ਮੁੱਖ ਮੰਤਰੀ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅੱਠ ਘੰਟੇ ਅਤੇ ਗਰਮੀਆਂ ਦੌਰਾਨ ਬਾਕੀ ਖਪਤਕਾਰਾਂ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਦਾ ਭਰੋਸਾ

ਮੁੱਖ ਮੰਤਰੀ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅੱਠ ਘੰਟੇ ਅਤੇ ਗਰਮੀਆਂ ਦੌਰਾਨ ਬਾਕੀ ਖਪਤਕਾਰਾਂ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਦਾ ਭਰੋਸਾ,ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 13 ਜੂਨ ਤੋਂ ਝੋਨੇ ਦੇ ਸ਼ੁਰੂ ਹੋ ਰਹੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਖਪਤਕਾਰਾਂ ਦੀਆਂ ਹੋਰ ਸਾਰੀਆਂ ਸ਼੍ਰੇਣੀਆਂ ਨੂੰ ਵੀ 24 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਹੈ।

ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਬਾਰੇ ਪਾਵਰ ਕੰਪਨੀਆਂ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ ਦੇ ਪ੍ਰਬੰਧਾਂ ਸਬੰਧੀ ਇਕ ਮੀਟਿੰਗ ਦੌਰਾਨ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਿਆਰੀ ਬਿਜਲੀ ਸਪਲਾਈ ਮੁਹੱਈਆ ਕਰਾਉਣ ਲਈ ਵਚਨਬੱਧ ਹੈ।

ਇਸ ਤੋਂ ਇਲਾਵਾ ਖੇਤੀਬਾੜੀ ਲਈ 100 ਫੀਸਦੀ ਲਾਗਤ ਸਬਸਿਡੀ ਅਤੇ ਖਪਤਕਾਰਾਂ ਦੀਆਂ ਵੱਖ-ਵੱਖ ਸ਼ੇ੍ਰਣੀਆਂ ਲਈ ਮੁਫ਼ਤ ਬਿਜਲੀ ਦੇਣ ਲਈ ਵੀ ਦਿ੍ੜ ਹੈ। ਮੀਟਿੰਗ ਦੌਰਾਨ 14,000 ਮੈਗਾਵਾਟ ਦੀ ਮੰਗ ਨਾਲ ਨਿਪਟਨ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਬਿਜਲੀ ਕੰਪਨੀਆਂ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ। ਹਾਲਾਂਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਡ ਵੱਲੋਂ 13,500 ਮੈਗਾਵਾਟ ਦੀ ਮੰਗ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਹੋਰ ਪੜ੍ਹੋ:ਦੇਖੋ, ਇਤਨੀ ਛੋਟੀ ਉਮਰ ‘ਚ ਸਿੱਖ ਬੱਚਾ ਕਿੰਨ੍ਹੀ ਲਗਨ ਨਾਲ ਗੁਰਬਾਣੀ ਅਤੇ ਤਬਲੇ ਪ੍ਰਤੀ ਆਪਣੀ ਲਗਨ ਵਿਖਾਉਂਦਾ ਹੋਇਆ (ਵੀਡੀਓ)

ਮੁੱਖ ਮੰਤਰੀ ਨੇ ਗਰਮੀਆਂ ਦੌਰਾਨ 24 ਘੰਟੇ ਅਤੇ ਝੋਨੇ ਦੇ ਸੀਜ਼ਨ ਦੌਰਾਨ ਸੂਬੇ ਦੇ ਸਾਰੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਨੂੰ ਨਿਰਦੇਸ਼ ਦਿੱਤੇ ਹਨ। ਬਿਜਲੀ ਕੰਪਨੀਆਂ ਦੇ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਡੈਮਾਂ ਵਿੱਚ ਪਾਣੀ ਦਾ ਪੱਧਰ ਵਧੀਆ ਹੈ ਜੋ ਪੀ.ਐਸ.ਪੀ.ਸੀ.ਐਲ. ਦੇ ਆਪਣੇ ਹਾਈਡਲ ਪਲਾਂਟਾਂ ਦੇ ਨਾਲ-ਨਾਲ ਬੀ.ਬੀ.ਐਮ.ਬੀ. ਦੇ ਪਲਾਂਟਾਂ ਰਾਹੀਂ ਹਾਈਡ੍ਰੋ ਉਤਪਾਦਨ ਲਈ ਮਦਦਗਾਰ ਹੋਵੇਗਾ। ਸਾਰੇ ਥਰਮਲ ਪਲਾਂਟਾਂ ‘ਤੇ ਕੋਇਲੇ ਦਾ ਵੀ ਤਸੱਲੀਬਖਸ਼ ਸਟਾਕ ਹੈ।

