Sat, Apr 20, 2024
Whatsapp

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਪਰਮਿਟ ਦੀ ਸ਼ਰਤ ਹਟਾਉਣ ਸਬੰਧੀ ਉਹਨਾਂ ਦੀ ਮੰਗ ਪ੍ਰਵਾਨ ਕਰਨ ’ਤੇ ਪਾਕਿਸਤਾਨ ਦੇ ਫੈਸਲੇ ਦੀ ਸ਼ਲਾਘਾ

Written by  Jashan A -- July 15th 2019 09:06 AM
ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਪਰਮਿਟ ਦੀ ਸ਼ਰਤ ਹਟਾਉਣ ਸਬੰਧੀ ਉਹਨਾਂ ਦੀ ਮੰਗ ਪ੍ਰਵਾਨ ਕਰਨ ’ਤੇ ਪਾਕਿਸਤਾਨ ਦੇ ਫੈਸਲੇ ਦੀ ਸ਼ਲਾਘਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਪਰਮਿਟ ਦੀ ਸ਼ਰਤ ਹਟਾਉਣ ਸਬੰਧੀ ਉਹਨਾਂ ਦੀ ਮੰਗ ਪ੍ਰਵਾਨ ਕਰਨ ’ਤੇ ਪਾਕਿਸਤਾਨ ਦੇ ਫੈਸਲੇ ਦੀ ਸ਼ਲਾਘਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਪਰਮਿਟ ਦੀ ਸ਼ਰਤ ਹਟਾਉਣ ਸਬੰਧੀ ਉਹਨਾਂ ਦੀ ਮੰਗ ਪ੍ਰਵਾਨ ਕਰਨ ’ਤੇ ਪਾਕਿਸਤਾਨ ਦੇ ਫੈਸਲੇ ਦੀ ਸ਼ਲਾਘਾ,ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਵੱਲੋਂ ਕੀਤੀ ਮੰਗ ਮੁਤਾਬਕ ਇਤਿਹਾਸਕ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਲਈ ਵੱਖਰੇ ਪਰਮਿਟ ਸਿਸਟਮ ਦੀ ਜ਼ਰੂਰਤ ਨੂੰ ਹਟਾਉਣ ਲਈ ਪਾਕਿਸਤਾਨ ਵੱਲੋਂ ਕੀਤੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨਾਂ ਨੇ ਪਾਸਪੋਰਟ ਦੀ ਸ਼ਰਤ ਵੀ ਹਟਾਉਣ ਦੀ ਅਪੀਲ ਕੀਤੀ ਤਾਂ ਕਿ ਸੂਬੇ ਦੇ ਪੇਂਡੂ ਇਲਾਕਿਆਂ ਤੋਂ ਵੀ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਸਹੂਲਤ ਹਾਸਲ ਹੋ ਸਕੇ। ਇੱਥੋਂ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਉਨਾਂ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਕੀਤੀਆਂ ਜਾ ਰਹੀਆਂ ਹੋਰ ਮੰਗਾਂ ਨੂੰ ਵੀ ਪ੍ਰਵਾਨ ਕਰਵਾਉਣ ਲਈ ਭਾਰਤ ਸਰਕਾਰ ਵੱਲੋਂ ਪਾਕਿਸਤਾਨ ’ਤੇ ਜ਼ੋਰ ਪਾਇਆ ਜਾਵੇਗਾ। ਇਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਲਈ ‘ਖੁੱਲੇ ਦਰਸ਼ਨ ਦੀਦਾਰੇ’ ਕਰਨ ਵਾਸਤੇ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਦੀ ਰੋਜ਼ਾਨਾ ਦੀ ਗਿਣਤੀ ਵਧਾਉਣ ਦੀ ਮੰਗ ਵੀ ਸ਼ਾਮਲ ਹੈ। ਹੋਰ ਪੜ੍ਹੋ:ਮੁੱਖ ਮੰਤਰੀ ਵੱਲੋਂ ‘ਆਈ ਹਰਿਆਲੀ’ ਮੋਬਾਇਲ ਐਪ ਦਾ ਆਈ.ਓ.