ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦੀ ਮੌਤ ‘ਤੇ ਦੁੱਖ ਪ੍ਰਗਟ

ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦੀ ਮੌਤ ‘ਤੇ ਦੁੱਖ ਪ੍ਰਗਟ,ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਨਾਲ ਇੱਕ ਸਿਆਸੀ ਯੁੱਗ ਦਾ ਅੰਤ ਹੋ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ੀਲਾ ਦਿਕਸ਼ਿਤ ਦੀ ਅਚਾਨਕ ਮੌਤ ਨਾਲ ਉਨ੍ਹਾਂ ਨੂੰ ਵੱਡਾ ਸਦਮਾ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸ਼ੀਲਾ ਦਿਕਸ਼ਿਤ ਇੱਕ ਬਹੁਤ ਸਨਮਾਨਯੋਗ ਅਤੇ ਸੁਲਝੇ ਹੋਏ ਸਿਆਸਤਦਾਨ ਤੋਂ ਇਲਾਵਾ ਇੱਕ ਬਹੁਤ ਵਧੀਆ ਇਨਸਾਨ ਸਨ ਜਿਨ੍ਹਾਂ ਨੂੰ ਉਹ ਚਾਰ ਦਹਾਕਿਆਂ ਤੋਂ ਨਿੱਜੀ ਤੌਰ ‘ਤੇ ਜਾਣਦੇ ਸਨ।

ਉਹਨਾਂ ਕਿਹਾ ਕਿ ਸ਼ੀਲਾ ਦਿਕਸ਼ਿਤ ਨੂੰ ਸਿਰਫ ਕਾਂਗਰਸੀ ਹੀ ਨਹੀਂ ਸਗੋਂ ਦਿੱਲੀ ਦੇ ਲੋਕ ਵੀ ਹਮੇਸ਼ਾ ਯਾਦ ਰੱਖਣਗੇ ਜਿਨ੍ਹਾਂ ਨੇ ਮੁੱਖ ਮੰਤਰੀ ਵਜੋਂ ਆਪਣੀਆਂ ਤਿੰਨ ਟਰਮਾਂ ਦੌਰਾਨ ਦਿੱਲੀ ਨੂੰ ਇੱਕ ਨਵੇਂ ਆਧੁਨਿਕ, ਗਤੀਸ਼ੀਲ ਅਤੇ ਸਰਗਰਮ ਸ਼ਹਿਰ ਵਜੋਂ ਵਿਕਸਤ ਕੀਤਾ ਅਤੇ ਦਿੱਲੀ ਦੇ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕੀਤਾ।

ਹੋਰ ਪੜ੍ਹੋ : ਕੈਪਟਨ ਨੇ ਠੋਕੀ ਤਾਲੀ, ਸਿੱਧੂ ਨੂੰ ਕੀਤਾ ਅਹੁਦੇ ਤੋਂ ਖਾਲੀ

ਮੁੱਖ ਮੰਤਰੀ ਨੇ ਕਿਹਾ ਕਿ ਸ਼ੀਲਾ ਦਿਕਸ਼ਿਤ ਦੀ ਮੌਤ ਨਾਲ ਉਨ੍ਹਾਂ ਨੂੰ ਨਿੱਜੀ ਘਾਟਾ ਪਿਆ ਹੈ। ਉਹ ਹਮੇਸ਼ਾ ਹੀ ਉਨ੍ਹਾਂ ਲਈ ਵੱਡੀ ਭੈਣ ਵਰਗੇ ਸਨ ਜਿਨ੍ਹਾਂ ਤੋਂ ਉਨ੍ਹਾਂ ਨੇ ਮੁਸ਼ਕਲ ਪਲਾਂ ਅਤੇ ਆਪਣੇ ਜੀਵਨ ਦੌਰਾਨ ਫੈਸਲੇ ਲੈਣ ਲਈ ਅਗਵਾਈ ਅਤੇ ਸਮਰਥਨ ਪ੍ਰਾਪਤ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਉਨ੍ਹਾਂ ਨੂੰ ਇਸ ਸੰਕਟ ਦੀ ਘੜੀ ਵਿਚੋਂ ਉਭਰਣ ਲਈ ਹੌਸਲਾ ਮਿਲੇਗਾ।

ਕਾਂਗਰਸ ਦੀ ਉੱਘੀ ਆਗੂ ਦੀ ਅਣਕਿਆਸੀ ਮੌਤ ਦੇ ਖਬਰ ਸੁਨਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਵਿਚ ਕਿਹਾ, ”ਸ਼ੀਲਾ ਦਿਕਸ਼ਿਤ ਦੀ ਅਚਾਨਕ ਮੌਤ ਨਾਲ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਹੈ। ਉਨ੍ਹਾਂ ਦੇ ਨਾਲ ਇੱਕ ਸਿਆਸੀ ਯੁੱਗ ਦਾ ਅੰਤ ਹੋ ਗਿਆ ਹੈ। ਮੈਂ ਉਨ੍ਹਾਂ ਨੂੰ ਪਿਛਲੇ 40 ਸਾਲਾਂ ਤੋਂ ਜਾਣਦਾ ਸੀ। ਉਹ ਮੇਰੇ ਲਈ ਇੱਕ ਵੱਡੀ ਭੈਣ ਵਾਂਗ ਸਨ ਅਤੇ ਉਨ੍ਹਾਂ ਨੇ ਮੇਰੇ ਮੁਸ਼ਕਲ ਪਲਾਂ ਦੌਰਾਨ ਮੈਨੂੰ ਅਗਵਾਈ ਅਤੇ ਸਮਰਥਨ ਦਿੱਤਾ। ਸ਼ੀਲਾ ਜੀ ਮੈਂ ਤੁਹਾਡੀ ਘਾਟ ਨੂੰ ਹਮੇਸ਼ਾ ਮਹਿਸੂਸ ਕਰਾਂਗਾ।”

-PTC News