਿਭਾਗ ਦੇ ਡਾਇਰੈਕਟਰ ਸੀ. ਸਿਬਨ ਵੀ ਹਾਜ਼ਰ ਸਨ।

-PTC News