Thu, Apr 18, 2024
Whatsapp

4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੀ ਯਾਦ ’ਚ ਹੋਵੇਗਾ ਸਮਾਗਮ : ਬੀਬੀ ਜਗੀਰ ਕੌਰ

Written by  Shanker Badra -- July 01st 2021 09:12 AM
4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੀ ਯਾਦ ’ਚ ਹੋਵੇਗਾ ਸਮਾਗਮ : ਬੀਬੀ ਜਗੀਰ ਕੌਰ

4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੀ ਯਾਦ ’ਚ ਹੋਵੇਗਾ ਸਮਾਗਮ : ਬੀਬੀ ਜਗੀਰ ਕੌਰ

ਅੰਮ੍ਰਿਤਸਰ : ਪੰਜਾਬੀ ਸੂਬਾ ਮੋਰਚਾ ਦੌਰਾਨ 4 ਜੁਲਾਈ 1955 ਨੂੰ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਕਰਵਾਏ ਗਏ ਹਮਲੇ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਾਕੇ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ 2 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾ, ਜਿਸ ਦਾ ਭੋਗ 4 ਜੁਲਾਈ ਨੂੰ ਪਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਥੇ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੂਨ 1984 ਵਿਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਤੋਂ ਪਹਿਲਾਂ ਪੰਜਾਬੀ ਸੂਬਾ ਮੋਰਚਾ ਨੂੰ ਦਬਾਉਣ ਲਈ ਵੀ ਇਸ ਪਾਵਨ ਅਸਥਾਨ ’ਤੇ ਹਮਲਾ ਕੀਤਾ ਗਿਆ ਸੀ। ਇਹ ਹਮਲਾ 3 ਅਤੇ 4 ਜੁਲਾਈ 1955 ਦੀ ਦਰਮਿਆਨੀ ਰਾਤ ਨੂੰ ਕੀਤਾ ਗਿਆ। ਇਸ ਦੌਰਾਨ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਵੱਡੀ ਗਿਣਤੀ ਵਿਚ ਪੁਲਿਸ ਭੇਜੀ ਗਈ, ਜਿਸ ਦੀ ਅਗਵਾਈ ਡੀ.ਆਈ.ਜੀ. ਮਹਾਸ਼ਾ ਅਸ਼ਵਨੀ ਕੁਮਾਰ ਸ਼ਰਮਾ ਨੇ ਕੀਤੀ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਸ ਸਮੇਂ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿਚ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਕਾਂਗਰਸ ਨੇ ਸਦਾ ਹੀ ਧੱਕਾ ਕੀਤਾ ਹੈ, ਜਿਸ ਤਹਿਤ ਅਜ਼ਾਦੀ ਦੇ ਮਹਿਜ਼ 7 ਸਾਲਾਂ ਬਾਅਦ ਹੀ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ 1984 ਵਿਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀ ਕਾਂਗਰਸ ਜਮਾਤ ਦੀ ਸ਼ੁਰੂ ਤੋਂ ਮਨਸ਼ਾ ਸਿੱਖ ਵਿਰੋਧੀ ਰਹੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ 4 ਜੁਲਾਈ 1955 ਨੂੰ ਵੱਡੀ ਗਿਣਤੀ ਵਿਚ ਪੁਲਿਸ ਬਲ ਸ੍ਰੀ ਦਰਬਾਰ ਸਾਹਿਬ ਵਿਖੇ ਭੇਜੇ ਗਏ, ਜਿਨ੍ਹਾਂ ਨੂੰ ਕਿਸੇ ਵੀ ਢੰਗ ਨਾਲ ਪੰਜਾਬੀ ਸੂਬਾ ਮੋਰਚੇ ਨੂੰ ਦਬਾਉਣ ਲਈ ਕਿਹਾ ਗਿਆ ਸੀ। ਪੁਲਿਸ ਬੂਟਾਂ ਸਮੇਤ ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਵਿਚ ਦਾਖ਼ਲ ਹੋਈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜੇ ਸਿੱਖਾਂ ’ਤੇ ਗੋਲੇ ਸੁੱਟੇ ਗਏ। ਲੰਗਰ ਸ੍ਰੀ ਗੁਰੂ ਰਾਮਦਾਸ ਜੀ ’ਤੇ ਹਮਲਾ ਕੀਤਾ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਦੇ ਵਰਾਂਡਿਆਂ ਉੱਪਰ ਚੜ੍ਹ ਕੇ ਗੋਲੀ ਚਲਾਈ ਗਈ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ, ਮੈਨੇਜਰ ਗੁਰਦਿਆਲ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਗਿਆਨੀ ਤੇਜਾ ਸਿੰਘ ਤੇ ਪ੍ਰੋ. ਹਰਭਜਨ ਸਿੰਘ ਅਤੇ ਅਕਾਲੀ ਦਲ ਦੇ ਵੱਡੀ ਗਿਣਤੀ ਆਗੂਆਂ ਸਮੇਤ ਸੰਗਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਾਕੇ ਤੋਂ ਕੌਮ ਦੀ ਨੌਜੁਆਨੀ ਨੂੰ ਜਾਣੂ ਕਰਵਾਉਣ ਲਈ ਸਮਾਗਮ ਆਯੋਜਤ ਕਰਨ ਦਾ ਫੈਸਲਾ ਕੀਤਾ ਗਿਆ। ਇਹ ਸਮਾਗਮ 4 ਜੁਲਾਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨੂੰ, ਕਿਉਂਕਿ ਉਸ ਸਮੇਂ ਖ਼ਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਸੀ, ਇਸ ਲਈ ਸਮਾਗਮ ਲਈ ਇਸ ਅਸਥਾਨ ਨੂੰ ਚੁਣਿਆ ਗਿਆ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਇਸ ਹਮਲੇ ਦੌਰਾਨ ਵਰਤੇ ਗਏ 4 ਗੋਲੇ, ਜੋ ਕੇਂਦਰੀ ਸਿੱਖ ਅਜਾਇਬ ਘਰ ਵਿਚ ਮੌਜੂਦ ਹਨ, ਉਹ ਵੀ ਸੰਗਤ ਨੂੰ ਦਿਖਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਮਨਾਉਣ ਦਾ ਮੰਤਵ ਕੌਮ ਦੀਆਂ ਪੀੜ੍ਹੀਆਂ ਨੂੰ ਆਪਣੇ ’ਤੇ ਹੋਏ ਜ਼ੁਲਮਾਂ ਦੀ ਦਾਸਤਾਨ ਦੇ ਰੂਬਰੂ ਕਰਵਾਉਣਾ ਹੈ। ਉਨ੍ਹਾਂ ਸੰਗਤਾਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। -PTCNews


Top News view more...

Latest News view more...