Advertisment

ਆਜ਼ਾਦੀ ਦਿਹਾੜੇ ਮੌਕੇ ਕੈਪਟਨ ਵੱਲੋਂ 17 ਸ਼ਖ਼ਸੀਅਤਾਂ ਦਾ ਸਟੇਟ ਅਵਾਰਡ ਨਾਲ ਸਨਮਾਨ

author-image
Shanker Badra
New Update
ਆਜ਼ਾਦੀ ਦਿਹਾੜੇ ਮੌਕੇ ਕੈਪਟਨ ਵੱਲੋਂ 17 ਸ਼ਖ਼ਸੀਅਤਾਂ ਦਾ ਸਟੇਟ ਅਵਾਰਡ ਨਾਲ ਸਨਮਾਨ
Advertisment
ਆਜ਼ਾਦੀ ਦਿਹਾੜੇ ਮੌਕੇ ਕੈਪਟਨ ਵੱਲੋਂ 17 ਸ਼ਖ਼ਸੀਅਤਾਂ ਦਾ ਸਟੇਟ ਅਵਾਰਡ ਨਾਲ ਸਨਮਾਨ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ 17 ਉੱਘੀਆਂ ਸ਼ਖ਼ਸੀਅਤਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ।ਇਨ੍ਹਾਂ ਵਿੱਚ ਸਮਾਜਿਕ ਤੌਰ 'ਤੇ ਸਰਗਰਮ ਸ਼ਖ਼ਸੀਅਤਾਂ, ਖੇਡ ਹਸਤੀਆਂ, ਅਗਾਂਹਵਧੂ ਉੱਦਮੀ ਅਤੇ ਸਰਕਾਰੀ ਅਧਿਕਾਰੀ/ਕਰਮਚਾਰੀ ਸ਼ਾਮਿਲ ਹਨ ਜੋ ਆਪੋ-ਆਪਣੇ ਮਿੱਥੇ ਕਾਰਜਾਂ ਨੂੰ ਪੂਰਾ ਕਰਨ ਲਈ ਵਿਲੱਖਣ ਯਤਨ ਕਰਨ ਤੋਂ ਇਲਾਵਾ ਸਮਾਜਿਕ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਮੁੱਖ ਮੰਤਰੀ ਨੇ ਪਟਿਆਲਾ ਦੇ ਸਾਹਿਲ ਚੋਪੜਾ ਨੂੰ ਸਰਟੀਫਿਕੇਟ ਅਤੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ, ਜਿਸ ਨੇ ਤੈਰਾਕੀ ਵਿੱਚ ਕੌਮਾਂਤਰੀ ਪੱਧਰ 'ਤੇ ਅੱਠ ਅਤੇ ਕੌਮੀ ਪੱਧਰ ਤੇ 13 ਤਮਗੇ ਜਿੱਤੇ।ਇਸੇ ਤਰ੍ਹਾਂ ਬਠਿੰਡੇ ਤੋਂ ਗੂੰਗਾ ਤੇ ਬੋਲਾ ਬੱਚਾ ਯਸ਼ਵੀਰ ਗੋਇਲ ਨੂੰ ਸਨਮਾਨਿਤ ਕੀਤਾ,ਜਿਸ ਨੇ ਬੈਡਮਿੰਟਨ ਅਤੇ ਚੈੱਸ ਵਿੱਚ ਸੂਬਾਈ ਤੇ ਕੌਮੀ ਪੱਧਰ 'ਤੇ ਵੱਖ-ਵੱਖ ਮੈਡਲ ਹਾਸਲ ਕਰ ਕੇ ਸ਼ਹਿਰ ਅਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਤਰਨ ਤਾਰਨ ਦੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਦਾ ਵੀ ਸਨਮਾਨ ਕੀਤਾ।ਇਸ ਅਫ਼ਸਰ ਦੇ ਨਿੱਘਰ ਯਤਨਾਂ ਅਤੇ ਕੰਮ ਸਦਕਾ ਤਰਨ ਤਾਰਨ ਜ਼ਿਲ੍ਹਾ ਇੰਪ੍ਰੈਸਿਵ ਕਮਿਊਨਿਟੀ ਕੈਟਾਗਰੀ ਵਿੱਚ ਸਭ ਤੋਂ ਬੇਹਤਰੀਨ ਤਿੰਨ ਜ਼ਿਲਿ੍ਹਆਂ 'ਚ ਸ਼ਾਮਲ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਏਮਜ਼ ਦੀ ਸਰਬ ਭਾਰਤੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸੰਗਰੂਰ ਜ਼ਿਲ੍ਹੇ ਦੀ ਲਹਿਰਾਗਾਗਾ ਦੀ ਅਲੀਜ਼ਾ ਬਾਂਸਲ ਨੂੰ ਵੀ ਸਨਮਾਨਿਤ ਕੀਤਾ।