ਸੀਬੀਆਈ ਵਿਵਾਦ :ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ.ਬੀ.ਆਈ. ‘ਚ ਚੱਲ ਰਹੇ ਵਿਵਾਦ ‘ਤੇ ਸੁਪਰੀਮ ਕੋਰਟ ਦਾ ਆਇਆ ਫ਼ੈਸਲਾ

CBI controversies Justicia A.K. Patnaik CBI Case investigation Supreme Court

ਸੀਬੀਆਈ ਵਿਵਾਦ :ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ.ਬੀ.ਆਈ. ‘ਚ ਚੱਲ ਰਹੇ ਵਿਵਾਦ ‘ਤੇ ਸੁਪਰੀਮ ਕੋਰਟ ਦਾ ਆਇਆ ਫ਼ੈਸਲਾ:ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ.ਬੀ.ਆਈ. ‘ਚ ਚੱਲ ਰਿਹਾ ਵਿਵਾਦ ਸੁਪਰੀਮ ਕੋਰਟ ਕੋਲ ਪਹੁੰਚ ਗਿਆ ਹੈ ,ਜਿਸ ‘ਤੇ ਅੱਜ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ।ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਭੇਜਦਿਆਂ ਕਿਹਾ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਸੀ.ਬੀ.ਆਈ. ਡਾਇਰੈਕਟਰ ਆਲੋਕ ਵਰਮਾ ਵਿਰੁੱਧ ਦੋ ਹਫ਼ਤਿਆਂ ‘ਚ ਜਾਂਚ ਪੂਰੀ ਕਰੇ।ਇਸ ਤੋਂ ਇਲਾਵਾ ਛੁੱਟੀ ‘ਤੇ ਭੇਜੇ ਗਏ ਆਲੋਕ ਵਰਮਾ ਅਤੇ ਇਕ ਐਨ.ਜੀ.ਓ. ਵੱਲੋਂ ਦਾਖ਼ਲ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਹੈ ਕਿ ਉਹ ਖ਼ੁਦ ਇਸ ਮਾਮਲੇ ਨੂੰ ਵੇਖਣਗੇ।ਉਨ੍ਹਾਂ ਨੇ ਸੀ.ਵੀ.ਸੀ. ਤੋਂ ਆਪਣੀ ਜਾਂਚ ਅਗਲੇ ਦੋ ਹਫ਼ਤੇ ‘ਚ ਪੂਰੀ ਕਰਨ ਲਈ ਕਿਹਾ ਹੈ।ਇਹ ਜਾਂਚ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਏ.ਕੇ. ਪਟਨਾਇਕ ਦੀ ਨਿਗਰਾਨੀ ‘ਚ ਹੋਵੇਗੀ।

ਜਾਣਕਾਰੀ ਲਈ ਦੱਸ ਦੇਈਏ ਕਿ ਅਲੋਕ ਵਰਮਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਨੋਟਿਸ ਭੇਜਿਆ ਹੈ ਜਿਸ ‘ਚ ਇਹ ਕਿਹਾ ਗਿਆ ਹੈ ਕਿ ਅਲੋਕ ਵਰਮਾ ਨੂੰ ਕਿਸ ਕਾਰਨ ਕਰ ਕੇ ਛੁੱਟੀ ‘ਤੇ ਭੇਜਿਆ ਗਿਆ ਹੈ।ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਅੰਤਰਿਮ ਡਾਇਰੈਕਟਰ ਨਾਗੇਸ਼ਵਰ ਰਾਵ ਨੇ 23 ਅਕਤੂਬਰ ਤੋਂ ਹੁਣ ਤਕ ਜੋ ਵੀ ਫ਼ੈਸਲੇ ਲਏ ਹਨ ਉਨ੍ਹਾਂ ਸਾਰਿਆਂ ਨੂੰ ਸੀਲ ਬੰਦ ਲਿਫ਼ਾਫ਼ਿਆਂ ‘ਚ ਸੁਪਰੀਮ ਕੋਰਟ ਨੂੰ ਸੌਂਪਿਆ ਜਾਵੇਗਾ।ਇਸ ਮਾਮਲੇ ‘ਚ ਹੁਣ 12 ਨਵੰਬਰ ਨੂੰ ਅਗਲੀ ਸੁਣਵਾਈ ਹੋਵੇਗੀ।

ਜ਼ਿਕਰਯੋਗ ਹੈ ਕਿ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਵਿਚਾਲੇ ਕੁਝ ਦਿਨਾਂ ਤੋਂ ਇਕ ਦੂਜੇ ਉਤੇ ਦੋਸ਼ ਲਾਉਣ ਦਾ ਦੌਰ ਚੱਲ ਰਿਹਾ ਸੀ।ਰਾਕੇਸ਼ ਅਸਥਾਨਾ ਅਤੇ ਜਾਂਚ ਏਜੰਸੀ ਦੇ ਕੁਝ ਹੋਰ ਅਧਿਕਾਰੀਆਂ ਵਿਰੁੱਧ ਰਿਸ਼ਵਤ ਦੇ ਦੋਸ਼ਾਂ ਵਿਚ ਇਸ ਏਜੰਸੀ ਨੇ ਖੁਦ ਸ਼ਿਕਾਇਤ ਦਰਜ ਕੀਤੀ ਸੀ।ਇਸ ਕੇਸ ਵਿਚ ਬੀਤੀ 22 ਅਕਤੂਬਰ ਨੂੰ ਡੀ.ਐਸ.ਪੀ. ਰੈਂਕ ਦੇ ਦੇਵੇਂਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਰਾਕੇਸ਼ ਅਸਥਾਨਾ ਉਤੇ ਮੀਟ ਦੇ ਇੱਕ ਕਾਰੋਬਾਰੀ ਮੋਇਨ ਕੁਰੈਸ਼ੀ ਦੇ ਕੇਸ ਵਿਚ ਰਿਸ਼ਵਤ ਲੈਣ ਦਾ ਦੋਸ਼ ਲਾਇਆ ਗਿਆ ਹੈ।ਡੀਐਸਪੀ ਦੇਵੇਂਦਰ ਕੁਮਾਰ ਉੱਤੇ ਦੋਸ਼ ਹੈ ਕਿ ਉਸ ਨੇ ਕੁਰੈਸ਼ੀ ਕੇਸ ਦੇ ਗਵਾਹ ਸਤੀਸ਼ ਸਾਨਾ ਦੇ ਬਿਆਨ ਵਿਚ ਪੈਸੇ ਲੈ ਕੇ ਹੇਰ-ਫੇਰ ਕੀਤਾ ਸੀ।ਇਸ ਮਗਰੋਂ 24 ਅਕਤੂਬਰ ਦੀ ਰਾਤ ਆਲੋਕ ਕੁਮਾਰ ਅਤੇ ਰਾਕੇਸ਼ ਅਸਥਾਨਾ ਨੂੰ ਛੁੱਟੀ ‘ਤੇ ਭੇਜ ਦਿੱਤਾ ਗਿਆ ਸੀ।
-PTCNews