ਐਸ. ਸਵਰੂਪ ਜਾਰੀ ਮੁੱਖ ਮੰਤਰੀ ਨੇ ਕਿਹਾ ਇਹ ਮੰਗ ਇਸ ਕਰਕੇ ਅਹਿਮ ਹੈ ਤਾਂ ਕਿ ਨਵੰਬਰ ਮਹੀਨੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮਹੱਤਵਪੂਰਨ ਦਿਨਾਂ ਮੌਕੇ ਸ਼ਰਧਾਲੂਆਂ ਦੇ ਬਿਨਾਂ ਕਿਸੇ ਦਿੱਕਤ ਤੋਂ ਆਉਣ-ਜਾਣ ਨੂੰ ਯਕੀਨੀ ਬਣਾਇਆ ਜਾ ਸਕੇ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਆਪਣੇ ਮੂਲ ਪ੍ਰਸਤਾਵ ਮੁਤਾਬਕ 500 ਸ਼ਰਧਾਲੂਆਂ ਨੂੰ ਜਾਣ ਦੀ ਇਜ਼ਾਜਤ ਦੇਣ ਦੀ ਥਾਂ ਪਾਕਿਸਤਾਨ ਨੇ ਹੁਣ ਇਕ ਦਿਨ ਵਿੱਚ 5000 ਸ਼ਰਧਾਲੂਆਂ ਦੇ ਜਾਣ ਨੂੰ ਸਹਿਮਤੀ ਦੇ ਦਿੱਤੀ ਹੈ,ਪਰ ਦੁਨੀਆ ਭਰ ਤੋਂ ਦਰਸ਼ਨਾਂ ਲਈ ਆਉਣ ਵਾਲੇ ਸਿੱਖਾਂ ਅਤੇ ਹੋਰ ਸ਼ਰਧਾਲੂਆਂ ਦੀ ਵੱਡੀ ਮੰਗ ਦੀ ਆਸ ਦੇ ਮੱਦੇਨਜ਼ਰ ਘੱਟੋ-ਘੱਟ ਵਿਸ਼ੇਸ਼ ਮੌਕਿਆਂ ’ਤੇ ਸ਼ਰਧਾਲੂਆਂ ਦੇ ਜਾਣ ਦੀ ਗਿਣਤੀ ਵਧਾਉਣ ਦੀ ਲੋੜ ਹੈ। ਮੁੱਖ ਮੰਤਰੀ ਨੇ ਪਾਕਿਸਤਾਨ ਵੱਲੋਂ ਓ.ਸੀ.ਆਈ. ਅਤੇ ਪੀ.ਆਈ.ਓ. ਕਾਰਡ ਹੋਲਡਰਾਂ ਨੂੰ ਇਜ਼ਾਜਤ ਦੇਣ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ ਅਤੇ ਇਸ ਬਾਰੇ ਉਨਾਂ ਨੇ ਪਹਿਲਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ। ਇਹ ਦੱਸਣਯੋਗ ਹੈ ਕਿ ਇਨਾਂ ਦੇ ਐਮ.ਓ.ਯੂ. ਵਿੱਚ ਪਾਕਿਸਤਾਨ ਨੇ ਸਿਰਫ਼ ਭਾਰਤੀ ਯਾਤਰੀਆਂ ਨੂੰ ਇਜ਼ਾਜਤ ਦੇਣ ਦਾ ਸੁਝਾਅ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਹਫ਼ਤੇ ਦੇ ਸੱਤੇ ਦਿਨ ਸ਼ਰਧਾਲੂਆਂ ਨੂੰ ਜਾਣ ਲਈ ਉਨਾਂ ਵੱਲੋਂ ਕੀਤੀ ਅਪੀਲ ਪ੍ਰਤੀ ਪਾਕਿਸਤਾਨ ਨੂੰ ਸਹਿਮਤ ਕਰਨ ਲਈ ਕੀਤੇ ਯਤਨਾਂ ਵਾਸਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਲਾਂਘਾ ਉਦੋਂ ਤੱਕ ਆਪਣਾ ਉਦੇਸ਼ ਪੂਰਾ ਨਹੀਂ ਕਰ ਸਕੇਗਾ ਜਦੋਂ ਤੱਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਦੇਣ ਲਈ ਉਨਾਂ ਵੱਲੋਂ ਉਠਾਏ ਵੱਖ-ਵੱਖ ਮੁੱਦਿਆਂ ਪ੍ਰਤੀ ਪਾਕਿਸਤਾਨ ਹੋਰ ਨਰਮ ਰਵੱਈਆ ਅਪਣਾਉਣ ’ਤੇ ਸਹਿਮਤ ਨਹੀਂ ਹੁੰਦਾ। ਮੁੱਖ ਮੰਤਰੀ ਨੇ ਪਾਕਿਸਤਾਨ ਵੱਲੋਂ ਰਾਵੀ ਦਰਿਆ ’ਤੇ ਪੁਲ ਦੀ ਉਸਾਰੀ ਕਰਨ ਲਈ ਭਾਰਤ ਦੀ ਮੰਗ ’ਤੇ ਸਹਿਮਤੀ ਪ੍ਰਗਟਾਉਣ ਦੀ ਸ਼ਲਾਘਾ ਕਰਦਿਆਂ ਇਸ ਨੂੰ ਅਗਾਂਹ ਵਧੂ ਕਦਮ ਦੱਸਿਆ ਪਰ ਨਾਲ ਹੀ ਉਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਨਾਂ ਵੱਲੋਂ ਰੱਖੀਆਂ ਗਈਆਂ ਹੋਰ ਮੰਗਾਂ ’ਤੇ ਸਹਿਮਤੀ ਬਣਾਉਣ ਲਈ ਪਾਕਿਸਤਾਨ ਨਾਲ ਨੇੜਲਾ ਤਾਲਮੇਲ ਅਤੇ ਸੰਪਰਕ ਬਣਾਇਆ ਜਾਵੇ। -PTC News


Top News view more...

Latest News view more...