ਉਸ ਦੀ ਤਰਫੋਂ ਪਿ੍ੰਸੀਪਲ ਪ੍ਰਵੀਨ ਕੁਮਾਰ ਨੇ ਐਵਾਰਡ ਹਾਸਿਲ ਕੀਤਾ। ਮੁੱਖ ਮੰਤਰੀ ਨੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਅਫ਼ਸਰ ਦਵਿੰਦਰ ਸਿੰਘ ਵੱਲੋਂ ਆਪਣੀ ਡਿਊਟੀ ਸਮਰਪਣ ਭਾਵਨਾ, ਦਿਆਨਤਦਾਰੀ ਅਤੇ ਲਗਨ ਨਾਲ ਨਿਭਾਉਣ ਲਈ ਐਵਾਰਡ ਨਾਲ ਸਨਮਾਨਿਤ ਕੀਤਾ।ਉਦਯੋਗਿਕ ਖੇਤਰ ਵਿੱਚ ਉਦਯੋਗਪਤੀ ਅਨਿਲ ਭਾਰਤੀ ਜੋ ਸਵਾਮੀ ਵਿਵੇਕਾਨੰਦ ਸਵਰਾਜ ਆਸ਼ਰਮ ਟਰੱਸਟ ਲੁਧਿਆਣਾ ਦੇ ਮੁਖੀ ਹਨ, ਨੂੰ ਉਨ੍ਹਾਂ ਦੀਆਂ ਮਿਸਾਲੀ ਸਮਾਜਿਕ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪਾਇਲ ਸਬ-ਡਵੀਜ਼ਨ ਦੀ ਸ਼ਲਮਾ ਸੱਲ ਨੂੰ ਸਫ਼ਲਮਈ ਢੰਗ ਨਾਲ ਗਊਸ਼ਾਲਾ ਚਲਾਉਣ ਅਤੇ ਦੁੱਧ ਨਾ ਦੇਣ ਵਾਲੀਆਂ 33 ਗਾਵਾਂ ਦੀ ਸਾਂਭ-ਸੰਭਾਲ ਕਰਨ ਬਦਲੇ ਸਨਮਾਨਿਤ ਕੀਤਾ ਗਿਆ।ਉਹ ਆਪਣੇ ਅਜਿਹੇ ਉਪਰਾਲੇ ਨਾਲ ਸਮਾਜਿਕ ਏਕਤਾ ਅਤੇ ਫਿਰਕੂ ਸਦਭਾਵਨਾ ਦਾ ਸੰਦੇਸ਼ ਫੈਲਾ ਰਹੇ ਹਨ।ਇਸੇ ਤਰ੍ਹਾਂ ਪਾਵਰ ਹਾਊਸ ਯੁਥ ਕਲੱਬ ਪਟਿਆਲਾ ਦੀ ਮੁਖੀ ਰੁਪਿੰਦਰ ਕੌਰ ਨੂੰ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਅਤੇ ਨਸ਼ਾ, ਭਰੂਣ ਹੱਤਿਆ, ਦਾਜ ਵਰਗੀਆਂ ਅਲਾਮਤਾ ਵਿਰੁੱਧ ਵਿੱਢੀ ਮੁਹਿੰਮ ਲਈ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਨੇ ਨਾਮੀ ਉਦਯੋਗਪਤੀ ਸੰਜੀਵ ਅਰੋੜਾ ਦਾ ਵੀ ਸਨਮਾਨ ਕੀਤਾ ਜਿਨ੍ਹਾਂ ਵੱਲੋਂ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਕਰਨ ਦੇ ਨਾਲ-ਨਾਲ ਸਾਲ 2005 ਤੋਂ ਗਰੀਬ ਪਰਿਵਾਰਾਂ ਨਾਲ ਸਬੰਧਤ 100 ਤੋਂ ਵੱਧ ਕੈਂਸਰ ਮਰੀਜਾਂ ਦਾ ਇਲਾਜ ਮੁਫ਼ਤ ਕਰਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਨਗਰ ਕੌਸਲ ਫਿਰੋਜ਼ਪੁਰ ਦੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਨੂੰ ਵੀ ਸਨਮਾਨਿਤ ਕੀਤਾ ਜਿਸ ਵੱਲੋਂ ਸਵੱਛ ਭਾਰਤ ਮਿਸ਼ਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ 1270 ਘਰਾਂ ਵਿੱਚ ਪਖਾਨਿਆਂ ਦੀ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸੇ ਦੌਰਾਨ ਗੋਬਿੰਦਰ ਸੋਹਲ ਜੋ ਪਟਿਆਲੇ ਤੋਂ ਪੇਸ਼ੇ ਵਜੋਂ ਚਿੱਤਰਕਾਰ ਹਨ, ਨੂੰ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਨਾਲ ਸਬੰਧਤ ਵਿਲੱਖਣ ਚਿੱਤਰ ਬਣਾਉਣ ਬਦਲੇ ਸਨਮਾਨਿਤ ਕੀਤਾ ਗਿਆ। ਇੰਟਰਨੈਸ਼ਨ ਸਬ-ਜੂਨੀਅਰ ਏਸ਼ੀਅਨ ਪਾਵਰ ਲਿਫਟਿੰਗ ਚੈਂਪਿਅਨਸ਼ਿਪ-2018 ਵਿੱਚ ਸੋਨ ਤਮਗਾ ਜਿੱਤਣ ਵਾਲੀ ਬਠਿੰਗ ਦੀ ਜਸਮੀਨ ਕੌਰ ਅਤੇ ਇਸੇ ਸਾਲ ਜੁਲਾਈ ਵਿੱਚ ਇੰਗਲੈਂਡ ਵਿੱਚ ਹੋਏ ਤਲਵਾਰਬਾਜ਼ੀ ਮੁਕਾਬਲੇ ਵਿੱਚ ਚਾਂਦੀ ਤੇ ਸੋਨ ਤਮਗੇ ਜਿੱਤਣ ਵਾਲੀ ਫਤਹਿਗੜ੍ਹ ਸਾਹਿਬ ਵਿੱਚ ਪਿੰਡ ਚੜੀ ਦੀ ਹੁਸਨਪ੍ਰੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸੇ ਤਰ੍ਹਾਂ ਮੁੱਖ ਮੰਤਰੀ ਨੇ ਇੰਗਲੈਂਡ ਵਿੱਚ ਹੋਈ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਮੁਮਤਾਜ਼ ਨੂੰ ਵੀ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਹੁਸ਼ਿਆਰਪੁਰ ਦੇ ਪਿੰਡ ਬੁੱਲੋਵਾਲ ਦੇ ਬਹਾਦਰ ਸਿੰਘ ਦਾ ਵੀ ਸਨਮਾਨ ਕੀਤਾ ਜਿਨ੍ਹਾਂ ਨੇ 44 ਵਾਰ ਖੂਨਦਾਨ ਕੀਤਾ ਅਤੇ ਇਸ ਵੇਲੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਰਗਰਮੀ ਨਾਲ ਜੁਟੇ ਹੋਏ ਹਨ।ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਵਿੱਚ ਮੈਡੀਕਲ ਖੇਤਰ 'ਚ ਬੇਹਤਰੀਨ ਸੇਵਾਵਾਂ ਨਿਭਾਉਣ ਬਦਲੇ ਡਾਕਟਰ ਰਜਨੀਸ਼ ਕਪੂਰ ਅਤੇ ਸਾਈਬਰ ਕਰਾਈਮ ਨਾਲ ਨਜਿੱਠਣ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਨਿਭਾਉਣ ਵਾਲੇ ਡੀ.ਐਸ.ਪੀ. ਗੁਰਜੋਤ ਸਿੰਘ ਕਲੇਰ ਦਾ ਵੀ ਸਨਮਾਨ ਕੀਤਾ। -PTCNews-
latest-news india-latest-news amarinder-singh news-in-punjabi news-in-punjab
Advertisment

Stay updated with the latest news headlines.

Follow us:
Advertisment