ਹੋਰ ਖਬਰਾਂ

ਪਿਛਲੀ ਸੀਟ ਬੈਲਟ ਨਾ ਬੰਨ੍ਹਣ 'ਤੇ ਕੱਟੇ ਜਾ ਰਹੇ ਚਲਾਨ

By Jasmeet Singh -- September 14, 2022 4:07 pm

ਨਵੀਂ ਦਿੱਲੀ, 14 ਸਤੰਬਰ: ਦਿੱਲੀ 'ਚ ਕਾਰਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੀ ਪਿਛਲੀ ਸੀਟ ਬੈਲਟ ਬੰਨ੍ਹਣਾ ਲਾਜ਼ਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਕਾਰ 'ਚ ਪਿਛਲੀ ਸੀਟ 'ਤੇ ਸੇਫਟੀ ਬੈਲਟ ਨਾ ਲਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ।

ਦਰਅਸਲ ਦਿੱਲੀ ਟ੍ਰੈਫਿਕ ਪੁਲਿਸ ਬੈਲਟ ਨਾ ਲਾਉਣ 'ਤੇ 1000 ਰੁਪਏ ਦਾ ਚਲਾਨ ਕੱਟ ਰਹੀ ਹੈ। ਵੈਸੇ ਤਾਂ ਦੇਸ਼ ਵਿਚ ਪਿਛਲੀ ਸੀਟ ਬੈਲਟ ਬੰਨ੍ਹਣ ਦਾ ਨਿਯਮ ਹੈ ਪਰ ਹਾਲ ਹੀ ਵਿੱਚ ਇੱਕ ਸੜਕ ਹਾਦਸੇ ਵਿੱਚ ਸਾਇਰਸ ਮਿਸਤਰੀ ਦੀ ਮੌਤ ਮਗਰੋਂ ਇਹ ਮੁੱਦਾ ਕਾਫ਼ੀ ਗਰਮਾ ਗਿਆ ਹੈ।

ਦੱਸ ਦੇਈਏ ਕਿ ਜਿਸ ਸਮੇਂ ਗੱਡੀ ਹਾਦਸਾਗ੍ਰਹਸਤ ਹੋਈ ਉਸ ਵੇਲੇ ਮਿਸਤਰੀ ਨੇ ਪਿਛਲੀ ਸੀਟ ਬੈਲਟ ਨਹੀਂ ਲਾਈ ਹੋਈ ਸੀ। ਇਸ ਘਟਨਾ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੀਟਬੈਲਟ ਦੇ ਨਿਯਮ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹੀ ਅਤੇ ਹੁਣ ਇਸ ਬਿਆਨ ਤੋਂ ਬਾਅਦ ਪਿਛਲੀ ਸੀਟ 'ਤੇ ਵੀ ਸੀਟਬੈਲਟ ਨਾ ਲਗਾਉਣ 'ਤੇ ਚਲਾਨ ਕੱਟਣੇ ਸ਼ੁਰੂ ਹੋ ਚੁੱਕੇ ਹਨ।

ਨਿਤਿਨ ਗਡਕਰੀ ਨੇ ਕਿਹਾ ਕਿ ਕਾਰ ਦੇ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠੇ ਵਿਅਕਤੀ ਨੂੰ ਸੀਟ ਬੈਲਟ ਬੰਨ੍ਹਣੀ ਹੋਵੇਗੀ। ਇਸ ਦੇ ਨਾਲ ਹੀ ਜੇਕਰ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਵਿਅਕਤੀ ਸੀਟ ਬੈਲਟ ਨਹੀਂ ਬੰਨ੍ਹਦੇ ਹਨ ਤਾਂ ਇਸ ਮਾਮਲੇ 'ਚ ਵੀ ਜੁਰਮਾਨਾ ਭਰਨਾ ਪਵੇਗਾ।

ਇਹ ਵੀ ਪੜ੍ਹੋ: ਹਾਈ ਕੋਰਟ ਵੱਲੋਂ ਸਰਕਾਰ ਨੂੰ ਇੱਕ ਹੋਰ ਵੱਡਾ ਝਟਕਾ; ਨਵੀਂ ਮਾਈਨਿੰਗ ਨੀਤੀ 'ਤੇ ਲਾਈ ਰੋਕ

ਅਗਲੇ ਤਿੰਨ ਦਿਨਾਂ ਵਿੱਚ ਕੇਂਦਰ ਸਰਕਾਰ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਇਹ ਹੁਕਮ ਜਾਰੀ ਹੋਣ ਦੀ ਉਮੀਦ ਹੈ। ਇਹ ਨਿਯਮ ਸਾਰੀਆਂ ਕਾਰਾਂ ਲਈ ਲਾਗੂ ਹੋਣਗੇ ਅਤੇ ਇਸ ਨੂੰ ਰਾਜ ਸਰਕਾਰਾਂ ਨੂੰ ਵੀ ਲਾਗੂ ਕਰਨਾ ਹੋਵੇਗਾ।


-PTC News

  • Share