ਜਿੱਤ ਦੀ ਖੁਸ਼ੀ ’ਚ ਅਵੇਸਲੇ ਨਹੀਂ ਹੋ ਸਕਦੇ-ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੀਆਂ ਸਕੀਮਾਂ ਨੂੰ ਲਾਗੂ ਕਰਨ ਲਈ 6 ਮਹੀਨੇ ਦੀ ਸਮੇਂ ਸੀਮਾ ਨਿਰਧਾਰਤ

ਜਿੱਤ ਦੀ ਖੁਸ਼ੀ ’ਚ ਅਵੇਸਲੇ ਨਹੀਂ ਹੋ ਸਕਦੇ-ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੀਆਂ ਸਕੀਮਾਂ ਨੂੰ ਲਾਗੂ ਕਰਨ ਲਈ 6 ਮਹੀਨੇ ਦੀ ਸਮੇਂ ਸੀਮਾ ਨਿਰਧਾਰਤ,ਚੰਡੀਗੜ: ਅਗਲੇ 6 ਮਹੀਨਿਆਂ ਦੌਰਾਨ ਆਪਣੀ ਸਰਕਾਰ ਦੇ ਅਹਿਮ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਸਮੇਂ ਸੀਮਾ ਨਿਰਧਾਰਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੈਬਨਿਟ ਸਾਥੀਆਂ ਨੂੰ ਵੱਖ-ਵੱਖ ਸਕੀਮਾਂ ਲਾਗੂ ਕਰਨ ਦੇ ਸਬੰਧ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦੇਣ ਦੇ ਨਾਲ ਨਾਲ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਲੋੜ ਦੇ ਅਨੁਸਾਰ ਤਬਦੀਲੀਆਂ ਕਰਨ ਲਈ ਇਕ ਸਲਾਹਕਾਰੀ ਗਰੁੱਪ ਗਠਨ ਕਰਨ ਲਈ ਹੁਕਮ ਦਿੱਤੇ ਹਨ।

ਇਹ ਨਿਰਦੇਸ਼ ਮੁੱਖ ਮੰਤਰੀ ਨੇ ਅੱਜ ਕੈਬਨਿਟ ਮੀਟਿੰਗ ਦੀ ਸ਼ੁਰੂਆਤ ਦੇ ਸਮੇਂ ਹੀ ਉਸ ਵੇਲੇ ਦਿੱਤੇ ਜਦੋਂ ਉਨਾਂ ਦੇ ਕੈਬਨਿਟ ਸਾਥੀਆਂ ਨੇ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਲਈ ਉਨਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ। ਨਰਿੰਦਰ ਮੋਦੀ ਦੀ ਲਹਿਰ ਦੇ ਬਾਵਜੂਦ ਰਾਸ਼ਟਰੀ ਰੁਝਾਨ ਨੂੰ ਮੋੜਾ ਦਿੰਦੇ ਹੋਏ ਸੂਬੇ ਵਿੱਚ ਕਾਂਗਰਸ ਦੀ ਜਿੱਤ ’ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇੱਕੋ-ਇੱਕ ਸੂਬਾ ਜਿੱਥੇ ਕਾਂਗਰਸ ਦੀ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਭਾਈਵਾਲ ਨਾਲ ਸਿੱਧੀ ਟੱਕਰ ਸੀ ਜਦਕਿ ਹੋਰਨਾਂ ਸੀ ਸੂਬਿਆਂ ਵਿੱਚ ਪਾਰਟੀ ਦਾ ਗਠਜੋੜ ਸੀ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਪਣੇ ਸਾਥੀਆਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਇਹ ਅਵੇਸਲੇ ਹੋਣ ਦਾ ਸਮਾਂ ਨਹੀਂ ਹੈ ਅਤੇ ਸੂਬੇ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਤੇ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਹੁਣ ਤੋਂ ਹੀ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੈ। ਕਰਜ਼ ਰਾਹਤ, ਘਰ-ਘਰ ਰੋਜ਼ਗਾਰ, ਸਿਹਤ ਬੀਮਾ ਆਦਿ ਮਹੱਤਵਪੂਰਨ ਸਕੀਮਾਂ ਆਪਣੀ ਸਰਕਾਰ ਵੱਲੋਂ ਲਾਗੂ ਕਰਨ ਵਿੱਚ ਕਿਸੇ ਵੀ ਤਰਾਂ ਦੀ ਦੇਰੀ ਨਾ ਸਹਿਣ ਕਰਨ ਦੀ ਗੱਲ ਸਪਸ਼ਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੋ-ਤਿੰਨ ਮੰਤਰੀਆਂ ਅਤੇ ਪੰਜ-ਛੇ ਵਿਧਾਇਕਾਂ ਆਧਾਰਤ ਸਲਾਹਕਾਰੀ ਗਰੁੱਪ ਦਾ ਤੁਰੰਤ ਹੀ ਗਠਨ ਕੀਤਾ ਜਾਣਾ ਚਾਹੀਦਾ ਹੈ।

