Sat, Apr 20, 2024
Whatsapp

ਕੇਂਦਰੀ ਸਿੱਖ ਅਜਾਇਬ ਘਰ ’ਚ ਜਥੇਦਾਰ ਵੇਦਾਂਤੀ ਸਮੇਤ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ

Written by  Jashan A -- August 03rd 2021 04:13 PM
ਕੇਂਦਰੀ ਸਿੱਖ ਅਜਾਇਬ ਘਰ ’ਚ ਜਥੇਦਾਰ ਵੇਦਾਂਤੀ ਸਮੇਤ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ

ਕੇਂਦਰੀ ਸਿੱਖ ਅਜਾਇਬ ਘਰ ’ਚ ਜਥੇਦਾਰ ਵੇਦਾਂਤੀ ਸਮੇਤ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਦਲੀਪ ਸਿੰਘ ਮੱਲੂਨੰਗਲ, ਸੰਤ ਗਿਆਨੀ ਮੋਹਨ ਸਿੰਘ ਭਿੰਡਰ ਕਲਾਂ ਟਕਸਾਲ ਵਾਲੇ ਅਤੇ ਪ੍ਰਸਿੱਧ ਸਿੱਖ ਵਿਦਵਾਨ ਸ. ਸ਼ਮਸ਼ੇਰ ਸਿੰਘ ਅਸ਼ੋਕ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਨਿਭਾਈ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਰਾਜਦੀਪ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਇਤਿਹਾਸ ਦਾ ਸੋਮਾ ਹੈ ਅਤੇ ਕਿਸੇ ਸ਼ਖ਼ਸੀਅਤ ਦੀ ਤਸਵੀਰ ਦਾ ਇਥੇ ਸੁਸ਼ੋਭਿਤ ਹੋਣਾ ਵੱਡਾ ਸਨਮਾਨ ਹੈ। ਉਨ੍ਹਾਂ ਸਿੱਖ ਕੌਮ ਦੀਆਂ ਚਾਰੇ ਪ੍ਰਮੁੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਗਾਉਣ ਦੇ ਫੈਸਲੇ ਲਈ ਬੀਬੀ ਜਗੀਰ ਕੌਰ ਅਤੇ ਅੰਤ੍ਰਿੰਗ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੌਮ, ਦੇਸ਼ ਅਤੇ ਸਮਾਜ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸਿੱਖ ਸ਼ਖ਼ਸੀਅਤਾਂ ਦੇ ਸਨਮਾਨ ਵਜੋਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਤਸਵੀਰ ਸੁਸ਼ੋਭਿਤ ਹੋਣੀ ਮਾਣ ਵਾਲੀ ਗੱਲ ਹੈ। ਉਨ੍ਹਾਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਸੰਤ ਗਿਆਨੀ ਮੋਹਨ ਸਿੰਘ ਭਿੰਡਰ ਕਲਾਂ ਵਾਲੇ, ਜਥੇਦਾਰ ਦਲੀਪ ਸਿੰਘ ਮੱਲੂਨੰਗਲ ਅਤੇ ਸ. ਸ਼ਮਸ਼ੇਰ ਸਿੰਘ ਅਸ਼ੋਕ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖੀ ਦੀ ਚੜ੍ਹਦੀ ਕਲਾ ਲਈ ਇਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜਥੇਦਾਰ ਵੇਦਾਂਤੀ ਨੇ 43 ਸਾਲ ਪੰਥ ਦੀ ਸੇਵਾ ਨਿਭਾਈ ਹੈ ਅਤੇ ਇਸੇ ਤਰ੍ਹਾਂ ਹੀ ਸੰਤ ਗਿਆਨੀ ਮੋਹਨ ਸਿੰਘ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਗੁਰੂ ਲੜ ਲਾਇਆ। ਜਥੇਦਾਰ ਦਲੀਪ ਸਿੰਘ ਮੱਲੂਨੰਗਲ ਅਤੇ ਸ. ਸ਼ਮਸ਼ੇਰ ਸਿੰਘ ਅਸ਼ੋਕ ਦੀਆਂ ਸੇਵਾਵਾਂ ਵੀ ਲਾਸਾਨੀ ਹਨ। ਉਨ੍ਹਾਂ ਸ. ਅਸ਼ੋਕ ਦੇ ਖੋਜ ਕਾਰਜਾਂ ਨੂੰ ਵਰਤਮਾਨ ਖੋਜਾਰਥੀਆਂ ਲਈ ਖ਼ਜ਼ਾਨਾ ਦੱਸਿਆ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੌਮ ਦੇ ਵਿਦਵਾਨਾਂ ਨੂੰ ਸ. ਸ਼ਮਸ਼ੇਰ ਸਿੰਘ ਅਸ਼ੋਕ ਵਰਗੇ ਵਿਦਵਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ। ਹੋਰ ਪੜ੍ਹੋ: ਬੇਅਦਬੀ ਤੇ ਵਿਵਾਦਿਤ ਪੋਸਟਰ ਮਾਮਲੇ ‘ਚ 6 ਡੇਰਾ ਪ੍ਰੇਮੀਆਂ ਦੀ ਹੋਈ ਫਰੀਦਕੋਟ ਅਦਾਲਤ ‘ਚ ਪੇਸ਼ੀ ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੇ ਬੀਬੀ ਜਗੀਰ ਕੌਰ ਨੇ ਚਾਰੇ ਸ਼ਖ਼ਸੀਅਤਾਂ ਨਾਲ ਸਬੰਧਤ ਪੁੱਜੀਆਂ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਮਾਗਮ ਸਮੇਂ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਜਸਵਿੰਦਰ ਸਿੰਘ, ਗਿਆਨੀ ਗੁਰਮਿੰਦਰ ਸਿੰਘ, ਅੰਤ੍ਰਿੰਗ ਮੈਂਬਰ ਸ. ਬਲਦੇਵ ਸਿੰਘ ਚੂੰਘਾਂ, ਸ. ਸਤਵਿੰਦਰ ਸਿੰਘ ਟੌਹੜਾ, ਸ. ਅਜਮੇਰ ਸਿੰਘ ਖੇੜਾ, ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਬੀਬੀ ਕਿਰਨਜੋਤ ਕੌਰ, ਸ. ਅਮਰਜੀਤ ਸਿੰਘ ਬੰਡਾਲਾ, ਭਾਈ ਮਲਕੀਤ ਸਿੰਘ ਹੈੱਡ ਗ੍ਰੰਥੀ, ਭਾਈ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਜਥਾ ਭਿੰਡਰਾਂ ਸੰਗਰਾਵਾਂ, ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਬਾਬਾ ਭਰਪੂਰ ਸਿੰਘ ਭਿੰਡਰਾਂ ਕਲਾਂ, ਜਥੇਦਾਰ ਵੇਦਾਂਤੀ ਦੀ ਪਤਨੀ ਬੀਬੀ ਹਰਭਜਨ ਕੌਰ, ਬੇਟੀ ਬੀਬੀ ਅਮਨਦੀਪ ਕੌਰ, ਸ. ਗੁਰਚਰਨ ਸਿੰਘ, ਸਾਬਕਾ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਪ੍ਰੋ. ਵਰਿਆਮ ਸਿੰਘ, ਸ. ਗੁਰਮੀਤ ਸਿੰਘ ਆਨਰੇਰੀ ਸਕੱਤਰ, ਡਾ. ਸੁਖਬੀਰ ਸਿੰਘ ਓਐਸਡੀ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ ਸਮੇਤ ਭਿੰਡਰਾਂ ਕਲਾਂ ਸੰਪਰਦਾ ਦੇ ਨੁਮਾਇੰਦੇ, ਜਥੇਦਾਰ ਵੇਦਾਂਤੀ, ਸ. ਮੱਲੂਨੰਗਲ ਅਤੇ ਸ. ਅਸ਼ੋਕ ਦੇ ਨਗਰ ਤੋਂ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਪੁੱਜੀਆਂ ਹੋਈਆਂ ਸਨ। -PTC News


Top News view more...

Latest News view more...