ਲਹਿਰਾ ਮੁਹੱਬਤ ਵਿਖੇ 32 ਦਿਨ, ਰੋਪੜ ਵਿਖੇ 48 ਦਿਨ, ਰਾਜਪੁਰਾ ਵਿਖੇ 25 ਦਿਨ, ਤਲਵੰਡੀ ਵਿਖੇ 14 ਦਿਨ ਅਤੇ ਗੋਇੰਦਵਾਲ ਸਾਹਿਬ ਵਿਖੇ 22 ਦਿਨ ਦਾ ਸਟਾਕ ਪਿਆ ਹੋਇਆ ਹੈ।ਖੁਦ ਦੇ ਹਾਈਡ੍ਰੋ ਤੋਂ 1000 ਮੈਗਾਵਾਟ, ਖੁਦ ਦੇ ਥਰਮਲ ਤੋਂ 1760 ਮੈਗਾਵਾਟ, ਬੀ.ਬੀ.ਐਮ.ਬੀ. ਸਣੇ ਸੈਂਟਰਲ ਸੈਕਟਰ ਤੋਂ 8580 ਮੈਗਾਵਾਟ, ਪੰਜਾਬ ਵਿੱਚ ਆਈ.ਪੀ.ਪੀ. ਤੋਂ 3370 ਮੈਗਾਵਾਟ, ਐਨ.ਆਰ.ਐਸ.ਈ. ਸਰੋਤਾਂ ਤੋਂ 800 ਮੈਗਾਵਾਟ ਝੋਨੇ ਦੇ ਸੀਜ਼ਨ ਲਈ ਬੈਂਕਿੰਗ ਪ੍ਰਬੰਧਾਂ ਤੋਂ 2570 ਮੈਗਾਵਾਟ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਵਿੱਤੀ ਸਾਲ 2018-19 ਦੌਰਾਨ ਪੰਜਾਬ ਦੇ 34,52,600 ਖਪਤਕਾਰਾਂ ਨੂੰ 8855 ਕਰੋੜ ਰੁਪਏ ਦਾ ਲਾਭ ਦਿੱਤਾ ਗਿਆ ਹੈ | ਸਾਲ 2019-20 ਦੌਰਾਨ 37,40,348 ਖਪਤਕਾਰਾਂ ਨੂੰ 9674 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਐਸ.ਸੀ., ਗੈਰ-ਐਸ.ਸੀ. ਬੀ.ਪੀ.ਐਲ. ਅਤੇ ਬੀ.ਸੀ. ਘਰੇਲੂ ਖਪਤਕਾਰਾਂ ਨੂੰ 200 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਮੁਹੱਈਆ ਕਰਾਈ ਜਾ ਰਹੀ ਹੈ।

ਇਹ ਬਿਜਲੀ ਯੂਨਿਟਾਂ ਦੀ ਖਪਤ ਗਿਣਤੀ ਦੀ ਕਿਸੇ ਵੀ ਸ਼ਰਤ ਤੋਂ ਬਿਨਾਂ ਮੁਹੱਈਆ ਕਰਾਈ ਜਾ ਰਹੀ ਹੈ ਜੋ ਕਿ 21 ਲੱਖ ਰੁਪਏ ਤੋਂ ਵੱਧ ਦੀ ਹੈ। ਆਜ਼ਾਦੀ ਘੁਲਾਟੀਆਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਸੂਬੇ ਵਿੱਚ ਖੇਤੀਬਾੜੀ ਦੇ ਵਾਸਤੇ 14 ਲੱਖ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ।

ਪੰਜਾਬ ਸਰਕਾਰ 1,44,000 ਉਦਯੋਗਾਂ ਨੂੰ ਸਬਸਿਡੀ ਵਾਲੀ ਬਿਜਲੀ ਮੁਹੱਈਆ ਕਰਾ ਰਹੀ ਹੈ।ਤਕਰੀਬਨ 1,05,000 ਛੋਟੇ ਬਿਜਲੀ ਖਪਤਕਾਰਾਂ ਤੋਂ ਪ੍ਰਤੀ ਯੂਨਿਟ 4.99 ਰੁਪਏ ਦੀ ਦਰ ਨਾਲ ਵਸੂਲੇ ਜਾ ਰਹੇ ਹਨ। ਇਸ ਤੋਂ ਇਲਾਵਾ 30,000 ਦਰਮਿਆਨੇ ਅਤੇ 9000 ਵੱਡੇ ਸਪਲਾਈ ਖਪਤਕਾਰਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਰਿਆਇਤੀ ਬਿਜਲੀ ਦਿੱਤੀ ਜਾ ਰਹੀ ਹੈ।

-PTC News