ਹੋਰ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਦੀ ਖੇਡ ਹੋਈ ਖਤਮ :ਸੁਖਬੀਰ ਬਾਦਲ

ਸਬੰਧਿਤ ਵਿਭਾਗਾਂ ਨੇ ਸਕੱਤਰਾਂ ਨੂੰ ਗਰੁੱਪ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਗਰੁੱਪ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਵੇਗਾ ਤੇ ਲਾਭਪਾਤਰੀਆਂ ਦੀ ਸੂਚਨਾ ਦੇ ਆਧਾਰ ’ਤੇ ਲੋੜ ਅਨੁਸਾਰ ਸੁਝਾਅ ਦੇਵੇਗਾ। ਜੂਲਾਈ ਦੇ ਅੱਧ ਤੱਕ ਸਕੀਮਾਂ ਵਿਚ ਕਿਸੇ ਵੀ ਤਬਦੀਲੀ ਨੂੰ ਨੋਟੀਫਾਈ ਕਰਵਾਏ ਜਾਣ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਕੀਮਾਂ ਨੂੰ ਪ੍ਰਭਾਵੀ ਢੰਗ ਨਾਲ ਯਕੀਨੀ ਬਨਾਉਣ ਲਈ ਉਥੇ ਹੀ ਢੁਕਵੀਆਂ ਸੋਧਾਂ ਕੀਤੀਆਂ ਜਾਣ ਜਿਥੇ ਇਨਾਂ ਦੀ ਜ਼ਰੂਰਤ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਮੁਲਾਜ਼ਮਾਂ ਨਾਲ ਪਹਿਲ ਦੇ ਆਧਾਰ ਤੇ ਗੱਲਬਾਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉਨਾਂ ਦੀਆਂ ਲੰਬਿਤ ਪਈਆਂ ਮੰਗਾਂ ਨੂੰ ਹੱਲ ਕੀਤਾ ਜਾ ਸਕੇ ਅਤੇ ਉਨਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਸ ਸੀ/ਐਸਟੀ ਸਣੇ ਦੇ ਵੱਖ-ਵੱਖ ਵਰਗਾਂ ਦੇ ਲੰਬਿਤ ਪਏ ਮੁੱਦਿਆਂ ਦੇ ਹੱਲ ਲਈ ਜ਼ਰੂਰੀ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ।

ਚੰਨੀ ਨੇ ਕਿਹਾ ਕਿ ਕਾਂਗਰਸ ਵਿੱਚ ਲੋਕਾਂ ਦਾ ਭਰੋਸਾ ਪੈਦਾ ਕਰਨ ਲਈ ਇਹ ਜ਼ਰੂਰੀ ਹੈ। ਉਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਤੋਂ ਸਪਸ਼ਟ ਹੈ ਕਿ ਸਰਕਾਰ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਵਿੱਚ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਅਤੇ ਦਿਹਾਤੀ ਇਲਕਿਆਂ ਵਿੱਚ ਪਾਰਟੀ ਨੂੰ ਮਿਲਿਆ ਸਮਰਥਨ ਖੇਤੀ ਕਰਜ਼ਿਆਂ ਦੀ ਮੁਆਫੀ ਦੀ ਸਫ਼ਲਤਾ ਦਾ ਸੰਕੇਤ ਹੈ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਕਾਸ ਪ੍ਰੋਗਰਾਮਾਂ ਦੇ ਰਾਹੀਂ ਸ਼ਹਿਰੀ ਵੋਟਰਾਂ ਵਿੱਚ ਭਰੋਸਾ ਬਹਾਲ ਕਰਨ ਦੀਆਂ ਕੋਸ਼ਿਸ਼ਾਂ ’ਤੇ ਧਿਆਨ ਕੇਂਦਰਤ ਕਰਨ ਲਈ ਆਖਿਆ ਉਨਾਂ ਨੇ ਸ਼ਹਿਰਾਂ ਦੀਆਂ ਸੁਵਿਧਾਵਾਂ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਮੰਤਰੀ ਮੰਡਲ ਨੇ ਪੰਜਾਬ ਦਿਹਾਤੀ ਵਿਕਾਸ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਧਾਰਤ ਇੱਕ ਕਮੇਟੀ ਦਾ ਗਠਨ ਕੀਤਾ ਹੈ ਜੋ ਲੋਕਾਂ ਨੂੰ ਦਰਪੇਸ਼ ਪ੍ਰਸ਼ਾਸਕੀ ਮੁਸ਼ਕਲਾਂ ਵਿੱਚੋਂ ਬਾਹਰ ਕੱਢਣ ਲਈ ਵਿਕਾਸ ਬਲਾਕਾਂ ਨੂੰ ਤਰਕ ਸੰਗਤ ਬਨਾਉਣ ਨਾਲ ਹੈ।

-PTC News