ਅਕਸ਼ੇ ਦੀ ਪੁੱਛਗਿੱਛ ਸਿਟ ਮੈਂਬਰਾਂ ਲਈ ਫੋਟੋ ਸੈਸ਼ਨ ਹੋ ਨਿੱਬੜੀ: ਅਕਾਲੀ ਦਲ

By Jashan A - November 21, 2018 6:11 pm

ਅਕਸ਼ੇ ਦੀ ਪੁੱਛਗਿੱਛ ਸਿਟ ਮੈਂਬਰਾਂ ਲਈ ਫੋਟੋ ਸੈਸ਼ਨ ਹੋ ਨਿੱਬੜੀ: ਅਕਾਲੀ ਦਲ,ਚੰਡੀਗੜ :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਤੋਂ ਕੀਤੀ ਗਈ ਪੁੱਛਗਿੱਛ ਸਿੱਟ ਮੈਂਬਰਾਂ ਲਈ ਇੱਕ ਫੋਟੋ ਸੈਸ਼ਨ ਤੋਂ ਵੱਧ ਕੁੱਝ ਨਹੀਂ ਸੀ, ਕਿਉਂਕਿ ਅਦਾਕਾਰ ਕੋਲ ਆਪਣੇ ਪੁਰਾਣੇ ਬਿਆਨਾਂ ਨੂੰ ਦੁਹਰਾਉਣ ਤੋਂ ਇਲਾਵਾ ਸਿੱਟ ਨੂੰ ਦੇਣ ਲਈ ਕੋਈ ਨਵੀਂ ਜਾਣਕਾਰੀ ਨਹੀਂ ਸੀ।

ਇਹ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਸਰਦਾਰ ਮਹੇਸ਼ਇੰਦਰ ਸਿਘ ਗਰੇਵਾਲ ਨੇ ਕਿਹਾ ਕਿ ਅਕਸ਼ੇ ਕੁਮਾਰ ਨੂੰ ਕੋਈ ਠੋਸ ਸਬੂਤ ਲੈਣ ਵਾਸਤੇ ਨਹੀਂ ਸਗੋਂ ਇਸ ਮਾਮਲੇ ਨੂੰ ਵਧੇਰੇ ਸਨਸਨੀਖੇਜ਼ ਬਣਾਉਣ ਲਈ ਤਲਬ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਕੁੱਝ ਪੁਲਿਸ ਵਾਲੇ ਇਸ ਕੇਸ ਦੀ ਜਾਂਚ ਕਰਨ ਦੀ ਥਾਂ ਬਾਲੀਵੁੱਡ ਅੰਦਰ ਨਵਾਂ ਕਰੀਅਰ ਸ਼ੁਰੂ ਕਰਨ ਦਾ ਮੌਕਾ ਲੱਭ ਰਹੇ ਸਨ। ਇਸ ਲਈ ਉਹਨਾਂ ਨੇ ਅਕਸ਼ੇ ਕੁਮਾਰ ਨੂੰ ਸੱਦ ਕੇ ਪੁੱਛਗਿੱਛ ਕਰਨ ਦੀ ਥਾਂ ਉਲਟਾ ਆਪਣੀ ਇੰਟਰਵਿਊ ਦਿੱਤੀ ਹੈ।

ਉਹਨਾਂ ਕਿਹਾ ਕਿ ਅਕਸ਼ੇ ਕੁਮਾਰ ਦਾ ਇਸ ਕੇਸ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ। ਸੂਬਾ ਸਰਕਾਰ ਨੇ ਕੇਸ ਨੂੰ ਵਧੇਰੇ ਨਾਟਕੀ ਮੋੜ ਦੇਣ ਲਈ ਇੱਕ ਵੱਡੇ ਬਾਲੀਵੁੱਡ ਅਦਾਕਾਰ ਨੂੰ ਇੱਥੇ ਸੱਦਿਆ ਹੈ। ਅਦਾਕਾਰ ਪਹਿਲਾਂ ਕਿੰਨੇ ਵੀ ਆਪਣੇ ਬਿਆਨਾਂ ਰਾਹੀਂ ਅਤੇ ਟਵਿੱਟਰ ਉੱਤੇ ਪਾਈ ਟਿੱਪਣੀ ਦੇ ਜ਼ਰੀਏ ਇਹ ਗੱਲ ਸਪੱਸ਼ਟ ਕਰ ਚੁੱਕਿਆ ਹੈ ਕਿ ਉਸ ਦਾ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ ਹੈ, ਉਸ ਖ਼ਿਲਾਫ ਝੂਠੇ ਦੋਸ਼ ਲਾਏ ਗਏ ਹਨ।

ਅਦਾਕਾਰ ਦੀ ਪੁੱਛਗਿੱਛ ਨੂੰ ਨਾ ਸਿਰਫ ਅਕਸ਼ੇ ਕੁਮਾਰ ਦੇ ਸਮੇਂ ਦੀ ਬਰਬਾਦੀ , ਸਗੋਂ ਪੁਲਿਸ ਅਤੇ ਸੂਬਾ ਸਰਕਾਰ ਦੀ ਵੀ ਅਦਾਕਾਰ ਵਾਸਤੇ ਸੁਰੱਖਿਆ ਬੰਦੋਬਸਤ ਕਰਦਿਆਂ ਹੋਈ ਫਜ਼ੂਲ ਦੀ ਖੱਜਲ-ਖੁਆਰੀ ਕਰਾਰ ਦਿੰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਸਸਤੀ ਸਿਆਸੀ ਸ਼ੁਹਰਤ ਵਾਸਤੇ ਡਰਾਮੇ ਕਰਨ ਦੀ ਥਾਂ ਲੋਕਾਂ ਨੂੰ ਚੰਗਾ ਪ੍ਰਸਾਸ਼ਨ ਦੇਣ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਹਥਕੰਡੇ ਅਪਣਾਏ ਜਾ ਰਹੇ ਹਨ।

ਇਹ ਟਿੱਪਣੀ ਕਰਦਿਆਂ ਕਿ ਸੂਬੇ ਅੰਦਰ ਅਮਨ-ਕਾਨੂੰਨ ਦੀ ਹਾਲਤ ਤੇਜ਼ੀ ਨਾਲ ਖਰਾਬ ਹੋ ਰਹੀ ਹੈ, ਅਕਾਲੀ ਆਗੂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ 1994 ਵਿਚ ਆਈ ਸੁਪਰਹਿੱਟ ਫਿਲਮ 'ਮੋਹਰਾ' ਵਿਚ ਇੱਕ ਈਮਾਨਦਾਰ ਅਤੇ ਮਿਹਨਤੀ ਪੁਲਿਸ ਅਫਸਰ ਦੀ ਭੂਮਿਕਾ ਨਿਭਾਉਣ ਵਾਲੇ ਇਸ ਮਸ਼ਹੂਰ ਅਦਾਕਾਰ ਕੋਲੋਂ ਸਿੱਟ ਟੀਮ ਨੇ ਜਰੂਰ ਕੁੱਝ ਨੁਕਤੇ ਸਿੱਖ ਲਏ ਹਨ। ਉਹਨਾਂ ਕਿਹਾ ਕਿ ਪੁੱਛਗਿੱਛ ਦਾ ਇਹ ਸਾਰਾ ਡਰਾਮਾ ਸਿਆਸੀ ਫਾਇਦਾ ਲੈਣ ਲਈ ਕੀਤਾ ਗਿਆ ਹੈ।

—PTC News

adv-img
adv-img